ਖ਼ੁਦ ਨੂੰ ਆਮ ਆਦਮੀ ਦੱਸਣ ਵਾਲਾ ਕੁਲਵੰਤ ਸਿੰਘ ਪੰਜਾਬ ਵਿੱਚ ਸਭ ਤੋਂ ਅਮੀਰ ਉਮੀਦਵਾਰ: ਸ਼ਰਮਾ

ਕੁਲਵੰਤ ਸਿੰਘ ਦੱਸੇ 2014 ਵਿੱਚ ਆਪ ਗਲਤ ਸੀ ਜਾਂ ਅਕਾਲੀ ਦਲ ਸਹੀ ਸੀ?: ਸ਼ਰਮਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਫਰਵਰੀ:
ਸੀਨੀਅਰ ਕਾਂਗਰਸੀ ਆਗੂ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਨਕਾਰੇ ਹੋਏ ਆਗੂਆਂ ਦਾ ਟੋਲਾ ਬਣ ਚੁੱਕੀ ਹੈ। ਆਪ ਆਗੂਆਂ ਵਿੱਚ ਨਿੱਜਪ੍ਰਸਤੀ ਹਾਵੀ ਹੈ ਅਤੇ ਇਨ੍ਹਾਂ ਆਗੂਆਂ ਨੂੰ ਆਮ ਲੋਕਾਂ ਦੀਆਂ ਦੁਖ ਤਕਲੀਫ਼ਾਂ ਨਾਲ ਕੋਈ ਵਾਸਤਾ ਨਹੀਂ ਸਗੋਂ ਹੈ, ਹਰ ਹੀਲੇ ਸੱਤਾ ਪ੍ਰਾਪਤੀ ਇਨ੍ਹਾਂ ਦਾ ਇਕੋ ਇਕ ਟੀਚਾ ਹੈ। ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਕੇਸ਼ ਚੰਦ ਸ਼ਰਮਾ ਨੇ ਕਿਹਾ ਕਿ ਮੁਹਾਲੀ ਤੋਂ ਆਮ ਆਦਮੀ ਪਾਰਟੀ ਦੇ ‘ਖਾਸ’ ਉਮੀਦਵਾਰ ਕੁਲਵੰਤ ਸਿੰਘ ਦੀ ਸਾਂਝ ਅਕਾਲੀ ਦਲ ਨਾਲ ਰਹੀ ਹੈ।
ਅਕਾਲੀ ਸੁਪਰੀਮੋ ਸੁਖਬੀਰ ਬਾਦਲ, ਵਿਧਾਇਕ ਐੱਨਕੇ ਸ਼ਰਮਾ ਨਾਲ ਉਸ ਦੀ ਨੇੜਤਾ ਕਿਸੇ ਕੋਲੋਂ ਲੁਕੀ ਛਿਪੀ ਨਹੀਂ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਆਮ ਆਦਮੀ ਦੱਸਣ ਵਾਲਾ ਕੁਲਵੰਤ ਸਿੰਘ ਪੰਜਾਬ ਵਿੱਚ ਸਭ ਤੋਂ ਅਮੀਰ ਉਮੀਦਵਾਰ ਹੈ ਅਤੇ ਪੈਸੇ ਦੇ ਦਮ ਉੱਤੇ ਚੋਣਾਂ ਜਿੱਤਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਦੀ ਦੋਗਲੀ ਸ਼ਖ਼ਸੀਅਤ ਇਸ ਗੱਲੋਂ ਵੀ ਸਾਬਤ ਹੋ ਜਾਂਦੀ ਹੈ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਇਹੋ ਕੁਲਵੰਤ ਸਿੰਘ ਸੁਖਬੀਰ ਬਾਦਲ ਦੀ ਕੁਛੜ ਵਿੱਚ ਬੈਠ ਕੇ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਭੰਡਦਾ ਹੁੰਦਾ ਸੀ ਅਤੇ ਅੱਜ ਕੇਜਰੀਵਾਲ ਤੇ ਭਗਵੰਤ ਮਾਨ ਦਾ ਵੱਡਾ ਝੋਲੀ ਚੁੱਕ ਬਣਿਆ ਫਿਰਦਾ ਹੈ।
ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਨੂੰ ਲੋਕਾਂ ਦੀ ਭਲਾਈ ਤੇ ਵਿਕਾਸ ਨਾਲ ਕੋਈ ਸਰੋਕਾਰ ਨਹੀਂ ਬਲਕਿ ਇਸ ਦਾ ਇਕੋ ਇੱਕ ਟੀਚਾ ਸਿਰਫ ਸੱਤਾ ਦੀ ਪ੍ਰਾਪਤੀ ਹੈ, ਪਰ ਮੁਹਾਲੀ ਵਿਖੇ ਸੂਝਵਾਨ ਲੋਕ ਇਸ ਦੀ ਜਿੱਤਣ ਦੀ ਇੱਛਾ ਪੂਰੀ ਨਹੀਂ ਹੋਣ ਦੇਣਗੇ ਅਤੇ ਮਿਊਂਸਪਲ ਕਾਰਪੋਰੇਸ਼ਨ ਚੋਣਾਂ ਵਾਂਗ ਕੁਲਵੰਤ ਸਿੰਘ ਨੂੰ ਹੁਣ ਵੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ। ਇਸ ਮੌਕੇ ਬਲਾਕ ਕਾਂਗਰਸ ਦਿਹਾਤੀ ਮੁਹਾਲੀ ਦੇ ਪ੍ਰਧਾਨ ਠੇਕੇਦਾਰ ਮੋਹਨ ਸਿੰਘ ਬਠਲਾਣਾ, ਗੁਰਦੀਪ ਸਿੰਘ ਸਰਪੰਚ ਦੈੜੀ, ਗਿਆਨੀ ਗੁਰਮੇਲ ਸਿੰਘ ਮਨੌਲੀ, ਪਹਿਲਵਾਨ ਅਮਰਜੀਤ ਸਿੰਘ ਲਖਨੌਰ, ਦਰਬਾਰਾ ਸਿੰਘ ਮਨੌਲੀ, ਜਗੀਰ ਸਿੰਘ ਗੋਬਿੰਦਗੜ੍ਹ, ਦਿਲਪ੍ਰੀਤ ਸਿੰਘ ਅਤੇ ਗੁਰਦੇਵ ਸਿੰਘ ਦੀ ਮੌਜੂਦ ਸਨ।

Load More Related Articles

Check Also

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ

ਆਪ ਦੇ ਦੁਰਗੇਸ਼ ਪਾਠਕ ਵੀ ਉਪ ਚੋਣ ਜਿੱਤੇ ਰਾਘਵ ਚੱਡਾ ਦੇ ਰਾਜ ਸਭਾ ਵਿੱਚ ਜਾਣ ਕਾਰਨ ਖਾਲੀ ਹੋਈ ਸੀ ਸੀਟ ਨਬਜ਼-ਏ…