
ਸਾਬਕਾ ਮੇਅਰ ਕੁਲਵੰਤ ਸਿੰਘ ਦੇ ਆਜ਼ਾਦ ਗਰੁੱਪ ਨੇ 12 ਹੋਰ ਉਮੀਦਵਾਰ ਐਲਾਨੇ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 28 ਜਨਵਰੀ:
ਆਮ ਆਦਮੀ ਪਾਰਟੀ (ਆਪ) ਨਾਲ ਗੱਠਜੋੜ ਹੋਣ ਤੋਂ ਬਾਅਦ ਵੀਰਵਾਰ ਸ਼ਾਮ ਨੂੰ ਸਾਬਕਾ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜ਼ਾਦ ਗਰੁੱਪ ਨੇ 12 ਹੋਰ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ ਹੈ। ਆਜ਼ਾਦ ਗਰੁੱਪ ਦੇ ਮੁੱਖ ਚੋਣ ਦਫ਼ਤਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਕੌਂਸਲਰ ਪਰਵਿੰਦਰ ਸਿੰਘ ਸੋਹਾਣਾ ਅਤੇ ਫੂਲਰਾਜ ਸਿੰਘ ਨੇ ਦੱਸਿਆ ਕਿ ਵਾਰਡ ਨੰਬਰ-4 ਤੋਂ ਸਮਾਜ ਸੇਵੀ ਆਗੂ ਅਤੁਲ ਸ਼ਰਮਾ, ਵਾਰਡ ਨੰਬਰ-6 ਤੋਂ ਹਰਜੀਤ ਕੌਰ, ਵਾਰਡ ਨੰਬਰ-7 ਤੋਂ ਮਨਜੀਤ ਕੌਰ, ਵਾਰਡ ਨੰਬਰ-15 ਤੋਂ ਨਿਰਮਲ ਕੌਰ ਢਿੱਲੋਂ, ਵਾਰਡ ਨੰਬਰ-19 ਤੋਂ ਮਨਪ੍ਰੀਤ ਕੌਰ, ਵਾਰਡ ਨੰਬਰ-20 ਗੱਜਣ ਸਿੰਘ, ਵਾਰਡ ਨੰਬਰ-22 ਤੋਂ ਤਰੁਣਜੀਤ ਸਿੰਘ, ਵਾਰਡ ਨੰਬਰ-27 ਤੋਂ ਮੈਡਮ ਸੋਨੂੰ ਸੋਢੀ, ਵਾਰਡ ਨੰਬਰ-35 ਤੋਂ ਅਰੁਣਾ ਸ਼ਰਮਾ, ਵਾਰਡ ਨੰਬਰ-37 ਤੋਂ ਬਲਜਿੰਦਰ ਕੌਰ, ਵਾਰਡ ਨੰਬਰ-43 ਤੋਂ ਜਸਵੀਰ ਕੌਰ ਅਤੇ ਵਾਰਡ ਨੰਬਰ-44 ਤੋਂ ਬੀਰ ਸਿੰਘ ਬਾਜਵਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਸਾਬਕਾ ਮੇਅਰ ਕੁਲਵੰਤ ਸਿੰਘ ਨੇ ਦੱਸਿਆ ਕਿ ਆਪਣੇ ਬਲਬੂਤੇ ’ਤੇ ਆਜ਼ਾਦ ਚੋਣ ਲੜ ਰਹੇ ਮੁਹਾਲੀ ਦੇ ਸਾਬਕਾ ਮੇਅਰ ਅਤੇ ਟਕਸਾਲੀ ਆਗੂ ਮਨਜੀਤ ਸਿੰਘ ਸੇਠੀ ਅਤੇ ਉਨ੍ਹਾਂ ਦੇ ਸਮਰਥਕ ਹਰਵਿੰਦਰ ਕੌਰ ਲੰਗ ਦੇ ਮੁਕਾਬਲੇ ਆਜ਼ਾਦ ਗਰੁੱਪ ਅਤੇ ਆਪ ਆਪਣਾ ਕੋਈ ਉਮੀਦਵਾਰ ਖੜਾ ਨਹੀਂ ਕਰੇਗੀ। ਕਿਉਂਕਿ ਇਹ ਦੋਵੇਂ ਉਮੀਦਵਾਰ ਵੀ ਆਜ਼ਾਦ ਗਰੁੱਪ ਦੇ ਹਮਖ਼ਿਆਲੀ ਹਨ ਅਤੇ ਪਿਛਲੀ ਵਾਰ ਵੀ ਮੇਅਰ ਦੀ ਚੋਣ ਤੋਂ ਲੈ ਕੇ ਅਖੀਰਲੇ ਸਮੇਂ ਤੱਕ ਇਨ੍ਹਾਂ ਆਗੂਆਂ ਨੇ ਆਜ਼ਾਦ ਗਰੁੱਪ ਨੂੰ ਬਿਨਾਂ ਸ਼ਰਤ ਸਮਰਥਨ ਜਾਰੀ ਰੱਖ ਕੇ ਸ਼ਹਿਰ ਦੇ ਵਿਕਾਸ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਉਨ੍ਹਾਂ ਦੱਸਿਆ ਕਿ ਕਈ ਹੋਰਨਾਂ ਵਾਰਡਾਂ ਤੋਂ ਵੀ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਵਿਅਕਤੀ ਉਨ੍ਹਾਂ ਦੇ ਬੈਨਰ ਹੇਠ ਆਉਣ ਨੂੰ ਤਿਆਰ ਹਨ ਪ੍ਰੰਤੂ ਆਪ ਨਾਲ ਹੱਥ ਮਿਲਾਉਣ ਤੋਂ ਬਾਅਦ ਹੁਣ ਤੱਕ ਆਜ਼ਾਦ ਗਰੁੱਪ 42 ਉਮੀਦਵਾਰ ਐਲਾਨ ਚੁੱਕਾ ਹੈ ਅਤੇ ਬਾਕੀ ਰਹਿੰਦੇ ਉਮੀਦਵਾਰਾਂ ਬਾਰੇ ਵੀ ਅਗਲੇ ਇਕ ਦੋ ਦਿਨਾਂ ਵਿੱਚ ਅੰਤਿਮ ਫੈਸਲਾ ਲੈ ਲਿਆ ਜਾਵੇਗਾ।