
ਕਿਸਾਨ ਅੰਦੋਲਨ: ਪਿੰਡਾਂ ਦੇ ਲੋਕਾਂ ਦਾ ਵੱਡਾ ਜਥਾ ਕਿਸਾਨ ਸੰਘਰਸ਼ ਲਈ ਦਿੱਲੀ ਰਵਾਨਾ
ਪਿੰਡ ਬੈਰੋਪੁਰ ਦੇ ਲੋਕਾਂ ਵੱਲੋਂ ਆਪਣੇ ਬਲਬੂਤੇ ’ਤੇ ਖ਼ਰਚ ਕਰਨ ਦਾ ਮਤਾ ਪਾਸ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 1 ਫਰਵਰੀ:
ਕਿਸਾਨ ਵਿਰੋਧੀ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ਼ ਲੋਕ ਰੋਹ ਲਗਾਤਾਰ ਭਖਦਾ ਜਾ ਰਿਹਾ ਹੈ ਅਤੇ ਥਾਂ-ਥਾਂ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਹਾਲਾਂਕਿ ਗਣਤੰਤਰ ਦਿਵਸ ’ਤੇ ਵਾਪਰੀ ਹਿੰਸਕ ਘਟਨਾ ਤੋਂ ਬਾਅਦ ਕਿਸਾਨਾਂ ਦਾ ਜੋਸ਼ ਠੰਢਾ ਪੈਣਾ ਸ਼ੁਰੂ ਹੋ ਗਿਆ ਸੀ ਪ੍ਰੰਤੂ ਰਾਕੇਸ਼ ਟਿਕੈਤ ਦੇ ਅੱਥਰੂਆਂ ਨੇ ਕਿਸਾਨੀ ਸੰਘਰਸ਼ ਵਿੱਚ ਨਵੀਂ ਰੂਹ ਫੂਕ ਦਿੱਤੀ ਹੈ ਅਤੇ ਦਿੱਲੀ ਨੂੰ ਘੇਰਨ ਲਈ ਨਵੇਂ ਸਿਰਿਓਂ ਲਾਮਬੰਦੀ ਸ਼ੁਰੂ ਹੋ ਗਈ ਹੈ।
ਅੱਜ ਇੱਥੋਂ ਦੇ ਨੇੜਲੇ ਪਿੰਡ ਬੈਰੋੋਪੁਰ ਦੇ ਮੋਹਤਬਰ ਵਿਅਕਤੀਆਂ ਨੇ ਫੈਸਲਾ ਕੀਤਾ ਕਿ ਅੱਜ ਤੋਂ ਪਿੰਡ ਵਾਸੀਆਂ ਦਾ ਜਥਾ ਦਿੱਲੀ ਬਾਰਡਰ ’ਤੇ ਕਿਸਾਨਾਂ ਦੇ ਧਰਨੇ ਵਿੱਚ ਸ਼ਮੂਲੀਅਤ ਕਰਨ ਜਾਵੇਗਾ। ਇਹ ਫੈਸਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਗਰਾਮ ਪੰਚਾਇਤ ਵੱਲੋਂ ਸਾਂਝਾ ਮਤਾ ਪਾਸ ਕਰਕੇ ਲਿਆ ਗਿਆ। ਪਿੰਡ ਵਾਸੀਆਂ ਦੇ ਫੈਸਲੇ ਮੁਤਾਬਕ ਹਰ ਘਰ ’ਚੋਂ ਦੋ ਹਜ਼ਾਰ ਰੁਪਏ ਇਕੱਤਰ ਕੀਤੇ ਜਾਣਗੇ ਅਤੇ ਦਿੱਲੀ ਸੰਘਰਸ਼ ਵਿੱਚ ਆਪਣੀ ਗੱਡੀ ਲੈ ਕੇ ਜਾਣ ਵਾਲੇ ਅਤੇ ਟਰੈਕਟਰ-ਟਰਾਲੀ ਵਾਲਿਆਂ ਨੂੰ ਖ਼ਰਚ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕਿਸਾਨੀ ਸੰਘਰਸ਼ ਦੌਰਾਨ ਕਿਸੇ ਪਿੰਡ ਵਾਸੀ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਭਰਪਾਈ ਸਮੁੱਚੇ ਪਿੰਡ ਵੱਲੋਂ ਸਾਂਝੇ ਤੌਰ ’ਤੇ ਕੀਤੀ ਜਾਵੇਗੀ। ਇਸ ਸਬੰਧੀ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਗਿਆ ਹੈ। ਇਕਬਾਲ ਸਿੰਘ, ਗੁਰਮੀਤ ਸਿੰਘ ਸਮੇਤ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਖਰਚੇ ਦਾ ਹਿਸਾਬ ਰੱਖੇਗੀ।
ਜਥੇਦਾਰ ਬਲਬੀਰ ਸਿੰਘ ਬੈਰੋਪੁਰ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੇ ਪਹਿਲੇ ਦਿਨ ਤੋਂ ਪਿੰਡ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਦਿੱਲੀ ਸੰਘਰਸ਼ ਵਿੱਚ ਸ਼ਮੂਲੀਅਤ ਕਰ ਰਹੇ ਹਨ ਅਤੇ ਹੁਣ ਸਖ਼ਤੀ ਨਾਲ ਡਿਊਟੀਆਂ ਲਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਧਰਨੇ ’ਤੇ ਬੈਠੇ ਕਿਸਾਨਾਂ ਅਤੇ ਆਮ ਲੋਕਾਂ ਦੀ ਸਹੂਲਤ ਲਈ ਪਿੰਡ ਤੋਂ ਗਜ਼ਰੇਲਾ, ਲੰਗਰ ਅਤੇ ਰਸਦਾ ਨਿਰੰਤਰ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਅਪੀਲ ਕੀਤੀ ਕਿ ਇਹ ਸਿਰਫ਼ ਕਿਸਾਨਾਂ ਦਾ ਸੰਘਰਸ਼ ਨਹੀਂ ਹੈ ਬਲਕਿ ਸਾਰੇ ਵਰਗਾਂ ਦੇ ਲੋਕਾਂ ਦਾ ਸਾਂਝਾ ਸੰਘਰਸ਼ ਹੈ। ਇਸ ਮੌਕੇ ਸਰਪੰਚ ਸੁਦੇਸ਼ ਕੁਮਾਰ, ਗੁਰਮੀਤ ਸਿੰਘ, ਪਰਮਦੀਪ ਕੌਰ, ਪਰਮਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਦੇ ਮੋਹਤਵਰ ਵਿਅਕਤੀ ਹਾਜ਼ਰ ਸਨ।