ਕਿਸਾਨ ਯੂਨੀਅਨ ਵੱਲੋਂ ਪਹਿਲਵਾਨਾਂ ਦੇ ਸੰਘਰਸ਼ ਦੀ ਹਮਾਇਤ, ਬ੍ਰਿਜ ਭੂਸ਼ਣ ਦਾ ਪੁਤਲਾ ਸਾੜਿਆ

ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਆਗੂ ਬ੍ਰਿਜ ਭੂਸ਼ਣਨੂੰ ਗ੍ਰਿਫ਼ਤਾਰ ਕਰਨ ਦੀ ਮੰਗ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 5 ਮਈ:
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਜੰਤਰ-ਮੰਤਰ ’ਤੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਨੂੰ ਲੈ ਕੇ ਚੱਲ ਰਹੇ ਲੜੀਵਾਰ ਸੰਘਰਸ਼ ਦੀ ਹਮਾਇਤ ਦਾ ਐਲਾਨ ਕਰਦਿਆਂ ਅੱਜ ਯੂਨੀਅਨ ਦੇ ਜ਼ਿਲ੍ਹਾ ਮੁਹਾਲੀ ਦੇ ਕਨਵੀਨਰ ਪ੍ਰਦੀਪ ਮਿੱਤਲ ਅਤੇ ਸੂਬਾ ਪ੍ਰੈੱਸ ਸਕੱਤਰ ਅੰਗਰੇਜ਼ ਸਿੰਘ ਦੀ ਅਗਵਾਈ ਹੇਠ ਪਿੰਡ ਸਨੇਟਾ ਬੱਸ ਅੱਡੇ ’ਤੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਤੇ ਭਾਜਪਾ ਆਗੂ ਬ੍ਰਿਜ ਭੂਸ਼ਣ ਦਾ ਪੁਤਲਾ ਸਾੜਿਆ। ਇਸ ਮੌਕੇ ਪਾਵਰਕੌਮ ਦੇ ਸੇਵਾਮੁਕਤ ਸੁਪਰਡੈਂਟ ਇੰਜੀਨੀਅਰ ਯਸ਼ ਪਾਲ, ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਬੈਦਵਾਨ, ਮਨਦੀਪ ਸਿੰਘ ਮਾਨ੍ਹੀ, ਗੁਰਵਿੰਦਰ ਸਿੰਘ ਅਤੇ ਹੋਰ ਕਬੱਡੀ ਖਿਡਾਰੀ ਸ਼ਾਮਲ ਹੋਏ। ਇਲਾਕੇ ਦੇ ਕਿਸਾਨਾਂ ਅਤੇ ਖਿਡਾਰੀਆਂ ਨੇ ਕੇਂਦਰ ਸਰਕਾਰ ਨੂੰ ਕੋਸਦਿਆਂ ਕਿਹਾ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੇਟੀ ਪੜ੍ਹਾਓ ਬੇਟੀ ਬਚਾਓ ਦਾ ਨਾਅਰਾ ਲਗਾ ਰਹੇ ਹਨ, ਦੂਜੇ ਪਾਸੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਨੂੰ ਕਾਨੂੰਨੀ ਕਾਰਵਾਈ ਤੋਂ ਬਚਾਉਣ ਲਈ ਹਰ ਹੀਲਾ ਵਰਤਿਆ ਜਾ ਰਿਹਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਜਦੋਂ ਪਹਿਲਵਾਨ ਕੁੜੀਆਂ ਦੇਸ਼ ਲਈ ਤਗਮੇ ਜਿੱਤ ਕੇ ਲਿਆਉਂਦੀਆਂ ਹਨ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਘਰ ਬੁਲਾ ਕੇ ਭਾਜਪਾ ਸਰਕਾਰ ਦੀ ਮਾਰਕੀਟਿੰਗ ਕਰਦੇ ਨਹੀਂ ਥੱਕਦੇ ਹਨ। ਹੁਣ ਜਦੋਂ ਕੁੜੀਆਂ ਜਿਨਸੀ ਸ਼ੋਸ਼ਣ ਦੇ ਖ਼ਿਲਾਫ਼ ਇਨਸਾਫ਼ ਮੰਗ ਰਹੀਆਂ ਹਨ ਤਾਂ ਹੁਣ ਦੇਸ਼ ਦੇ ਹੁਕਮਰਾਨਾਂ ਨੇ ਆਪਣੀਆਂ ਅੱਖਾਂ ਮੀਚ ਲਈਆਂ ਹਨ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀਆਂ ਦੀ ਬਿਜਲੀ ਕੱਟਣਾ ਅਤੇ ਖੋਹਣ ਨਾਲ ਭਾਜਪਾ ਦਾ ਧੀਆਂ ਪ੍ਰਤੀ ਦੋਗਲਾ ਚਿਹਰਾ ਨੰਗਾ ਹੋ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਪੂਰੇ ਪੰਜਾਬ ਵਿੱਚ ਮਹਿਲਾ ਪਹਿਲਵਾਨਾਂ ਦੇ ਹੱਲ ਵਿੱਚ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ ਅਤੇ ਜਲਦੀ ਹੀ ਅੌਰਤਾਂ ਦਾ ਇੱਕ ਵੱਡਾ ਜਥਾ ਜੰਤਰ-ਮੰਤਰ ’ਤੇ ਜਾਵੇਗਾ।

Load More Related Articles

Check Also

ਈਟੀਟੀ ਭਰਤੀ: ਬੇਰੁਜ਼ਗਾਰ ਅਧਿਆਪਕਾਂ ਵੱਲੋਂ ਡੀਪੀਆਈ ਦਫ਼ਤਰ ਦਾ ਘਿਰਾਓ

ਈਟੀਟੀ ਭਰਤੀ: ਬੇਰੁਜ਼ਗਾਰ ਅਧਿਆਪਕਾਂ ਵੱਲੋਂ ਡੀਪੀਆਈ ਦਫ਼ਤਰ ਦਾ ਘਿਰਾਓ 2500 ’ਚੋਂ ਸਿਰਫ਼ 800 ਅਧਿਆਪਕ ਹੀ ਕਰ ਸ…