Share on Facebook Share on Twitter Share on Google+ Share on Pinterest Share on Linkedin ਕਿਸਾਨ ਅੰਦੋਲਨ: ਚੰਡੀਗੜ੍ਹ, ਜਗਤਪੁਰਾ ਤੋਂ ਬਾਵਾ ਵਾਈਟ ਹਾਊਸ ਤੱਕ ਸੜਕ ਪੂਰੀ ਤਰ੍ਹਾਂ ਬੰਦ ਮੁਹਾਲੀ ਤੇ ਯੂਟੀ ਪੁਲੀਸ ਵੱਲੋਂ ਬੈਰੀਕੇਟ ਲਗਾ ਕੇ ਨੇੜਲੇ ਲਾਂਘੇ ਵੀ ਕੀਤੇ ਸੀਲ ਨਬਜ਼-ਏ-ਪੰਜਾਬ, ਮੁਹਾਲੀ, 26 ਨਵੰਬਰ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੰਨਦਾਤਾ ਦੀਆਂ ਵੱਖ-ਵੱਖ ਮੰਗਾਂ ਅਤੇ ਸਮੱਸਿਆਵਾਂ ਨੂੰ ਲੈ ਕੇ ਅੱਜ 32 ਕਿਸਾਨ ਜਥੇਬੰਦੀਆਂ ਵੱਲੋਂ ਜਗਤਪੁਰਾ ਟੀ-ਪੁਆਇੰਟ (ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ) ਉੱਤੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਤਿੰਨ ਦਿਨ ਚੱਲਣ ਵਾਲੇ ਇਸ ਰੋਸ ਮੁਜ਼ਾਹਰੇ ਦੇ ਮੱਦੇਨਜ਼ਰ ਨੇੜਲੇ ਪਿੰਡ ਜਗਤਪੁਰਾ ਅਤੇ ਸੈਕਟਰ-48 ਤੇ ਸੈਕਟਰ-49 ਨੂੰ ਵੰਡਦੀ ਮੁੱਖ ਸੜਕ ’ਤੇ ਬਾਵਾ ਵਾਈਟ ਹਾਊਸ ਫੇਜ਼-11 ਤੱਕ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਹੈ। ਇਹ ਸੜਕ ਮੁਹਾਲੀ ਤੋਂ ਟ੍ਰਿਬਿਊਨ ਚੌਕ ਨੂੰ ਜਾਂਦੀ ਹੈ। ਇਸ ਤੋਂ ਇਲਾਵਾ ਮੁਹਾਲੀ ਤੇ ਯੂਟੀ ਪੁਲੀਸ ਵੱਲੋਂ ਨੇੜਲੇ ਲਾਂਘੇ ਵੀ ਬੈਰੀਕੇਟ ਲਗਾ ਕੇ ਸੀਲ ਕਰ ਦਿੱਤੇ ਹਨ। ਇਹ ਸਿਲਸਿਲਾ 28 ਨਵੰਬਰ ਸ਼ਾਮ ਤੱਕ ਜਾਰੀ ਰਹੇਗਾ। ਪੁਲੀਸ ਨੂੰ ਇਸ ਗੱਲ ਦਾ ਖ਼ਦਸ਼ਾ ਹੈ ਕਿ ਕਿਸਾਨ ਪੁਲੀਸ ਨੂੰ ਝਕਾਨੀ ਦੇ ਕੇ ਕਿਧਰੇ ਦੂਜੇ ਰਸਤੇ ਰਾਹੀਂ ਚੰਡੀਗੜ੍ਹ ਵਿੱਚ ਦਾਖ਼ਲ ਨਾ ਹੋ ਜਾਣ। ਉਧਰ, ਮੁਹਾਲੀ ਪੁਲੀਸ ਵੱਲੋਂ ਰਾਹਗੀਰਾਂ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ ਅਤੇ ਲੋਕਾਂ ਦੀ ਜਾਣਕਾਰੀ\ਸਹੂਲਤ ਲਈ ਪਹਿਲਾਂ ਹੀ ‘ਟਰੈਫ਼ਿਕ ਡਾਇਵਰਸ਼ਨ ਤੇ ਐਡਵਾਈਜ਼ਰੀ’ ਜਾਰੀ ਕੀਤੀ ਜਾ ਚੁੱਕੀ ਹੈ। ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾਂ, ਜਨਰਲ ਸਕੱਤਰ ਜਸਪਾਲ ਸਿੰਘ ਨਿਆਮੀਆਂ ਅਤੇ ਪ੍ਰੈਸ ਸਕੱਤਰ ਰਣਬੀਰ ਸਿੰਘ ਗਰੇਵਾਲ ਨੇ ਦੱਸਿਆ ਕਿ ਜਥੇਬੰਦੀ ਦੇ ਮੈਂਬਰ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ ਇਤਿਹਾਸਕ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਨੇੜਿਓਂ ਵੱਡੇ ਕਾਫ਼ਲੇ ਰਾਹੀਂ ਧਰਨਾ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ ਜਦੋਂਕਿ ਕਿਸਾਨ ਯੂਨੀਅਨ (ਰਾਜੇਵਾਲ) ਦੇ ਕਾਰਕੁਨ ਪਹਿਲਾਂ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਨੇੜੇ ਇਕੱਠੇ ਹੋਏ। ਜਿੱਥੋਂ ਉਹ ਕਿਸਾਨੀ ਝੰਡੇ ਹੱਥਾਂ ਵਿੱਚ ਫੜ ਕੇ ਧਰਨੇ ਵਿੱਚ ਪਹੁੰਚੇ। ਪਰਮਦੀਪ ਸਿੰਘ ਬੈਦਵਾਨ ਅਤੇ ਕਿਰਪਾਲ ਸਿੰਘ ਸਿਆਊ ਨੇ ਦੱਸਿਆ ਕਿ ਕਿਸਾਨ ਹਫ਼ਤੇ ਦਾ ਲੰਗਰ ਪਾਣੀ ਲੈ ਕੇ ਘਰੋਂ ਆਏ ਹਨ। ਕਿਸਾਨ ਜਥੇਬੰਦੀਆਂ ਵੱਲੋਂ ਵੱਖੋਵੱਖਰੇ ਕੈਂਪ ਲਗਾ ਕੇ ਖਾਣਾ ਤਿਆਰ ਕੀਤਾ ਗਿਆ। ਉਧਰ, ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੇ ਪ੍ਰੈਸ ਸਕੱਤਰ ਅੰਗਰੇਜ਼ ਸਿੰਘ ਨੇ ਦੱਸਿਆ ਕਿ ਜਥੇਬੰਦੀ ਦੇ ਮੈਂਬਰ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਜਨਰਲ ਸਕੱਤਰ ਹਰਨੇਕ ਸਿੰਘ ਮਹਿਮਾ ਦੀ ਅਗਵਾਈ ਹੇਠ ਪਹਿਲਾਂ ਲਾਂਡਰਾਂ ਪਹੁੰਚੇ। ਇੱਥੋਂ ਉਹ ਮੁਹਾਲੀ ਦੇ ਸੈਕਟਰ-79 ਤੇ ਸੈਕਟਰ-80 ਨੂੰ ਵੰਡਦੀ ਸੜਕ ’ਤੇ ਪਹੁੰਚੇ। ਇੱਥੇ ਕੁੱਝ ਸਮਾਂ ਰੁਕ ਕੇ ਪਿੱਛੇ ਰਹਿ ਗਏ ਸਾਥੀਆਂ ਨੂੰ ਨਾਲ ਰਲਾਇਆ ਅਤੇ ਜ਼ਿਲ੍ਹਾ ਮੁਹਾਲੀ ਇਕਾਈ ਦਾ ਚਾਹ ਪਾਣੀ ਛੱਕ ਕੇ ਇਸ ਮਗਰੋਂ ਉਹ ਆਈਸਰ ਚੌਕ ਰਾਹੀਂ ਚੰਡੀਗੜ੍ਹ ਵੱਲ ਵਧੇ। ਕਿਸਾਨਾਂ ਨੇ ਕਿਹਾ ਕਿ ਦਿੱਲੀ ਮੋਰਚਾ ਫਤਿਹ ਕਰਨ ਸਮੇਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨਾਲ ਕੀਤੇ ਵਾਅਦੇ ਹੁਣ ਤੱਕ ਪੂਰੇ ਨਹੀਂ ਕੀਤੇ ਗਏ। ਇਸ ਲਈ ਬਾਕੀ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਣ ਅਤੇ ਸਰਕਾਰਾਂ ’ਤੇ ਦਬਾਅ ਬਣਾਉਣ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨਾਂ ਵੱਲੋਂ ਜ਼ਬਰਦਸਤ ਤਰੀਕੇ ਨਾਲ ਚੰਡੀਗੜ੍ਹ ਦੀ ਘੇਰਾਬੰਦੀ ਕੀਤੀ ਗਈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ