4 ਕਰੋੜ ਦੀ ਗੱਡੀ ਵਿੱਚ ਘੁੰਮਣ ਵਾਲਾ ਕੁਲਵੰਤ ਸਿੰਘ ਆਮ ਆਦਮੀ ਨਹੀਂ ਹੋ ਸਕਦਾ: ਪਰਵਿੰਦਰ ਸੋਹਾਣਾ

ਕਿਹਾ ਲੋਕਾਂ ਨੂੰ ਸੇਵਾਦਾਰ ਦੀ ਲੋੜ, ਕਾਰੋਬਾਰੀਆਂ ਦੀ ਨਹੀਂ ਜੋ ਸਿਆਸਤ ਨੂੰ ਵੀ ਕਾਰੋਬਾਰ ਸਮਝਦਾ ਹੋਵੇ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਫਰਵਰੀ:
ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਪਰਵਿੰਦਰ ਸਿੰਘ ਸੋਹਾਣਾ ਨੇ ਇੱਥੋਂ ਦੇ ਫੇੇਜ਼-11, ਫੇਜ਼-9, ਫੇਜ਼-2, ਬੱਲੋਮਾਜਰਾ, ਨਾਨੂੰਮਾਜਰਾ, ਸੰਭਾਲਕੀ, ਰਾਏਪੁਰ ਕਲਾਂ, ਸਨੇਟਾ, ਧੀਰਪੁਰ, ਸੁਖਗੜ੍ਹ ਵਿੱਚ ਵੀ ਚੋਣ ਪ੍ਰਚਾਰ ਕੀਤਾ। ਉਨ੍ਹਾਂ ਕਿਹਾ ਕਿ ‘ਆਪ’ ਉਮੀਦਵਾਰ ਕੁਲਵੰਤ ਸਿੰਘ ਪੰਜਾਬ ਦਾ ਸਭ ਤੋਂ ਅਮੀਰ ਵਿਅਕਤੀ ਹੈ ਅਤੇ ਉਹ 4 ਕਰੋੜ ਦੀ ਗੱਡੀ ਵਿੱਚ ਚੱਲਣ ਵਾਲਾ ਕਾਰੋਬਾਰੀ ਹੈ ਜੋ ਆਮ ਆਦਮੀ ਨਹੀਂ ਹੋ ਸਕਦਾ। ਇਸ ਲਈ ਲੋਕਾਂ ਨੂੰ ਲੋਕਾਂ ਨੂੰ ਉਨ੍ਹਾਂ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ ਕਿਉਂਕਿ ਚੋਣਾਂ ਤੋਂ ਬਾਅਦ ਉਸ ਨੇ ਲੱਭਣਾ ਵੀ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਦੇ ਦਫ਼ਤਰ ਵਿੱਚ ਕੋਈ ਆਮ ਬੰਦਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੇਅਰ ਹੁੰਦਿਆਂ ਕੁਲਵੰਤ ਸਿੰਘ ਆਪਣੀ ਵਾਰਡ ਦੇ ਲੋਕਾਂ ਨੂੰ ਨਹੀਂ ਸੀ ਮਿਲਦਾ। ਜਿਸ ਕਾਰਨ ਨਗਰ ਨਿਗਮ ਚੋਣਾਂ ਵਿੱਚ ਉਨ੍ਹਾਂ ਦੀ ਨਮੋਸ਼ੀ ਭਰੀ ਹਾਰ ਹੋਈ ਸੀ।
ਉਨ੍ਹਾਂ ਕਿਹਾ ਕਿ ਵੱਡੀ ਗੱਲ ਇਹ ਹੈ ਕਿ ਕੁਲਵੰਤ ਸਿੰਘ ਇਕ ਅਜਿਹਾ ਕਾਰੋਬਾਰੀ ਹੈ ਜੋ ਆਪਣੇ ਖ਼ੁਦ ਦੀਆਂ ਕੱਟੀਆਂ ਕਲੋਨੀਆਂ ਅਤੇ ਇੰਡਸਟਰੀ ਸੈਕਟਰ ਵਿਚ ਲੋਕਾਂ ਨੂੰ ਪੂਰੀਆਂ ਪਨੈਲਟੀਆਂ ਪਾਉਂਦਾ ਹੈ ਅਤੇ ਉਨ੍ਹਾਂ ਤੋਂ ਪਨੈਲਟੀਆਂ ਦੇ ਰੂਪ ਵਿੱਚ ਜਜ਼ੀਆ ਵਸੂਲਦਾ ਹੈ। ਉਨ੍ਹਾਂ ਕਿਹਾ ਕਿ ਜੋ ਕੇਬਲ ਆਮ ਤੌਰ ’ਤੇ 250 ਰੁਪਏ ਵਿੱਚ ਉਪਲੱਬਧ ਹੈ ਆਪਣੀਆਂ ਕਲੋਨੀਆਂ ਵਿਚ ਕੁਲਵੰਤ ਸਿੰਘ ਉਸ ਕੇਬਲ ਦੇ 700 ਰੁਪਏ ਵਸੂਲਦਾ ਹੈ ਤੇ ਉਥੇ ਕੋਈ ਵੀ ਹੋਰ ਕੇਬਲ ਦੀ ਤਾਰ ਨਹੀਂ ਪੈਣ ਦਿੰਦਾ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਇਹ ਕੁਲਵੰਤ ਸਿੰਘ ਵਰਗਾ ਕਾਰੋਬਾਰੀ ਤੇ ਵਪਾਰੀ ਜੇਕਰ ਮੁਹਾਲੀ ਹਲਕੇ ਵਿੱਚ ਜਿੱਤਦਾ ਹੈ ਤਾਂ ਲੋਕਾਂ ਦਾ ਕੀ ਹਾਲ ਕਰੇਗਾ।
ਉਨ੍ਹਾਂ ਕਿਹਾ ਕਿ ਵੈਸੇ ਵੀ ਕੁਲਵੰਤ ਸਿੰਘ ਲਈ ਇਹ ਗੱਲ ਮੁਹਾਲੀ ਸ਼ਹਿਰ ਵਿਚ ਮਸ਼ਹੂਰ ਹੈ ਕਿ ਇਹ ਮੇਅਰ ਹੁੰਦਿਆਂ ਆਪਣੇ ਵਾਰਡ ਤੱਕ ਦੇ ਲੋਕਾਂ ਨੂੰ ਨਹੀਂ ਸੀ ਮਿਲਦਾ ਤਾਂ ਹੀ ਇਸ ਦੇ ਆਪਣੇ ਵਾਰਡ ਦੇ ਲੋਕਾਂ ਨੇ ਮਿਉਂਸਪਲ ਕਾਰਪੋਰੇਸ਼ਨ ਦੀ ਹਾਲ ਹੀ ਵਿੱਚ ਹੋਈ ਚੋਣ ਵਿੱਚ ਕੁਲਵੰਤ ਸਿੰਘ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕੁਲਵੰਤ ਸਿੰਘ ਦੇ ਵਾਰਡ ਵਿੱਚ ਜਾ ਕੇ ਇਸ ਗੱਲ ਦਾ ਪਤਾ ਕਰ ਸਕਦਾ ਹੈ।
ਉਨ੍ਹਾਂ ਆਪਣੀਆਂ ਚੋਣ ਮੀਟਿੰਗਾਂ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੁਲਵੰਤ ਸਿੰਘ ਵਰਗੇ ਵਪਾਰੀ ਦੇ ਝਾਂਸੇ ਵਿੱਚ ਨਾ ਆਉਣ ਤੇ ਚੋਣਾਂ ਵਿਚ ਉਸ ਨੂੰ ਮੂੰਹ ਨਾ ਲਾਉਣ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਸੇਵਾ ਨੂੰ ਉੱਪਰ ਰੱਖਿਆ ਹੈ ਅਤੇ ਜਿੰਨੇ ਵੀ ਕੰਮ ਕੀਤੇ ਹਨ ਉਨ੍ਹਾਂ ਵਿੱਚ ਲੋੜਵੰਦਾਂ ਨੂੰ ਸਭ ਤੋਂ ਉੱਪਰ ਰੱਖਿਆ ਹੈ।
ਪਰਵਿੰਦਰ ਸੋਹਾਣਾ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਨੇ ਇਸ ਇਲਾਕੇ ਵਿੱਚ ਹਮੇਸ਼ਾਂ ਸੇਵਾ ਕੀਤੀ ਹੈ ਤੇ ਇਲਾਕੇ ਦੇ ਲੋਕਾਂ ਨੇ ਵੀ ਉਨ੍ਹਾਂ ਦੇ ਪਰਿਵਾਰ ਪੂਰਾ ਪਿਆਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਇਕ ਆਮ ਪਰਿਵਾਰ ਨਾਲ ਸਬੰਧਤ ਹਨ ਤੇ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਵੇਖਦਿਆਂ ਹੀ ਅਕਾਲੀ ਦਲ ਨੇ ਬਹੁਤ ਵੱਡਾ ਮਾਣ ਦੇ ਕੇ ਪੂਰੇ ਇਲਾਕੇ ਦਾ ਮਾਣ ਰੱਖਦਿਆਂ ਇਲਾਕੇ ਦੀ ਹੋਰ ਵਧੀਆ ਢੰਗ ਨਾਲ ਸੇਵਾ ਕਰਨ ਵਾਸਤੇ ਅਤੇ ਸਮੱਸਿਆਵਾਂ ਦਾ ਹੱਲ ਕਰਾਉਣ ਲਈ ਪਾਰਟੀ ਦੀ ਟਿਕਟ ਦਿੱਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 20 ਫਰਵਰੀ ਨੂੰ ਉਨ੍ਹਾਂ ਨੂੰ ਵੋਟਾਂ ਪਾ ਕੇ ਇਹ ਸੀਟ ਅਕਾਲੀ ਬਸਪਾ ਸਰਕਾਰ ਦੀ ਝੋਲੀ ਵਿੱਚ ਪਾਓ ਤਾਂ ਕਿ ਇਲਾਕੇ ਦਾ ਬਹੁਪੱਖੀ ਵਿਕਾਸ ਕਰਵਾਇਆ ਜਾ ਸਕੇ।

ਇਸ ਮੌਕੇ ਸ਼੍ਰੋਮਣੀ ਕਮੇਟੀ ਦੀ ਮੈਂਬਰ ਪਰਮਜੀਤ ਕੌਰ ਲਾਂਡਰਾਂ, ਕੁਲਦੀਪ ਕੌਰ ਕੰਗ, ਯੂਥ ਆਗੂ ਸੁਖਵਿੰਦਰ ਸਿੰਘ ਛਿੰਦੀ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਸਿੱਧੂ, ਨੰਬਰਦਾਰ ਹਰਵਿੰਦਰ ਸਿੰਘ, ਅਮਨ ਪੂਨੀਆ, ਜਥੇਦਾਰ ਬਲਵਿੰਦਰ ਸਿੰਘ ਗੋਬਿੰਦਗੜ੍ਹ, ਬਿਕਰਮਜੀਤ ਸਿੰਘ ਗੀਗੇਮਾਜਰਾ, ਇਸ਼ਪ੍ਰੀਤ ਸਿੰਘ ਵਿੱਕੀ, ਕੁਲਦੀਪ ਸਿੰਘ ਬੈਂਰੋਪੁਰ, ਸੋਨੀ ਬੜੀ, ਕਮਲਜੀਤ ਸਿੰਘ ਕੰਮਾਂ ਆਦਿ ਵੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ

ਜ਼ਿਲ੍ਹਾ ਮੁਹਾਲੀ ਪੂਰਨ ਬੰਦ ਰਿਹਾ, 18 ਥਾਵਾਂ ’ਤੇ ਸੜਕਾਂ ਜਾਮ ਕਰਕੇ ਕੀਤਾ ਵਿਸ਼ਾਲ ਰੋਸ ਪ੍ਰਦਰਸ਼ਨ ਮੁਹਾਲੀ-ਖਰੜ…