Share on Facebook Share on Twitter Share on Google+ Share on Pinterest Share on Linkedin ਕ੍ਰਿਸ਼ਨ ਕੁਮਾਰ ਸਿੱਖਿਆ ਵਿਭਾਗ ਅਤੇ ਸਕੂਲ ਬੋਰਡ ਦੀ ਲੀਹ ਤੋਂ ਲੱਥੀ ਨੂੰ ਗੱਡੀ ਨੂੰ ਪਟਰੀ ’ਤੇ ਲਿਆਉਣ ਲਈ ਯਤਨਸ਼ੀਲ ਸਿੱਖਿਆ ਸਕੱਤਰ ਨੇ ਆਪਣੇ ਦਫ਼ਤਰ ਵਿੱਚ ਸੁਣੀਆਂ ਮੁਲਾਜ਼ਮਾਂ ਦੀਆਂ ਸਮੱਸਿਆਵਾਂ, ਕਈ ਸਮੱਸਿਆਵਾਂ ਦਾ ਮੌਕੇ ’ਤੇ ਕੀਤਾ ਨਿਪਟਾਰਾ ਅਮਨਦੀਪ ਸਿੰਘ ਸੋਢੀ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਅਕਤੂਬਰ: ਸਿੱਖਿਆ ਵਿਭਾਗ ਦੇ ਸਕੱਤਰ-ਕਮ-ਚੇਅਰਮੈਨ ਕ੍ਰਿਸ਼ਨ ਕੁਮਾਰ ਆਪਣੇ ਮਹਿਕਮੇ ਅਤੇ ਸਕੂਲ ਬੋਰਡ ਦੀ ਲੀਹ ਤੋਂ ਲੱਥੀ ਗੱਡੀ ਨੂੰ ਮੁੜ ਪਟਰੀ ’ਤੇ ਲਿਆਉਣ ਲਈ ਯਤਨ ਕਰ ਰਹੇ ਹਨ ਪ੍ਰੰਤੂ ਨਿਯਮਾਂ ਅਧੀਨ ਕੀਤੀ ਜਾ ਰਹੀ ਕਾਰਵਾਈ ਅਤੇ ਥੋੜ੍ਹੀ ਬਹੁਤ ਸਖ਼ਤੀ ਵਰਤਣ ਕਾਰਨ ਮੁਲਾਜ਼ਮ ਕਾਫੀ ਅੌਖੇ ਹਨ। ਜਿਸ ਕਾਰਨ ਕੰਮ ਸੂਤ ਨਹੀਂ ਆ ਰਿਹਾ ਹੈ ਕਿਉਂਕਿ ਮੁਲਾਜ਼ਮਾਂ ਨੂੰ ਹੁਣ ਸਮਾਂਬੱਧੀ ਕੰਮ ਕਰਨਾ ਪੈ ਰਿਹਾ ਹੈ। ਉਧਰ, ਸਿੱਖਿਆ ਸਕੱਤਰ ਨੇ ਸੋਮਵਾਰ ਨੂੰ ਆਪਣੇ ਦਫ਼ਤਰ ਵਿੱਚ ਸਿੱਖਿਆ ਵਿਭਾਗ ਦੇ ਵੱਖ ਵੱਖ ਮੁਲਾਜ਼ਮਾਂ ਅਤੇ ਸਿੱਖਿਆ ਬੋਰਡ ਨਾਲ ਸਬੰਧਤ ਕੰਮਾਂ ਬਾਰੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਈ ਸਮੱਸਿਆਵਾਂ ਨੂੰ ਮੌਕੇ ’ਤੇ ਹੀ ਹੱਲ ਕੀਤਾ ਗਿਆ। ਇਹੀ ਨਹੀਂ ਦਫ਼ਤਰਾਂ ਵਿੱਚ ਖੱਜਲ ਖੁਆਰੀ ਤੋਂ ਬਚਾਉਣ ਲਈ ਕੁੱਝ ਮੁਲਾਜ਼ਮਾਂ ਦੀਆਂ ਅਰਜ਼ੀਆਂ ਉੱਤੇ ਕੰਮਾਂ ਨੂੰ ਹਰੀ ਝੰਡੀ ਦਿੱਤੀ ਗਈ। ਉਂਜ ਕਈ ਮੁਲਾਜ਼ਮਾਂ ਨੂੰ ਨਿਯਮਾਂ ਦਾ ਪਾਠ ਪੜ੍ਹਾਉਂਦਿਆਂ ਉਨ੍ਹਾਂ ਨੂੰ ਕੁੱਝ ਸਮਾਂ ਸਬਰ ਕਰਨ ਲਈ ਵੀ ਆਖਿਆ। ਸਿੱਖਿਆ ਸਕੱਤਰ ਵਿਦਿਆਰਥੀਆਂ ਦੀਆਂ ਫੀਸਾਂ ਅਤੇ ਸਕੂਲ ਬੋਰਡ ਨਾਲ ਸਬੰਧਤ ਵੱਖ ਵੱਖ ਕੰਮਾਂ ਬਦਲੇ ਫੀਸ ਦੇ ਰੂਪ ਵਿੱਚ ਵਸੂਲੀ ਜਾਂਦੀ ਮਾਇਆ ਵੀ ਘੱਟ ਕਰਨ ਦੇ ਰੌਂਅ ਵਿੱਚ ਹਨ। ਇਹ ਸੰਕੇਤ ਉਨ੍ਹਾਂ ਨੇ ਅੱਜ ਦਸਵੀਂ ਜਮਾਤ ਦੇ ਸਰਟੀਫਿਕੇਟ ਵਿੱਚ ਜਨਮ ਤਰੀਕ ਵਿੱਚ ਸੋਧ ਕਰਵਾਉਣ ਲਈ ਜ਼ਿਲ੍ਹਾ ਸਿਰਸਾ ਤੋਂ ਪੁੱਜੇ ਇੱਕ ਵਿਦਿਆਰਥੀ ਦੀਆਂ ਪੀੜਾਂ ਸੁਣਨ ਤੋਂ ਬਾਅਦ ਦਿੱਤੇ। ਇਸ ਛੋਟੇ ਜਿਹੇ ਕੰਮ ਬਦਲੇ ਬੋਰਡ ਵੱਲੋਂ 8400 ਰੁਪਏ ਮੰਗੇ ਜਾ ਜਾ ਰਹੇ ਹਨ। ਹੰਸਰਾਜ ਪੁੱਤਰ ਪੂਰਨ ਸਿੰਘ ਵਾਸੀ ਪੰਨਿਆਂ ਵਾਲਾ, ਜ਼ਿਲ੍ਹਾ ਸਿਰਸਾ ਨੇ ਸਕੱਤਰ ਅੱਗੇ ਪੇਸ਼ ਹੋ ਕੇ ਫੀਸ ਘੱਟ ਕਰਨ ਦੀ ਗੁਹਾਰ ਲਗਾਈ। ਹਾਲਾਂਕਿ ਸਕੂਲ ਬੋਰਡ ਦਾ ਚੇਅਰਮੈਨ ਹੋਣ ਦੇ ਨਾਤੇ ਕ੍ਰਿਸ਼ਨ ਕੁਮਾਰ ਨੇ ਅਰਜ਼ੀ ’ਤੇ ਫੀਸ ਘੱਟ ਕਰਨ ਲਈ ਲਿਖ ਤਾਂ ਦਿੱਤਾ ਪਰ ਅਜਿਹਾ ਕਰਨਾ ਚੇਅਰਮੈਨ ਦੇ ਅਧਿਕਾਰ ਵਿੱਚ ਨਾ ਹੋਣ ਕਾਰਨ ਫੀਸ ਘੱਟ ਨਹੀਂ ਕੀਤੀ ਜਾ ਸਕੀ। ਇਸ ਮਗਰੋਂ ਪੀੜਤ ਵਿਦਿਆਰਥੀ ਨੂੰ ਉਸ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਨ ਦਾ ਭਰੋਸਾ ਦੇ ਕੇ ਭੇਜ ਦਿੱਤਾ। ਇਸ ਸਬੰਧੀ ਅਧਿਕਾਰੀ ਨੇ ਜ਼ਿਲ੍ਹਾ ਬੁੱਕ ਡਿੱਪੂ ਬਠਿੰਡਾ ਦੇ ਸਟਾਫ਼ ਨੂੰ ਫੌਰੀ ਤੌਰ ’ਤੇ ਕੰਮ ਕਰਨ ਲਈ ਆਖਿਆ ਗਿਆ ਜਦੋਂ ਕਿ ਇਸ ਤੋਂ ਪਹਿਲਾਂ ਵਿਦਿਆਰਥੀ ਦਫ਼ਤਰ ਦੇ ਚੱਕਰ ਕੱਟ ਕੇ ਥੱਕ ਚੁੱਕਾ ਸੀ। ਹੰਸਰਾਜ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਨੂੰ ਆਪਣੇ ਪਿਤਾ ਨਾਲ ਮੁਹਾਲੀ ਪਹੁੰਚ ਗਿਆ ਸੀ ਅਤੇ ਰਾਤ ਉਸ ਨੇ ਰੇਲਵੇ ਸਟੇਸ਼ਨ ’ਤੇ ਗੁਜ਼ਾਰੀ ਅਤੇ ਅੱਜ ਦਫ਼ਤਰ ਖੁੱਲ੍ਹਦੇ ਹੀ ਉਹ ਸਿੱਖਿਆ ਸਕੱਤਰ ਦੇ ਸਨਮੁੱਖ ਪੇਸ਼ ਹੋ ਕੇ ਆਪਣੀ ਪੀੜਾਂ ਬਿਆਨ ਕੀਤੀ। ਉਨ੍ਹਾਂ ਦੱਸਿਆ ਕਿ ਇੱਕ ਗੇੜੇ ਦਾ 1 ਹਜ਼ਾਰ ਰੁਪਏ ਖ਼ਰਚਾ ਆਇਆ ਹੈ। ਇਸ ਸਬੰਧੀ ਕ੍ਰਿਸ਼ਨ ਕੁਮਾਰ ਨੇ ਭਾਵੁਕ ਹੁੰਦਿਆਂ ਕਿਹਾ ਕਿ ਸਰਕਾਰੀ ਸਕੂਲਾਂ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ 80 ਤੋਂ 90 ਫੀਸਦੀ ਗ਼ਰੀਬਾਂ ਦੇ ਬੱਚੇ ਪੜ੍ਹਦੇ ਹਨ। ਕਈ ਪਰਿਵਾਰ ਤਾਂ ਫੀਸਾਂ ਦੇਣ ਤੋਂ ਵੀ ਅਸਮਰੱਥ ਹਨ ਪ੍ਰੰਤੂ ਇੱਕ ਨਾਂ ਦੀ ਦਰੁਸਤੀ ਲਈ ਵਿਦਿਆਰਥੀਆਂ ਕੋਲੋਂ ਹਜ਼ਾਰਾਂ ਰੁਪਏ ਫੀਸ ਵਸੂਲੀ ਜਾ ਰਹੀ ਹੈ। ਜਦੋਂ ਕਿ ਇਹ ਕੰਮ ਬਹੁਤ ਘੱਟ ਪੈਸਿਆਂ ਵਿੱਚ ਵੀ ਹੋ ਸਕਦਾ ਹੈ। ਸ੍ਰੀ ਕ੍ਰਿਸ਼ਨ ਕੁਮਾਰ ਨੇ ਬੜੇ ਦਾਅਵੇ ਨਾਲ ਕਿਹਾ ਕਿ ਸਿੱਖਿਆ ਵਿਭਾਗ ਅਤੇ ਸਕੂਲ ਬੋਰਡ ਦੇ ਕੰਮ ਵਿੱਚ ਪਾਰਦਰਸ਼ਤਾ ਲਿਆਂਦੀ ਜਾਵੇਗੀ। ਇਸ ਸਬੰਧੀ ਠੋਸ ਕਦਮ ਚੁੱਕੇ ਜਾ ਰਹੇ ਹਨ। ਸਕੱਤਰ ਨੇ ਇਹ ਵੀ ਮੰਨਿਆਂ ਕਿ ਉਨ੍ਹਾਂ ਵੱਲੋਂ ਕੁੱਝ ਸਖ਼ਤ ਫੈਸਲੇ ਲੈਣ ਤੋਂ ਮੁਲਾਜ਼ਮ ਅੌਖੇ ਵੀ ਹਨ ਪ੍ਰੰਤੂ ਹੌਲੀ ਹੌਲੀ ਸਾਰਾ ਕੰਮ ਲੀਹ ’ਤੇ ਆ ਜਾਵੇਗਾ ਕਿਉਂਕਿ ਸਾਰੀ ਕਾਰਵਾਈ ਨਿਯਮਾਂ ਅਧੀਨ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿੱਚ ਖੱਜਲ ਖੁਆਰ ਹੋਣ ਤੋਂ ਬਚਾਉਣ ਲਈ ਜ਼ਿਲ੍ਹਾ ਪੱਧਰ ’ਤੇ ਸਥਿਤ ਜ਼ਿਲ੍ਹਾ ਬੁੱਕ ਡਿੱਪੂਆਂ ਦੇ ਅਧਿਕਾਰੀਆਂ ਅਤੇ ਸਟਾਫ਼ ਨੂੰ ਪਾਵਰਾਂ ਦਿੱਤੀਆਂ ਗਈਆਂ ਹਨ। ਇਸ ਤਰ੍ਹਾਂ ਹੁਣ ਵਿਦਿਆਰਥੀਆਂ ਅਤੇ ਆਮ ਲੋਕਾਂ ਨੂੰ ਮੁਹਾਲੀ ਸਥਿਤ ਮੁੱਖ ਦਫ਼ਤਰ ਵਿੱਚ ਨਹੀਂ ਆਉਣਾ ਪਵੇਗਾ ਸਗੋਂ ਹੁਣ ਉਹ ਆਪਣੇ ਘਰ ਨੇੜੇ ਹੀ ਜ਼ਿਲ੍ਹਾ ਪੱਧਰੀ ਦਫ਼ਤਰਾਂ ਵਿੱਚ ਆਪਣੇ ਕੰਮ ਨਿਪਟਾ ਸਕਣਗੇ। ਉਨ੍ਹਾਂ ਕਿਹਾ ਕਿ ਭਾਵੇ ਥੋੜ੍ਹੀ ਸਖ਼ਤੀ ਵਰਤਣ ਕਾਰਨ ਉਨ੍ਹਾਂ ਦੀ ਅਲੋਚਨਾ ਹੋ ਰਹੀ ਹੈ ਪ੍ਰੰਤੂ ਆਉਣ ਵਾਲੇ ਸਮੇਂ ਵਿੱਚ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ