
ਸਿੱਖ ਸਟੂਡੈਂਟਸ ਫੈਡਰੇਸ਼ਨ ਦੀ 77ਵੀਂ ਵਰ੍ਹੇਗੰਢ ਮੌਕੇ ਕਿਸਾਨ ਸੰਘਰਸ਼ ਦੀ ਸਫਲਤਾ ਲਈ ਅਰਦਾਸ ਸਮਾਗਮ ਕੀਤਾ ਜਾਵੇਗਾ: ਪੀਰ ਮੁਹੰਮਦ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਸਤੰਬਰ:
ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ 77ਵੀਂ ਵਰੇ੍ਹਗੰਢ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਸਾਨੀ ਸੰਘਰਸ਼ ਦੀ ਕਾਮਯਾਬੀ ਲਈ ਅਰਦਾਸ ਸਮਾਗਮ ਕੀਤਾ ਜਾਵੇਗਾ ਅਤੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ। ਇਹ ਐਲਾਨ ਅੱਜ ਇੱਥੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਰਪ੍ਰਸਤ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਪ੍ਰਧਾਨ ਭਾਈ ਜਗਰੂਪ ਸਿੰਘ ਚੀਮਾ ਨੇ ਫੈਡਰੇਸ਼ਨ ਦੇ ਅਹੁਦੇਦਾਰਾਂ ਅਤੇ ਸਰਗਰਮ ਮੈਂਬਰਾਂ ਨਾਲ ਮੀਟਿੰਗ ਤੋਂ ਬਾਅਦ ਕੀਤਾ ਗਿਆ।
ਆਗੂਆਂ ਨੇ ਕਿਹਾ ਕਿ ਸਿੱਖ ਸਟੂਡੈਂਟਸ ਫੈਡਰੇਸ਼ਨ ਕਿਸਾਨ ਭਾਈਚਾਰੇ ਨਾਲ ਚਟਾਨ ਵਾਂਗ ਖੜੀ ਹੈ ਅਤੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਾਅਦ ਸੰਘਰਸ਼ ਜਿੱਤਣ ਤੱਕ ਸਮਰਥਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸ਼ਾਨਾਮੱਤੇ ਇਤਿਹਾਸ ਦੌਰਾਨ ਫੈਡਰੇਸ਼ਨ ਦੇ ਪਲੇਟਫਾਰਮ ਤੋਂ ਅਨੇਕਾਂ ਨੌਜਵਾਨਾਂ ਨੇ ਕੇਂਦਰੀ ਹਕੂਮਤ ਦੇ ਜੁਲਮ ਵਿਰੁੱਧ ਸ਼ਹਾਦਤਾਂ ਦਿੱਤੀਆਂ ਅਤੇ ਜੇਲ੍ਹਾਂ ਕੱਟੀਆਂ ਹਨ। ਇਸ ਸਮੇਂ ਦੌਰਾਨ ਅਮਰ ਸ਼ਹੀਦ ਭਾਈ ਅਮਰੀਕ ਸਿੰਘ ਦੇ ਨਜ਼ਦੀਕੀ ਸਾਥੀ ਭਾਈ ਹਰਮਿੰਦਰ ਸਿੰਘ ਸੰਧੂ ਸਮੇਤ ਹੋਰ ਫੈਡਰੇਸ਼ਨ ਆਗੂ ਸਿੱਖ ਸੰਘਰਸ਼ ਵਿੱਚ ਵਿਚਾਰਧਾਰਕ ਵਖਰੇਵਿਆਂ ਕਰਕੇ ਕਤਲ ਕਰ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਫੈਡਰੇਸ਼ਨ ਮਹਿਸੂਸ ਕਰਦੀ ਹੈ ਕਿ ਸਾਡੇ ਸਾਥੀ ਭਾਈ ਹਰਮਿੰਦਰ ਸਿੰਘ ਸੰਧੂ ਸ਼ਹੀਦ ਹੋਏ ਹਨ ਅਤੇ ਉਨ੍ਹਾਂ ਵਾਂਗ ਹੀ ਭਾਈ ਸੁਖਵੰਤ ਸਿੰਘ ਅੱਕਾਂਵਾਲੀ, ਭਾਈ ਭੁਪਿੰਦਰ ਸਿੰਘ ਲੌਂਗੀਆ, ਭਾਈ ਚਮਕੌਰ ਸਿੰਘ ਰੋਡੇ, ਭਾਈ ਗੁਰਿੰਦਰ ਸਿੰਘ ਭੋਲਾ, ਭਾਈ ਸਰਬਜੀਤ ਸਿੰਘ ਰੋਪੜ, ਭਾਈ ਬਲਦੇਵ ਸਿੰਘ ਹੋਠੀਆ, ਭਾਈ ਜਗਵਿੰਦਰ ਸਿੰਘ ਕਿਲਾ ਰਾਏਪੁਰ, ਭਾਈ ਸੁਖਰਾਜ ਸਿੰਘ ਰਟੌਲ, ਭਾਈ ਜਰਨੈਲ ਸਿੰਘ ਵਾਈਆ, ਭਾਈ ਹਰਦਿਆਲ ਸਿੰਘ ਹਰੀਕੇ, ਭਾਈ ਜਰਨੈਲ ਸਿੰਘ ਬੋਤੀਆਵਾਲਾਂ ਦੀਆਂ ਤਸਵੀਰਾਂ ਅਜਾਇਬ ਘਰ ਵਿੱਚ ਲਗਾਈਆ ਜਾਣ। ਉਨ੍ਹਾਂ ਕਿਹਾ ਕਿ ਬੀਤੇ ਦਿਨੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਬਹੁਤ ਹੀ ਪੁਰਾਣੇ ਤੇ ਸੀਨੀਅਰ ਆਗੂ ਭਾਈ ਤੇਜਿੰਦਰਪਾਲ ਸਿੰਘ ਟਿੰਮਾ ਗੰਗਾਨਗਰ ਅਤੇ ਬਾਬਾ ਭਗਵਾਨ ਸਿੰਘ ਦੀ ਇੰਟਰਵਿਊ ਨੇ ਸੱਚਾਈ ਬਿਆਨ ਕਰਦਿਆ ਭਾਈ ਹਰਮਿੰਦਰ ਸਿੰਘ ਸੰਧੂ ਨੂੰ ਪੂਰਨ ਤੌਰ ਤੇ ਸ਼ਹੀਦ ਵਜੋਂ ਅਸਲ ਸੱਚ ਨੂੰ ਉਭਾਰਿਆ ਹੈ ਜਿਸ ਤੱੋ ਬਾਅਦ ਹੀ ਫੈਡਰੇਸ਼ਨ ਨੇ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮੇਂ ਦੌਰਾਨ ਗਲਤਫ਼ਹਿਮੀਆਂ ਦਾ ਸ਼ਿਕਾਰ ਹੋ ਕੇ ਆਪਣਿਆਂ ਨੂੰ ਆਪਣਿਆਂ ਨੇ ਹੀ ਮੌਤ ਦੇ ਘਾਟ ਉਤਾਰ ਕੇ ਭਰਾਮਾਰੂ ਜੰਗ ਕੀਤੀ ਜਿਸ ਨੇ ਬਹੁਤ ਜਿਆਦਾ ਨੁਕਸਾਨ ਤੇ ਨਫਰਤ ਪੈਦਾ ਕੀਤੀ।
ਆਗੂਆਂ ਨੇ ਕਿਹਾ ਕਿ ਫੈਡਰੇਸ਼ਨ ਵੱਲੋਂ 13 ਸਤੰਬਰ ਨੂੰ ਫੈਡਰੇਸ਼ਨ ਦੇ ਸ਼ਹੀਦ ਆਗੂਆਂ ਦੇ ਪਰਿਵਾਰਕ ਮੈਂਬਰਾਂ ਅਤੇ ਨੇੜਲੇ ਸਾਥੀਆਂ ਨਾਲ ਮਿਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਰਾਹੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਐਗਜ਼ੈਕਟਿਵ ਮੈਂਬਰਾਂ ਕੋਲ ਇਹ ਮੰਗ ਰੱਖੀ ਜਾਵੇਗੀ ਕਿ
ਸ਼ਹੀਦ ਫੈਡਰੇਸ਼ਨ ਆਗੂਆਂ ਦੀਆਂ ਤਸਵੀਰਾਂ ਵੀ ਸਿੱਖ ਅਜਾਇਬਘਰ ਵਿੱਚ ਲਗਾਈਆਂ ਜਾਣ। ਉਨ੍ਹਾਂ ਇਹ ਵੀ ਕਿਹਾ ਕਿ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਪੰਥਕ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਪੰਜਾਬ ਵਿੱਚ ਧਰਮ ਪਰਿਵਰਤਨ ਵਰਗੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਸ਼ਹਿਰਾਂ ਅਤੇ ਪਿੰਡਾਂ ਦੀਆਂ ਸੱਥਾ ਵਿੱਚ ਜਾਗਰੂਕਤਾ ਲਹਿਰ ਪੈਦਾ ਕਰੇਗੀ।