
ਸਾਬਕਾ ਮੇਅਰ ਕੁਲਵੰਤ ਸਿੰਘ ਨੇ ਉਮਾ ਸ਼ਰਮਾ ਦੇ ਚੋਣ ਦਫ਼ਤਰ ਦਾ ਕੀਤਾ ਉਦਘਾਟਨ
ਘਟੀਆ ਕਿਸਮ ਦੀ ਸਿਆਸਤ ਨੂੰ ਲਾਂਭੇ ਕਰਨ ਲਈ ਅੱਗੇ ਆਇਆ ਆਜ਼ਾਦ ਗਰੱੁਪ: ਕੁਲਵੰਤ ਸਿੰਘ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 29 ਜਨਵਰੀ:
ਮੁਹਾਲੀ ਨਗਰ ਨਿਗਮ ਚੋਣਾਂ ਦੇ ਲਈ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਦੇ ਬੈਨਰ ਹੇਠ ਇੱਥੋਂ ਦੇ ਵਾਰਡ ਨੰਬਰ-45 ਤੋਂ ਚੋਣ ਲੜ ਰਹੀ ਉਮੀਦਵਾਰ ਅਤੇ ਸੇਵਾਮੁਕਤ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਡਾ. ਉਮਾ ਸ਼ਰਮਾ ਦੇ ਫੇਜ਼-1 ਸਥਿਤ ਕੋਠੀ ਨੰਬਰ-460 ਵਿਖੇ ਚੋਣ ਦਫ਼ਤਰ ਦਾ ਉਦਘਾਟਨ ਅੱਜ ਖ਼ੁਦ ਕੁਲਵੰਤ ਸਿੰਘ ਨੇ ਰਿਬਨ ਕੱਟ ਕੇ ਕੀਤਾ। ਇਸ ਮੌਕੇ ਸੇਵਾਮੁਕਤ ਏਡੀਸੀ ਮਹਿੰਦਰ ਸਿੰਘ ਕੈਂਥ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਇਸ ਮੌਕੇ ਸੰਬੋਧਨ ਕਰਦਿਆਂ ਕੁਲਵੰਤ ਸਿੰਘ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਦੇਖਣ ਵਿੱਚ ਆ ਰਿਹਾ ਹੈ ਕਿ ਸਿਆਸਤ ਜ਼ਿਆਦਾ ਕਰਕੇ ਗੰਦੇ ਲੋਕਾਂ ਦੀ ਖੇਡ ਬਣ ਕੇ ਰਹਿ ਗਈ ਹੈ ਜਿਸ ਦਾ ਖਾਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਘਟੀਆ ਕਿਸਮ ਤੇ ਸਿਆਸਤਦਾਨਾਂ ਨੂੰ ਲਿਆਉਣ ਵਿੱਚ ਵੀ ਆਮ ਲੋਕਾਂ ਦਾ ਹੀ ਹੱਥ ਹੁੰਦਾ ਹੈ ਜਿਹੜੇ ਕਿ ਇਨ੍ਹਾਂ ਮੈਂਬਰ ਪਾਰਲੀਮੈਂਟਾਂ ਜਾਂ ਵਿਧਾਇਕਾਂ ਦੀ ਜਵਾਬਦੇਹੀ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਜਦੋਂ ਚੰਗੇ ਬੰਦੇ ਸਿਆਸਤ ਵਿੱਚ ਅੱਗੇ ਨਹੀਂ ਆਉਂਦੇ ਤਾਂ ਉਦੋਂ ਤੱਕ ਘਟੀਆ ਕਿਸਮ ਦੇ ਲੋਕ ਰਾਜ ਕਰਨ ਲੱਗਦੇ ਹਨ। ਇਸ ਲਈ ਸਿਆਸਤ ਵਿੱਚ ਚੰਗੇ ਬੰਦਿਆਂ ਦਾ ਜਾਣਾ ਲਾਜ਼ਮੀ ਹੈ।
ਉਨ੍ਹਾਂ ਨਗਰ ਨਿਗਮ ਮੋਹਾਲੀ ਦੇ ਬਤੌਰ ਮੇਅਰ ਕਾਰਜਕਾਲ ਦੌਰਾਨ ਕੀਤੇ ਕੰਮਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਨਿਗਮ ਦੇ ਬਜਟ ਨੂੰ ਬੜੇ ਸੁਚੱਜੇ ਢੰਗ ਨਾਲ ਸਹੀ ਜਗ੍ਹਾ ’ਤੇ ਵਰਤਣ ਦੀ ਕੋਸ਼ਿਸ਼ ਕੀਤੀ ਅਤੇ ਪੂਰੇ ਪੰਜ ਸਾਲ ਤੱਕ ਸਫ਼ਾਈ ਸਬੰਧੀ ਕੋਈ ਸ਼ਿਕਾਇਤ ਨਹੀਂ ਆਉਣ ਦਿੱਤੀ ਗਈ, ਮੋਹਾਲੀ ਸ਼ਹਿਰ ਪੰਜਾਬ ਦਾ ਇੱਕ ਐਸਾ ਸ਼ਹਿਰ ਬਣਾਇਆ ਜਿੱਥੇ 100 ਪ੍ਰਤੀਸ਼ਤ ਐਲ.ਈ.ਡੀ. ਲਾਈਟਾਂ ਲਗਾਈਆਂ ਗਈਆਂ, ਨਿਗਮ ਦੀ ਪਹਿਲੀ ਮੀਟਿੰਗ ਵਿੱਚ ਹੀ 26 ਕਰੋੜ ਦਾ ਮਤਾ ਪਾਸ ਕਰ ਕੇ ਦਹਾਕਿਆਂ ਪੁਰਾਣੇ ਸੀਵਰੇਜ ਸਿਸਟਮ ਦੀ ਹਾਲਤ ਸੁਧਾਰਨ ਲਈ ਯਤਨ ਕੀਤੇ ਜਿਨ੍ਹਾਂ ਦੇ ਕੰਮ ਹੁਣ ਚੱਲ ਰਹੇ ਹਨ, ਪਾਣੀ ਸਪਲਾਈ ਵੀ ਪਹਿਲੀ ਮੀਟਿੰਗ ਵਿੱਚ ਹੀ 16 ਕਰੋੜ ਰੁਪਏ ਦੇ ਐਸਟੀਮੇਟ ਦਾ ਮਤਾ ਪਾਸ ਕਰਵਾਇਆ ਗਿਆ ਸੀ ਅਤੇ ਵਾਟਰ ਸਪਲਾਈ ਨੂੰ ਨਵਿਆਉਣ ਲਈ ਟੈਂਡਰ ਲਗਵਾ ਕੇ ਕੰਮ ਚਾਲੂ ਕਰਵਾਇਆ। ਉਨ੍ਹਾਂ ਕਿਹਾ ਕਿ ਆਜ਼ਾਦ ਗਰੁੱਪ ਨੇ ਸਾਫ਼ ਸੁਥਰੀ ਰਾਜਨੀਤੀ ਕਰਨ ਦਾ ਬੀੜਾ ਚੁੱਕਿਆ ਸੀ ਅਤੇ ਹੁਣ ਇਸ ਵਾਰ ਵੀ ਘਟੀਆ ਸਿਆਸਤ ਨੂੰ ਲਾਂਭੇ ਕਰਨ ਲਈ ਨਗਰ ਨਿਗਮ ਚੋਣ ਲੜਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ 14 ਫਰਵਰੀ ਨੂੰ ਆਪਣੀ ਕੀਮਤੀ ਵੋਟ ਵਾਰਡ ਨੰਬਰ-45 ਤੋਂ ਆਜ਼ਾਦ ਗਰੁੱਪ ਦੇ ਉਮੀਦਵਾਰ ਡਾ. ਉਮਾ ਸ਼ਰਮਾ ਨੂੰ ਪਾ ਕੇ ਜਿਤਾਉਣ।
ਇਸ ਤੋਂ ਪਹਿਲਾਂ ਡਾ. ਉਮਾ ਸ਼ਰਮਾ ਨੇ ਕੁਲਵੰਤ ਸਿੰਘ ਦਾ ਸਵਾਗਤ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਵੱਡੀ ਲੀਡ ਨਾਲ ਆਪਣੇ ਵਾਰਡ ਤੋਂ ਚੋਣ ਜਿੱਤ ਕੇ ਆਜ਼ਾਦ ਗਰੁੱਪ ਦੀ ਝੋਲੀ ਪਾਉਣਗੇ। ਇਸ ਮੌਕੇ ਡਾ. ਹਜ਼ਾਰਾ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਵਕੀਲ ਸੰਜੀਵ ਸ਼ਰਮਾ, ਚਰਨਜੀਤ ਸਿੰਘ ਚੰਨੀ, ਮਨਮੋਹਨ ਸਿੰਘ, ਦਰਸ਼ਨ ਸਿੰਘ, ਬਲਬੀਰ ਸਿੰਘ, ਮੁਖਤਿਆਰ ਸਿੰਘ, ਪ੍ਰੀਤਮ ਸਿੰਘ, ਸਰੋਜ ਆਦਿ ਵੀ ਹਾਜ਼ਰ ਸਨ।