ਕੋਟਕਪੂਰਾ ਗੋਲੀ ਕਾਂਡ: ਹਾਈ ਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਵੇਗੀ ਪੰਜਾਬ ਸਰਕਾਰ: ਕੈਪਟਨ ਅਮਰਿੰਦਰ ਸਿੰਘ

ਜਾਂਚ ਨੂੰ ਕਾਨੂੰਨੀ ਸਿੱਟੇ ਉਤੇ ਲਿਜਾਇਆ ਜਾਵੇਗਾ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਹੋਵੇਗੀ-ਮੁੱਖ ਮੰਤਰੀ

ਸੰਵੇਦਨਸ਼ੀਲ ਮੁੱਦੇ ਉਤੇ ਘਟੀਆ ਸਿਆਸਤ ਖੇਡਣ ਲਈ ਸੁਖਬੀਰ ਦੀ ਸਖਤ ਆਲੋਚਨਾ, ਜਾਂਚ ਨੂੰ ਲਮਕਾਉਣ ਲਈ ਅਕਾਲੀਆਂ ਦੀ ਭਾਜਪਾ ਨਾਲ ਗੰਢਤੁੱਪ

ਨਬਜ਼-ਏ-ਪੰਜਾਬ ਬਿਊਰੋ, ਚੰਡੀਗੜ, 10 ਅਪ੍ਰੈਲ:
ਕੋਟਕਪੂਰਾ ਗੋਲੀ ਕਾਂਡ ਕੇਸ ਵਿਚ ਜਾਂਚ ਨੂੰ ਪੂਰੀ ਤਰਾਂ ਨਿਰਪੱਖ ਦੱਸਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਉਨਾਂ ਦੀ ਸਰਕਾਰ ਪੰਜਾਬ ਪੁਲੀਸ ਦੀ ਐਸਆਈਟੀ ਦੀ ਜਾਂਚ ਨੂੰ ਰੱਦ ਕਰਨ ਜਾਂ ਇਸ ਦੇ ਮੁਖੀ ਨੂੰ ਹਟਾਉਣ ਦੇ ਕਿਸੇ ਵੀ ਹੁਕਮ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਵੇਗੀ।
ਇਸ ਸਬੰਧ ਵਿਚ ਮੀਡੀਆ ਰਿਪਰੋਟਾਂ ਉਤੇ ਪ੍ਰਤੀਕਰਮ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਸੂਬਾ ਸਰਕਾਰ ਦੀ ਲੀਗਲ ਟੀਮ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਕਾਪੀ ਮਿਲਣ ਉਤੇ ਤੁਰੰਤ ਇਸ ਕੇਸ ਦੀ ਘੋਖ ਕਰਨ ਦੇ ਹੁਕਮ ਦਿੱਤੇ ਹਨ। ਉਨਾਂ ਨੇ ਟੀਮ ਨੂੰ ਇਹ ਵੀ ਆਦੇਸ਼ ਦਿੱਤੇ ਹਨ ਕਿ ਜੇਕਰ ਐਸ.ਆਈ.ਟੀ. ਨੂੰ ਰੱਦ ਕਰਨ ਜਾਂ ਇਸ ਦੇ ਮੁਖੀ ਨੂੰ ਹਟਾਉਣ ਦੇ ਹੁਕਮ ਦਿੱਤੇ ਗਏ ਤਾਂ ਇਸ ਨੂੰ ਸਰਵ-ਉਚ ਅਦਾਲਤ ਵਿਚ ਚੁਣੌਤੀ ਦੇਣ ਲਈ ਕੇਸ ਤਿਆਰ ਕੀਤਾ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਦਿੱਲੀ ਤੋਂ ਸੀਨੀਅਰ ਵਕੀਲ ਸਿਧਾਰਥ ਲੂਥਰਾ ਦੀ ਅਗਵਾਈ ਵਾਲੀ ਸੂਬੇ ਦੀ ਕਾਨੂੰਨੀ ਮਾਹਿਰਾਂ ਦੀ ਟੀਮ ਵਿਚ ਪੂਰਨ ਭਰੋਸਾ ਹੈ ਜੋ ਇਸ ਕੇਸ ਵਿਚ ਹਾਈ ਕੋਰਟ ਵਿਚ ਪੇਸ਼ ਹੋਈ ਸੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਕੇਸ ਨੂੰ ਕਾਨੂੰਨੀ ਸਿੱਟੇ ਉਤੇ ਲਿਜਾਇਆ ਜਾਵੇਗਾ ਅਤੇ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਸਿਆਸੀ ਤੌਰ ਉਤੇ ਕਿੰਨਾ ਵੀ ਤਾਕਤਵਾਰ ਜਾਂ ਅਸਰ-ਰਸੂਖ ਵਾਲਾ ਹੋਵੇ। ਉਨਾਂ ਨੇ ਲੰਮੇ ਸਮੇਂ ਤੋਂ ਇਨਸਾਫ ਦੀ ਉਡੀਕ ਵਿਚ ਗੋਲੀ ਕਾਂਡ ਦੇ ਪੀੜਤ ਪਰਿਵਾਰਾਂ ਨੂੰ ਨਿਆਂ ਦਿਵਾਉਣ ਸਮੇਤ ਉਨਾਂ ਦੀ ਸਰਕਾਰ ਦੇ ਹਰੇਕ ਵਾਅਦੇ ਨੂੰ ਪੂਰਾ ਕਰਨ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ।
ਐਸ.ਆਈ.ਟੀ. ਦੇ ਮੁਖੀ ਕੰਵਰ ਵਿਜੇ ਪ੍ਰਤਾਪ ਸਿੰਘ ਅਤੇ ਉਨਾਂ ਦੀ ਨਿਗਰਾਨੀ ਹੇਠ ਵਿਚ ਹੁਣ ਤੱਕ ਕੀਤੀ ਗਈ ਜਾਂਚ ਵਿਚ ਪੂਰਾ ਵਿਸ਼ਵਾਸ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਹ ਬਹੁਤ ਹੀ ਯੋਗ ਅਤੇ ਤਜਰਬੇਕਾਰ ਅਧਿਕਾਰੀ ਹਨ ਜੋ ਵਿਸ਼ੇਸ਼ ਜਾਂਚ ਟੀਮ ਦੇ ਗਠਨ ਵੇਲੇ ਤੋਂ ਲੈ ਕੇ ਕੇਸ ਉਪਰ ਸ਼ਿੱਦਤ ਨਾਲ ਕੰਮ ਕਰ ਰਹੇ ਹਨ। ਉਨਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਰ ਸਿੰਘ ਦੀ ਅਗਵਾਈ ਹੇਠ ਐਸ.ਆਈ.ਟੀ. ਵੱਲੋਂ ਪੂਰੀ ਤਰਾਂ ਨਿਰਪੱਖ ਅਤੇ ਪੱਖਪਾਤ ਰਹਿਤ ਜਾਂਚ ਕੀਤੀ ਜਾ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਉਨਾਂ ਦੀ ਸਰਕਾਰ ਨੂੰ ਇਸ ਪੜਾਅ ਉਤੇ ਅਧਿਕਾਰੀ ਬਦਲਣਾ ਜਾਂ ਨਵੇਂ ਸਿਰਿਓ ਐਸ.ਆਈ.ਟੀ. ਦਾ ਗਠਨ ਕਰਨਾ ਮਨਜੂਰ ਨਹੀਂ ਹੈ। ਉਨਾਂ ਅੱਗੇ ਕਿਹਾ ਕਿ ਜਾਂਚ ਬਹੁਕ ਅੱਗੇ ਵਧ ਚੁੱਕੀ ਹੈ ਅਤੇ ਬਰਗਾੜੀ ਦੀ ਬੇਅਦਬੀ ਘਟਨਾ ਤੋਂ ਬਾਅਦ ਵਾਪਰੀ ਸਾਲ 2015 ਦੀ ਘਟਨਾ ਦੇ ਕੇਸ ਵਿਚ ਸਬੰਧਤ ਵਿਅਕਤੀਆਂ ਖਿਲਾਫ ਚਾਰ ਚਲਾਨ ਪਹਿਲਾਂ ਹੀ ਦਾਇਰ ਕੀਤੇ ਜਾ ਚੁੱਕੇ ਹਨ ਅਤੇ ਅੰਤਿਮ ਰਿਪੋਰਟਾਂ ਵੀ ਸੈਸ਼ਨ ਅਦਾਲਤ ਵਿਚ ਸੁਣਵਾਈ ਲਈ ਦਾਇਰ ਕੀਤੀਆਂ ਗਈਆਂ ਹਨ।
ਮੁੱਖ ਮੰਤਰੀ ਨੇ ਅਜਿਹੇ ਗੰਭੀਰ ਅਤੇ ਸੰਵੇਦਨਸ਼ੀਲ ਮੁੱਦੇ ‘ਤੇ ਘਟੀਆ ਰਾਜਨੀਤੀ ਦੀ ਖੇਡ ਜਾਰੀ ਰੱਖਣ ਲਈ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਵੀ ਨਿੰਦਾ ਕੀਤੀ। ਉਨਾਂ ਬਾਦਲਾਂ ਖ਼ਿਲਾਫ਼ ਸਿਆਸੀ ਬਦਲਾਖੋਰੀ ਦੇ ਦੋਸ਼ਾਂ ਨੂੰ ਪੂਰੀ ਤਰਾਂ ਅਣਉਚਿਤ ਅਤੇ ਬੇਬੁਨਿਆਦ ਕਹਿ ਕੇ ਰੱਦ ਕਰਦਿਆਂ ਕਿਹਾ ਕਿ ਜੇਕਰ ਉਨਾਂ ਨੇ ਆਪਣੇ ਰਾਜਨੀਤਿਕ ਵਿਰੋਧੀਆਂ ਨੂੰ ਅਜਿਹੇ ਘਟੀਆ ਹੱਥਕੰਡੇ ਵਰਤ ਕੇ ਤੰਗ ਕਰਨਾ ਹੁੰਦਾ ਤਾਂ ਸੱਤਾ ਸੰਭਾਲਣ ਤੋਂ ਬਾਅਦ ਉਨਾਂ ਨੇ ਤੁਰੰਤ ਅਜਿਹਾ ਕਰ ਦਿੱਤਾ ਹੁੰਦਾ ਅਤੇ ਹਾਲੇ ਤੱਕ ਉਨਾਂ ਨੂੰ ਬਖ਼ਸ਼ਿਆ ਨਾ ਹੁੰਦਾ। ਉਨਾਂ ਕਿਹਾ ਕਿ ਜੇਕਰ ਮੈਂ ਅਤੇ ਮੇਰੀ ਪਾਰਟੀ ਨਿਰਪੱਖ ਢੰਗ ਨਾਲ ਮੁਕੱਦਮਾ ਚਲਾਉਣ ਵਿੱਚ ਯਕੀਨ ਰੱਖਦੇ ਹਾਂ ਤਾਂ ਹੀ ਪੰਜਾਬ ਵਿਚ ਹਰ ਵਿਰੋਧੀ ਪਾਰਟੀ ਅਤੇ ਨੇਤਾ ਬਿਨਾਂ ਕਿਸੇ ਡਰ ਤੋਂ ਮੇਰੀ ਸਰਕਾਰ ਦੀ ਅਲੋਚਨਾ ਕਰ ਰਹੇ ਹਨ।
ਸੁਖਬੀਰ ਵੱਲੋਂ ਰਾਜਨੀਤਿਕ ਜਾਂਚ ਵਿਚ ਚਾਰ ਸਾਲ ਬਰਬਾਦ ਕਰਨ ਦੇ ਲਾਏ ਦੋਸ਼ਾਂ ’ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਸੀ, ਜਿਸਦਾ ਕਿ ਅਕਾਲੀ ਹਿੱਸਾ ਰਹੇ ਹਨ, ਜੋ ਸ਼ੋ੍ਰਮਣੀ ਅਕਾਲੀ ਦਲ ਦੇ ਇਸ਼ਾਰੇ ਦੇ ਸੀ.ਬੀ.ਆਈ. ਜ਼ਰੀਏ ਮਾਮਲੇ ਦੀ ਜਾਂਚ ਵਿੱਚ ਅੜਿੱਕੇ ਡਾਹ ਰਹੀ ਸੀ। ਉਨਾਂ ਕਿਹਾ ਕਿ ਅਕਾਲੀ ਇਸ ਮਾਮਲੇ ’ਤੇ ਲੋਕਾਂ ਦੀਆਂ ਭਾਵਨਾਵਾਂ ’ਤੇ ਨਾਲ ਖੇਡ ਰਹੇ ਹਨ ਜਿਵੇਂ ਕਿ ਉਹ ਕਿਸਾਨ ਅੰਦੋਲਨ ਸਮੇਤ ਪੰਜਾਬ ਦੇ ਹਿੱਤਾਂ ਦੇ ਹਰ ਵੱਡੇ ਮੁੱਦੇ ’ਤੇ ਕਰਦੇ ਆ ਰਹੇ ਹਨ।
ਕੈਪਟਨ ਅਮਰਿੰਦਰ ਨੇ ਕਿਹਾ, “ਅਸੀਂ ਨੈਤਿਕ ਤੌਰ ’ਤੇ ਇਹ ਯਕੀਨੀ ਬਣਾਉਣ ਲਈ ਪਾਬੰਦ ਹਾਂ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ ਅਤੇ ਇੰਨੇ ਸਾਲਾਂ ਦੌਰਾਨ ਇਨਸਾਫ਼ ਦੀ ਉਡੀਕ ਕਰ ਰਹੇ ਮਾਸੂਮ ਪਰਿਵਾਰਾਂ ਨੂੰ ਇਸ ਕੇਸ ਵਿੱਚ ਅੰਤਿਮ ਫੈਸਲਾ ਮਿਲੇ।ਉਨਾਂ ਕਿਹਾ ਕਿ ਇਸ ਪੂਰੀ ਕਾਰਵਾਈ ਵਿੱਚ ਕਿਸੇ ਨੂੰ ਦਖ਼ਲ ਦੇਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

Load More Related Articles
Load More By Nabaz-e-Punjab
Load More In Awareness/Campaigns

Check Also

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ

ਖਜ਼ਾਨਾ ਮੰਤਰੀ ਨਾਲ ਮੀਟਿੰਗ ਮੁਲਤਵੀ ਹੋਣ ਕਾਰਨ ਵੈਟਰਨਰੀ ਅਫ਼ਸਰਾਂ ਨੇ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਜੇ…