ਕਿਸਾਨੀ ਅੰਦੋਲਨ ਨੂੰ ਸਮਰਪਿਤ ਪੰਜ ਰੋਜ਼ਾ ਡਾ. ਐਮ.ਐਸ ਰੰਧਾਵਾ ਕਲਾ ਉਤਸਵ ਸ਼ੁਰੂ

ਉੱਘੇ ਸ਼ਾਇਰਾਂ ਅਤੇ ਵਿਦਵਾਨਾਂ ਵਲੋਂ ਕੇਂਦਰ ਸਰਕਾਰ ਨੂੰ ਤੁਰੰਤ ਕਿਸਾਨਾਂ ਦੀਆਂ ਮਗਾਂ ਮੰਨਣ ਦੀ ਅਪੀਲ

ਪੰਜਾਬ ਕਲਾ ਭਵਨ ਵਿਖੇ ਉਤਸਵ ਦਾ ਉਦਘਾਟਨ ਉਘੇ ਸ਼ਾਇਰ ਡਾ. ਸੁਰਜੀਤ ਪਾਤਰ ਨੇ ਕੀਤਾ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ੍ਹ, 2 ਫਰਵਰੀ:
ਪੰਜਾਬ ਕਲਾ ਪ੍ਰੀਸ਼ਦ ਵਿਖੇ ਅੱਜ ਪੰਜ ਰੋਜ਼ਾ ਡਾ ਐਮ ਐਸ ਰੰਧਾਵਾ ਕਲਾ ਉਤਸਵ ਦੀ ਸ਼ੁਰੂਅਤ ਹੋ ਗਈ ਹੈ।ਇਸ ਸਾਲ ਇਹ ਉਤਸਵ ਕਿਸਾਨੀ ਅੰਦੋਲਨ ਨੂੰ ਸਮਰਪਿਤ ਹੈ, ਜਿਸ ਦਾ ਉਦਘਾਟਨ ਉਘੇ ਸ਼ਾਇਰ ਅਤੇ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਨੇ ਕੀਤਾ।ਇਸ ਮੌਕੇ ਪਹੁੰਚੇ ਸਾਰੇ ਬੁਲਾਰਿਆਂ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ।ਇਸ ਦੇ ਨਾਲ ਹੀ ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਕਿਸਾਨ ਅੰਦੋਲਨ ਨੂੰ ਕੁਚਲਣ ਦੀ ਨੀਤੀ ਦੀ ਬਜਾਏ ਕਿਸਾਨਾਂ ਨਾਲ ਸੁਹਿਰਦਤਾ ਨਾਲ ਗੱਲਬਾਤ ਕਰਕੇ ਜਲਦ ਤੋਂ ਜਲਦ ਇਸ ਕਿਸਾਨਾਂ ਦੀਆਂ ਮੰਗਾਂ ਦਾ ਹੱਲ ਕਰਨਾ ਚਾਹੀਦਾ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਉਨਾਂ ਆਖਿਆ ਕਿ ਡਾ. ਰੰਧਾਵਾ ਕਿਸਾਨਾਂ ਦੇ ਮਸੀਹਾ ਸਨ ਜੋ ਹਮੇਸ਼ਾ ਸਾਡੇ ਮਨਾਂ ਵਿਚ ਵਸਦੇ ਰਹਿਣਗੇ।ਉਨ੍ਹਾਂ ਨਾਲ ਹੀ ਕਿਹਾ ਕਿ ਉਹ ਹਮੇਸ਼ਾ ਹੀ ਕਿਸਾਨ ਪੱਖੀ ਪ੍ਰਸ਼ਾਸਕ ਰਹੇ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉੱਪ ਕੁਲਪਤੀ ਹੁੰਦਿਆਂ ਉਨ੍ਹਾਂ ਨੇ ਖੇਤੀਬਾੜੀ ਨੂੰ ਨਵੀਆਂ ਲੀਹਾਂ `ਤੇ ਲਿਜਾਣ ਲਈ ਕਈ ਕ੍ਰਾਂਤੀਕਾਰੀ ਕਦਮ ਉਠਾਏ।ਇਸ ਤੋਂ ਇਲਾਵਾ ਉਨ੍ਹਾਂ ਵਲੋਂ ਕੀਤੇ ਸਭਿਆਚਾਰਕ, ਸਾਹਿਤਕ ਤੇ ਸਮਾਜਿਕ ਕਾਰਜਾਂ ਨੂੰ ਵੀ ਸਦਾ ਚੇਤੇ ਕੀਤਾ ਜਾਂਦਾ ਰਹੇਗਾ।ਡਾ. ਪਾਤਰ ਨੇ ਇਸ ਮੌਕੇ ਕਿਸਾਨੀ ਅੰਦੋਲਨ ਨਾਲ ਸਬੰਧਿਤ ਆਪਣੀਆਂ ਚੋਣਵੀਆਂ ਕਵਿਤਾਵਾਂ ਵੀ ਸੁਣਾਈਆਂ।
ਡਾ. ਪਾਤਰ ਨੇ ਇਸ ਮੌਕੇ ਇਹ ਵੀ ਆਖਿਆ ਕਿ ਡਾ. ਐਮ ਐਸ. ਰੰਧਾਵਾ ਆਪਣੇ ਆਪ ਵਿਚ ਇਕ ਮਹਾਨ ਸੰਸਥਾ ਦਾ ਰੂਪ ਸਨ। ਇਸ ਮੌਕੇ ਡਾ. ਰੰਧਾਵਾ ਦੇ ਪੁੱਤਰ ਜਤਿੰਦਰ ਰੰਧਾਵਾ ਤੇ ਪੋਤਰੇ ਸਤਿੰਦਰ ਰੰਧਾਵਾ ਦਾ ਸਨਮਾਨ ਕਰਦਿਆਂ ਰੰਧਾਵਾ ਪਰਿਵਾਰ ਨੂੰ ਵਧਾਈ ਵੀ ਦਿਤੀ॥
ਉਤਸਵ ਦੇ ਉਦਘਾਟਨੀ ਸਮਾਗਮ ਦੌਰਾਨ ਬੁਲਾਰਿਆਂ ਨੇ ਡਾ. ਰੰਧਾਵਾ ਦੀ ਸ਼ਖਸੀਅਤ ਦੇ ਵੱਖ ਵੱਖ ਪਹਿਲੂਆਂ ਬਾਰੇ ਚਾਨਣਾ ਪਾਇਆ। ਮਹਿਮਾਨ ਲੇਖਕ ਗੁਲਜ਼ਾਰ ਸਿੰਘ ਸੰਧੂ ਨੇ ਰੰਧਾਵਾ ਨਾਲ ਆਪਣੀ ਨੇੜਤਾ ਬਾਰੇ ਚਾਨਣਾ ਪਾਉਂਦਿਆਂ ਦਿਲਚਸਪ ਤੱਥ ਪੇਸ਼ ਕੀਤੇ। ਡਾ. ਬਲਦੇਵ ਸਿੰਘ ਧਾਲੀਵਾਲ ਨੇ ਡਾ ਰੰਧਾਵਾ ਦੀ ਪੰਜਾਬੀ ਸਭਿਆਚਾਰ ਨੂੰ ਦੇਣ ਬਾਰੇ ਜਾਣਕਾਰੀ ਦਿਤੀ ਤੇ ਦਿਲਸ਼ੇਰ ਸਿੰਘ ਚੰਦੇਲ ਨੇ ਸਰੋਤਿਆਂ ਨੂੰ ਰੰਧਾਵਾ ਦੇ ਜੀਵਨ ਬਾਰੇ ਵੇਰਵੇ ਸਹਿਤ ਜਾਣ-ਪਛਾਣ ਕਰਵਾਈ। ਡਾ. ਪਿਆਰਾ ਲਾਲ ਗਰਗ ਨੇ ਪੰਜਾਬੀ ਭਾਸ਼ਾ ਤੇ ਸਭਿਆਚਾਰ ਦੀ ਮੌਜੂਦਾ ਸਥਿਤੀ ਬਾਰੇ ਵਿਸ਼ੇਸ਼ ਭਾਸ਼ਣ ਦਿਤਾ। ਗਾਇਕ ਗੁਰਿੰਦਰ ਗੈਰੀ ਤੇ ਰਾਵੀ ਬੱਲ ਨੇ ਆਪੋ ਆਪਣੀ ਗਾਇਕੀ ਦਾ ਰੰਗ ਬਿਖੇਰਿਆ।
ਮੰਚ ਸੰਚਾਲਨ ਕਰਦਿਆਂ ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਅਧਿਕਾਰੀ ਨਿੰਦਰ ਘੁਗਿਆਣਵੀ ਨੇ ਰੰਧਾਵਾ ਦੀ ਕਲਾਵਾਂ ਤੇ ਕਲਾਕਾਰਾਂ ਨੂੰ ਦਿਤੀ ਵਡਮੁਲੀ ਦੇਣ ਬਾਰੇ ਜਾਣਕਾਰੀ ਦਿੱਤੀ। ਨਾਟਕਕਾਰ ਕੇਵਲ ਧਾਲੀਵਾਲ ਨੇ ਮੇਲੇ ਦੀ ਮਹੱਤਤਾ ਬਾਰੇ ਆਪਣੇ ਪ੍ਰਭਾਵ ਦਿਤੇ।
ਧੰਨਵਾਦ ਕਰਨ ਦੀ ਰਸਮ ਉਘੇ ਕਵੀ ਲਖਵਿੰਦਰ ਜੌਹਲ ਨੇ ਨਿਭਾਈ। ਅੰਤ ਉਤੇ ਲੇਖਕਾਂ ਤੇ ਕਲਾਕਾਰਾਂ ਦਾ ਸਨਮਾਨ ਕੀਤਾ ਗਿਆ। ਇਸ ਉਤਸਵ ਦੇ ਉਦਘਾਟਨੀ ਸਮਾਗਮ ਵਿਚ ਲਾਭ ਸਿੰਘ ਖੀਵਾ, ਡਾ. ਸ਼ਿੰਦਰਪਾਲ ਸਿੰਘ, ਨਿਰਮਲ ਜੌੜਾ, ਦੀਪਕ ਸ਼ਰਮਾ, ਸੰਜੀਵਨ ਸਿੰਘ, ਬਲਕਾਰ ਸਿੰਘ ਸਿਧੂ, ਚਰਨਜੀਤ ਭੁੱਲਰ, ਕੈਪਟਨ ਨਰਿੰਦਰ ਸਿੰਘ (ਰਿਟਾ ਆਈ. ਏ. ਐਸ), ਡਾ. ਯੋਗਰਾਜ ਐਂਗਰਸ਼, ਡਾ. ਸਰਬਜੀਤ ਸਿੰਘ ਸਮੇਤ ਕਈ ਹਸਤੀਆਂ ਵੀ ਸ਼ਾਮਿਲ ਹੋਈਆਂ।

Load More Related Articles
Load More By Nabaz-e-Punjab
Load More In Cultural

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …