
ਸਿੱਟ ਵੱਲੋਂ ਕੋਟਕਪੂਰਾ ਮਾਮਲੇ ਦੀ ਜਾਂਚ ਵਿੱਚ ਹੋਰ ਸਬੂਤ ਜੁਟਾਉਣ ਲਈ ਈਮੇਲ ਤੇ ਵਟਸਐਪ ਨੰਬਰ ਜਾਰੀ
ਸਿੱਟ ਦੇ ਅਧਿਕਾਰੀਆਂ ਦੀ ਵਿਜੀਲੈਂਸ ਭਵਨ ਮੁਹਾਲੀ ਵਿੱਚ ਹੋਈ ਪਠੇਲੀ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਮਈ:
ਪਿੰਡ ਬਰਗਾੜੀ ਸਮੇਤ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਨੂੰ ਜਿੱਥੇ ਪੰਜਾਬ ਵਿੱਚ ਸਿਆਸਤ ਭਖ ਗਈ ਹੈ ਅਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣਿਆਂ ਸਮੇਤ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਖ਼ਿਲਾਫ਼ਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਕੋਟਕਪੂਰਾ ਗੋਲੀ ਕਾਂਡ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪਿਛਲੇ ਦਿਨੀਂ ਜਾਰੀ ਹੁਕਮਾਂ ’ਤੇ ਪੰਜਾਬ ਸਰਕਾਰ ਵੱਲੋਂ ਗਠਿਤ ਨਵੀਂ ਵਿਸ਼ੇਸ਼ ਜਾਂਚ ਟੀਮ (ਸਿੱਟ) ਨੇ ਤੇਜ਼ ਪ੍ਰਕਿਰਿਆ ਤੇਜ਼ ਕਰ ਦਿੱਤੀ ਹੈ।
ਸਿੱਟ ਦੇ ਪ੍ਰਮੁੱਖ ਅਧਿਕਾਰੀਆਂ ਨੇ ਸੋਮਵਾਰ ਨੂੰ ਵਿਜੀਲੈਂਸ ਭਵਨ ਮੁਹਾਲੀ ਵਿਖੇ ਪਲੇਠੀ ਮੀਟਿੰਗ ਕੀਤੀ। ਜਿਸ ਵਿੱਚ ਕੋਟਕਪੂਰਾ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਪੜਤਾਲ ਕਰਨ ਦੇ ਵੱਖੋ-ਵੱਖਰੇ ਢੰਗਾਂ ਤਰੀਕਿਆਂ ਬਾਰੇ ਸਿਰ ਜੋੜ ਕੇ ਵਿਚਾਰ ਚਰਚਾ ਕੀਤੀ ਗਈ। ਇਸ ਤੋਂ ਪਹਿਲਾਂ ਸਿੱਟ ਇਸ ਸਬੰਧੀ ਪੰਜਾਬ ਪੁਲੀਸ ਅਤੇ ਕਾਨੂੰਨੀ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨਾਲ ਵੱਖ-ਵੱਖ ਮੀਟਿੰਗਾਂ ਵੀ ਕਰ ਚੁੱਕੀ ਹੈ।
ਮੀਟਿੰਗ ਤੋਂ ਬਾਅਦ ਪੰਜਾਬ ਪੁਲੀਸ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਢੁਕਵੇਂ ਸਬੂਤ ਅਤੇ ਜਾਣਕਾਰੀ ਜੋ ਪਹਿਲਾਂ ਪੇਸ਼ ਨਾ ਕੀਤੇ ਜਾ ਸਕੇ ਹੋਣ, ਇਕੱਤਰ ਕਰਨ ਅਤੇ ਹੋਰ ਕੋਈ ਵੀ ਸੁਝਾਅ ਪ੍ਰਾਪਤ ਕਰਨ ਦੇ ਉਦੇਸ਼ ਨਾਲ ਸਿੱਟ ਨੇ ਇੱਕ ਈਮੇਲ newsit2021kotkapuracase0gmail.com ਅਤੇ ਇੱਕ ਵਟਸਐਪ ਨੰਬਰ 98759-83237 (ਬਿਨਾਂ ਕਾਲਿੰਗ ਸਹੂਲਤ) ਜਾਰੀ ਕੀਤਾ ਗਿਆ ਹੈ ਤਾਂ ਜੋ ਇਸ ਸਬੰਧੀ ਜਾਣਕਾਰੀ ਦੇਣ ਦਾ ਕੋਈ ਵੀ ਇੱਛੁਕ ਵਿਅਕਤੀ ਸਿੱਟ ਨੂੰ ਕੋਈ ਵਿਸ਼ੇਸ਼ ਵੇਰਵੇ ਜਾਂ ਦਸਤਾਵੇਜ਼ ਪੇਸ਼ ਕਰ ਸਕੇ ਅਤੇ ਮਾਮਲੇ ਦੀ ਪ੍ਰਭਾਵਸ਼ਾਲੀ ਢੰਗ ਨਾਲ ਨਿਰਪੱਖ ਜਾਂਚ ਕੀਤੀ ਜਾ ਸਕੇ। ਸਿੱਟ ਨੇ ਭਰੋਸਾ ਦਿੱਤਾ ਹੈ ਕਿ ਹਾਈ ਕੋਰਟ ਦੇ ਆਦੇਸ਼ਾਂ ਅਨੁਸਾਰ ਥਾਣਾ ਕੋਟਕਪੂਰਾ ਵਿਖੇ ਦਰਜ ਐਫ਼ਆਈਆਰ (ਨੰਬਰ 192 ਮਿਤੀ 14-10-2015 ਅਤੇ ਨੰਬਰ 129 ਮਿਤੀ 07-08-2018) ਸਬੰਧੀ ਜਾਂਚ ਜਿੰਨੀ ਛੇਤੀ ਸੰਭਵ ਹੋ ਸਕੇ, ਕੀਤੀ ਜਾਵੇਗੀ ਤਾਂ ਜੋ ਇਸ ਨੂੰ ਢੁਕਵੇਂ ਸਮੇਂ ਅੰਦਰ ਤਰਕਪੂਰਨ ਸਿੱਟੇ ’ਤੇ ਲਿਜਾਇਆ ਜਾ ਸਕੇ।