ਕੁਲਵੰਤ ਸਿੰਘ ਨੇ ਮੀਟਿੰਗ ਵਿੱਚ ਵਿਧਾਨ ਸਭਾ ਚੋਣਾਂ ਬਾਰੇ ਰਣਨੀਤੀ ਘੜੀ, ਡਿਊਟੀਆਂ ਸੌਂਪੀਆਂ

ਸੈਕਟਰ-79 ਵਿੱਚ ਪੂਰਾ ਦਿਨ ਵੱਖ-ਵੱਖ ਵਰਗਾਂ ਦੇ ਲੋਕਾਂ ਤੇ ਸਮਰਥਕਾਂ ਨਾਲ ਕੀਤੀਆਂ ਮੀਟਿੰਗਾਂ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਦਸੰਬਰ:
ਮੁਹਾਲੀ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਵਿਧਾਨ ਸਭਾ ਚੋਣਾਂ ਬਾਰੇ ਰਣਨੀਤੀ ਘੜਨ ਲਈ ਸੈਕਟਰ-79 ਸਥਿਤ ਮੁੱਖ ਦਫ਼ਤਰ ਵਿੱਚ ਬੈਠ ਕੇ ਆਪਣੇ ਸਮਰਥਕਾਂ, ਆਪ ਵਲੰਟੀਅਰਾਂ ਸਮੇਤ ਵੱਖ-ਵੱਖ ਵਰਗਾ ਦੇ ਲੋਕਾਂ ਨਾਲ ਪੂਰਾ ਦਿਨ ਮੀਟਿੰਗਾਂ ਕੀਤੀਆਂ ਅਤੇ ਚੋਣਾਂ ਸਬੰਧੀ ਡਿਊਟੀਆਂ ਸੌਂਪੀਆਂ। ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਛੇ ਵਜੇ ਤੱਕ ਚਲੀਆਂ ਇਨ੍ਹਾਂ ਮੀਟਿੰਗਾਂ ਵਿੱਚ ਕੁਲਵੰਤ ਸਿੰਘ ਨੇ ਵਪਾਰ ਮੰਡਲ, ਕਿਸਾਨ ਜਥੇਬੰਦੀਆਂ ਅਤੇ ਸੱਤ ਪਿੰਡਾਂ ਦੇ ਸਰਪੰਚਾਂ ਅਤੇ ਹੋਰ ਮੋਹਤਬਰਾਂ ਨਾਲ ਚਰਚਾ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਵਾਰ ਮੁਹਾਲੀ ਹਲਕੇ ਦੇ ਲੋਕ ਬਦਲਾਅ ਚਾਹੁੰਦੇ ਹਨ ਅਤੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੀ ਹਾਮੀ ਭਰ ਰਹੇ ਹਨ। ਜਿਸ ਕਾਰਨ ਹੁਕਮਰਾਨ ਪਾਰਟੀ ਦੇ ਆਗੂਆਂ ਦੀ ਚਿੰਤਾ ਵਧ ਗਈ ਹੈ। ਆਪ ਉਮੀਦਵਾਰ ਨੇ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਲੋਕ ਵਿਧਾਇਕ ਬਲਬੀਰ ਸਿੱਧੂ ਦੀਆਂ ਕਥਿਤ ਵਧੀਕੀਆਂ ਤੋਂ ਬੇਹੱਦ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਵਿਅਕਤੀ ਉਨ੍ਹਾਂ ਵਿਰੁੱਧ ਅੱਗੇ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੇ ਸੁਪਨਿਆਂ ਨੂੰ ਕੁਚਲ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਐਤਕੀਂ ਵਿਧਾਨ ਸਭਾ ਚੋਣਾਂ ਇਲਾਕੇ ਦੇ ਲੋਕ ਸਿੱਧੂ ਭਰਾਵਾਂ ਨੂੰ ਸਬਕ ਸਿਖਾਉਣ ਦੇ ਮੂੜ ਵਿੱਚ ਹਨ।
ਇਸ ਮੌਕੇ ਆਪ ਦੇ ਜ਼ਿਲ੍ਹਾ ਪ੍ਰਧਾਨ ਮਾਲਵਿੰਦਰ ਸਿੰਘ ਕੰਗ, ਫੂਲਰਾਜ ਸਿੰਘ, ਸੁਖਮਿੰਦਰ ਸਿੰਘ ਬਰਨਾਲਾ, ਅਕਵਿੰਦਰ ਸਿੰਘ ਗੋਸਲ, ਗੁਰਮੇਲ ਸਿੰਘ ਸਨੇਟਾ, ਹਰਚੰਦ ਸਿੰਘ ਮਾਣਕਪੁਰ ਕੱਲਰ, ਦੇਵਦਾਸ ਪਿੰਡ ਮੌਲੀ, ਰਾਜਿੰਦਰ ਸਿੰਘ ਜੁਝਾਰ ਨਗਰ, ਸੁਖਵਿੰਦਰ ਸਿੰਘ ਸੈਣੀ ਬਾਕਰਪੁਰ ਅਤੇ ਰਜਿੰਦਰ ਸਿੰਘ ਬਹਿਲੋਲਪੁਰ ਵੀ ਹਾਜ਼ਰ ਸਨ।

Load More Related Articles

Check Also

ਪਹਿਲਗਾਮ ਅੱਤਵਾਦੀ ਹਮਲਾ: ਅਕਾਲੀ ਦਲ ਵੱਲੋਂ ਪੀੜਤ ਪਰਿਵਾਰਾਂ ਨੂੰ 5-5 ਕਰੋੜ ਮੁਆਵਜ਼ਾ ਦੇਣ ਦੀ ਮੰਗ

ਪਹਿਲਗਾਮ ਅੱਤਵਾਦੀ ਹਮਲਾ: ਅਕਾਲੀ ਦਲ ਵੱਲੋਂ ਪੀੜਤ ਪਰਿਵਾਰਾਂ ਨੂੰ 5-5 ਕਰੋੜ ਮੁਆਵਜ਼ਾ ਦੇਣ ਦੀ ਮੰਗ ਨਬਜ਼-ਏ-ਪੰ…