
ਸਿੱਖ ਨੌਜਵਾਨਾਂ ’ਤੇ ਤਸ਼ੱਦਦ ਮਾਮਲੇ ਵਿੱਚ ਕਿਰਨਬੀਰ ਕੰਗ ਨੇ ਪੁਲੀਸ ’ਤੇ ਨਿਸ਼ਾਨਾ ਸਾਧਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 30 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਸਾਬਕਾ ਕੌਮੀ ਪ੍ਰਧਾਨ ਕਿਰਨਬੀਰ ਸਿੰਘ ਕੰਗ ਨੇ ਪੁਲੀਸ ਵੱਲੋਂ ਸਿੱਖ ਨੌਜਵਾਨਾਂ ’ਤੇ ਜਬਰ ਜੁਲਮ ਢਾਹੁਣ ਦੇ ਮਾਮਲੇ ਵਿੱਚ ਆਪਣੀ ਟਿੱਪਣੀ ਕਰਦਿਆਂ ਇਸ ਨੂੰ ਲੋਕਤੰਤਰ ਦੇ ਖ਼ਿਲਾਫ਼ ਦੱਸਿਆ ਹੈ। ਉਨ੍ਹਾਂ ਪੁਲੀਸ ਦੀ ਵਰਦੀ ਵਿੱਚ ਗੈਂਗਸਟਰਾਂ ਵੱਲੋਂ ਸਿੱਖ ਨੌਜਵਾਨਾਂ ’ਤੇ ਜਾਨਵਰਾਂ ਤੋਂ ਵੀ ਭੈੜਾ ਸਲੂਕ ਅਤੇ ਬੇਤਹਾਸ਼ਾ ਤਸ਼ੱਦਦ ਢਾਹੁਣ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਕਿਹਾ ਕਿ ਪੁਲੀਸ ਦੇ ਜੁਲਮ ਦਾ ਸ਼ਿਕਾਰ ਹੋਏ ਨੌਜਵਾਨਾਂ ਦਾ ਕਸੂਰ ਸਿਰਫ਼ ਏਨਾ ਕੁ ਹੀ ਸੀ ਕਿ ਉਹ ਸ਼ਾਂਤਮਈ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਵੱਲੋਂ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਕੀਤੇ ਜਾ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਨ ਗਏ ਸੀ।
ਸ੍ਰੀ ਕੰਗ ਨੇ ਕਿਹਾ ਕਿ ਪੁਲੀਸ ਤੁਰੰਤ ਸਿੱਖ ਨੌਜਵਾਨਾਂ ਨੂੰ ਬੁਰੀ ਨਜ਼ਰ ਨਾਲ ਤੱਕਣਾ ਅਤੇ ਤਸੱਦਦ ਢਾਹੁਣਾ ਬੰਦ ਕਰੇ ਵਰਨਾ ਇਸ ਦਾ ਨਤੀਜਾ ਭਿਆਨਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਹੁਕਮਰਾਨਾਂ ਦੇ ਪਿੱਠੂ ਬਣ ਕੇ ਪੁਲੀਸ ਜੋ ਨੌਜਵਾਨਾਂ ਦੇ ਜੁਲਮ ਢਾਹ ਰਹੀ ਹੈ। ਇਹ ਕਾਰਵਾਈ ਤੁਰੰਤ ਬੰਦ ਹੋਣੀ ਚਾਹੀਦੀ ਹੈ ਨਹੀਂ ਤਾਂ ਉਨ੍ਹਾਂ (ਪੁਲੀਸ) ਦੀਆਂ ਲੱਤਾਂ ਨੌਜਵਾਨਾਂ ਦੇ ਵਿਰੋਧ ਦਾ ਭਾਰ ਨਹੀਂ ਝੱਲ ਸਕਣਗੀਆਂ।