
ਕ੍ਰਿਸ਼ੀ ਵਿਗਿਆਨ ਕੇਂਦਰ ਨੇ ਬਾਗਬਾਨੀ ਫਸਲਾਂ ਤੇ ਕੋਰਸ ਕਰਵਾਇਆ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 30 ਅਗਸਤ:
ਇੱਥੋਂ ਦੇ ਨੇੜਲੇ ਪਿੰਡ ਬੜੌਦੀ ਵਿਖੇ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਡਿਪਟੀ ਡਾਇਰੈਕਟਰ, ਡਾ. ਯਸ਼ਵੰਤ ਸਿੰਘ ਦੀ ਦੇਖ ਰੇਖ ਵਿਚ ਰਾਸ਼ਟਰੀ ਕ੍ਰਿਸ਼ੀ ਅਨੁਸੰਧਾਨ ਪਰਿਸ਼ਦ ਦੀ ਯੋਜਨਾ ਅਧੀਨ ਕਿਸਾਨਾਂ ਲਈ ਦਾ ਬਾਗਬਾਨੀ ਫਸਲਾਂ ਉਤੇ ਟਰੇਨਿੰਗ ਕੋਰਸ ਕਰਵਾਇਆ ਗਿਆ । ਇਸ ਮੌਕੇ ਟਰੇਨਿੰਗ ਦੇ ਇੰਚਾਰਜ ਡਾ. ਮੁਨੀਸ਼ ਸ਼ਰਮਾ, ਸਹਾਇਕ ਪ੍ਰੋਫੈਸਰ (ਬਾਗਬਾਨੀ) ਨੇ ਭਾਗ ਲੈਣ ਵਾਲੇ 16 ਕਿਸਾਨਾਂ ਨਾਲ ਬਾਗਬਾਨੀ ਫਸਲਾਂ ਦੀਆਂ ਨਵੀਆਂ ਤਕਨੀਕਾਂ ਸਾਂਝੀਆਂ ਕੀਤੀਆਂ ।ਉਨ੍ਹਾਂ ਨੇ ਕਿਸਾਨਾਂ ਨੂੰ ਫਸਲੀ ਵਿਭੰਨਤਾ ਅਪਨਾਉਣ ਦੀ ਅਪੀਲ ਵੀ ਕੀਤੀ । ਇਸ ਮੌਕੇ ਤੇ ਕਿਸਾਨਾਂ ਦੀਆਂ ਬਾਗਬਾਨੀ ਨਾਲ ਸੰਬੰਧਿਤ ਸਮੱਸਿਆਵਾਂ ਦਾ ਨਿਪਟਾਰਾ ਵੀ ਕੀਤਾ ਗਿਆ ।
ਡਾ. ਪ੍ਰਿਅੰਕਾ ਨੇ ਗੰਡੋਇਆਂ ਤੋਂ ਖਾਦ ਤਿਆਰ ਕਰਨ ਅਤੇ ਜੈਵਿਕ ਖੇਤੀ ਸੰਬੰਧੀ ਜਾਣਕਾਰੀ ਦਿੱਤੀ ਅਤੇ ਡਾ. ਹਰਮੀਤ ਕੌਰ ਨੇ ਮਧੂ ਮੱਖੀ ਪਾਲਣ ਬਾਰੇ ਵਿਸਥਾਰ ਨਾਲ ਜਾਣੂੰ ਕਰਵਾਇਆ। ਇਸ ਮੌਕੇ ਕੋਰਸ ਕਰਨ ਵਾਲੇ ਕਿਸਾਨਾਂ ਨੂੰ ਸਰਟੀਫਿਕੇਟ ਅਤੇ ਖੇਤੀਬਾੜੀ ਸੰਬੰਧਿਤ ਕਿਤਾਬਾਂ ਵੰਡੀਆਂ ਗਈਆਂ। ਇਸ ਮੌਕੇ ਨਿਰਮਲ ਸਿੰਘ, ਪਾਲ ਸਿੰਘ ਅਤੇ ਅਜਾਇਬ ਸਿੰਘ ਨੇ ਪਿੰਡ ਵਿੱਚ ਟਰ੍ਰੇਨਿੰਗ ਕੋਰਸ ਕਰਵਾਊਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਦੀ ਟੀਮ ਦਾ ਧੰਨਵਾਦ ਕੀਤਾ।