
ਸਾਬਕਾ ਮੇਅਰ ਨੇ ਆਪਣਾ ਵਪਾਰਕ ਸਾਮਰਾਜ ਬਚਾਉਣ ਲਈ ਭਾਈਵਾਲਾਂ ਦੀ ਪਿੱਠ ’ਚ ਛੁਰਾ ਮਾਰਿਆ: ਬਰਾੜ
ਕੁਲਵੰਤ ਸਿੰਘ, ਬਲਬੀਰ ਸਿੰਘ ਸਿੱਧੂ ਦੀ ‘ਬੀ ਟੀਮ’ ਦਾ ਹਿੱਸਾ ਰਿਹਾ: ਅਕਾਲੀ ਦਲ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 20 ਜਨਵਰੀ:
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਮੁਹਾਲੀ ਦੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਆਪਣਾ ਵਪਾਰਕ ਸਾਮਰਾਜ ਬਚਾਉਣ ਵਾਸਤੇ ਆਪਣੇ ਹੀ ਭਾਈਵਾਲਾਂ ਦੀ ਪਿੱਠ ਵਿੱਚ ਛੁਰਾ ਮਾਰ ਕਰ ਦਿੱਤਾ ਤੇ ਉਹ ਮੰਤਰੀ ਬਲਬੀਰ ਸਿੰਘ ਸਿੱਧੂ ਦੀ ‘ਬੀ’ ਟੀਮ ਦਾ ਜ਼ਰੂਰੀ ਹਿੱਸਾ ਰਹੇ ਹਨ। ਲੋਕਾਂ ਨੂੰ ਕੁਲਵੰਤ ਸਿੰਘ ਅਤੇ ਉਸਦੇ ਮੌਕਾਪ੍ਰਸਤਾਂ ਦੇ ਟੋਲੇ ਦੇ ਬਾਇਕਾਟ ਦਾ ਸੱਦਾ ਦਿੰਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਅਜਿਹੀਆਂ ਰਿਪੋਰਟ ਹਨ ਕਿ ਕੁਲਵੰਤ ਸਿੰਘ ਨੂੰ ਕਾਂਗਰਸ ਸਰਕਾਰ ਤੋਂ ਧਮਕੀਆਂ ਮਿਲੀਆਂ ਸਨ ਕਿ ਜੇਕਰ ਉਹ ਅਕਾਲੀ ਦਲ ਨਾਲੋਂ ਵੱਖ ਨਾ ਹੋਏ ਤੇ ਵੱਖਰੇ ਚੋਣ ਨਾ ਲੜੀ ਤਾਂ ਫਿਰ ਉਨ੍ਹਾਂ ਦਾ ਬਿਜ਼ਨਸ ਅਸਥਿਰ ਕਰ ਦਿੱਤਾ ਜਾਵੇਗਾ।
ਸ੍ਰੀ ਬਰਾੜ ਨੇ ਕਿਹਾ ਕਿ ਕੁਲਵੰਤ ਸਿੰਘ ਇਕ ਵਾਰ ਫਿਰ ਤੋਂ ਕਾਇਰ ਸਾਬਤ ਹੋਏ ਹਨ। ਪਹਿਲਾਂ ਵੀ ਪਿਛਲੀਆਂ ਚੋਣਾਂ ਵਿਚ ਉਹ ਕਾਂਗਰਸੀ ਆਗੂ ਬਲਬੀਰ ਸਿੰਘ ਸਿੱਧੂ ਦੀ ਮਦਦ ਨਾਲ ਆਜ਼ਾਦ ਚੋਣਾਂ ਲੜੇ ਸਨ। ਇਸ ਵਾਰ ਵੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਵਜ਼ਾਰਤ ਦੇ ਸਭ ਤੋਂ ਦਾਗੀ ਮੰਤਰੀ ਦੀ ਮਦਦ ਕਰਨ ਦੀ ਜ਼ਿੰਮੇਵਾਰੀ ਆਪਣੇ ਉਪਰ ਲੈ ਲਈ ਹੈ ਜਦਕਿ ਬਲਬੀਰ ਸਿੱਧੂ ਨਸ਼ਾ ਛੁਡਾਊ ਗੋਲੀਆਂ ਤੇ ਕਰੋਨਾ ਵਾਰੀਅਰਜ਼ ਲਈ ਦਸਤਾਨੇ ਤੇ ਬਚਾਅ ਕਿੱਟਾਂ ਸਮੇਤ ਅਨੇਕਾਂ ਸਕੈਂਡਲਾਂ ਦੇ ਦੋਸ਼ੀ ਹਨ। ਉਨ੍ਹਾਂ ਕਿਹਾ ਕਿ ਕੁਲਵੰਤ ਸਿੰਘ ਨੇ ਉਸ ਵਿਅਕਤੀ ਨਾਲ ਹੱਥ ਮਿਲਾਉਣ ਲੱਗਿਆਂ ਇਕ ਵਾਰ ਵੀ ਨਹੀਂ ਸੋਚਿਆ ਜਿਸਨੇ ਪਰਿਵਾਰਕ ਟਰੱਸਟਾਂ ਦੇ ਨਾਂ ’ਤੇ ਸ਼ਹਿਰ ਦੀਆਂ ਬੇਸ਼ਕੀਮਤੀ ਜ਼ਮੀਨਾਂ ਹੜੱਪ ਕਰ ਲਈਆਂ।
ਸ੍ਰੀ ਬਰਾੜ ਨੇ ਕਿਹਾ ਕਿ ਕਾਂਗਰਸੀ ਆਗੂ ਬਲਬੀਰ ਸਿੱਧੂ ਨੁੰ ਕਿਸੇ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ। ਮੁਹਾਲੀ ਦੇ ਲੋਕਾਂ ਨੇ ਇਹ ਸਮਝ ਲਿਆ ਹੈ ਕਿ ਕਾਂਗਰਸ ਪਾਰਟੀ ਨੇ ਪਿਛਲੇ ਚਾਰ ਸਾਲਾਂ ਦੌਰਾਨ ਉਨ੍ਹਾਂ ਲਈ ਕੁਝ ਨਹੀਂ ਕੀਤਾ। ਮੁਹਾਲੀ ਵਿੱਚ ਜਿੰਨੇ ਵੀ ਵਿਕਾਸ ਕਾਰਜ ਹੋਏ ਉਹ ਸਿਰਫ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਯਤਨਾਂ ਦੀ ਬਦੌਲਤ ਹੋਏ ਹਨ ਜਿਨ੍ਹਾਂ ਨੇ ਮੁਹਾਲੀ ਨੂੰ ਵਿਸ਼ਵ ਪੱਧਰੀ ਸ਼ਹਿਰ ਬਣਾਉਣ ਦਾ ਮਿਸ਼ਨ ਮਿਥਿਆ ਸੀ। ਇਸ ਕਰਕੇ ਹੀ ਇਥੇ ਕੌਮਾਂਤਰੀ ਹਵਾਈ ਅੱਡਾ ਹੈ ਤੇ ਸਾਰੇ ਸ਼ਹਿਰ ਨੂੰ ਜੋੜਦੀਆਂ ਚਾਰ ਮਾਰਗੀ ਸੜਕਾਂ ਹਨ ਜੋ ਸਰਕਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਸਰਕਾਰ ਦੇ ਕਾਰਜਕਾਲ ਦੌਰਾਨ ਹੀ ਬਣਾਈਆਂ ਗਈਆਂ।
ਅਕਾਲੀ ਆਗੂ ਨੇ ਕਿਹਾ ਕਿ ਮੁਹਾਲੀ ਨੇ ਕਾਂਗਰਸ ਰਾਜ ਦੌਰਾਨ ਵਿਤਕਰੇ ਦਾ ਸਾਹਮਣਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਸ਼ਹਿਰ ਵਿੱਚ ਇਕ ਵੀ ਨਵਾਂ ਪ੍ਰਾਜੈਕਟ ਨਹੀਂ ਆਇਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਇਹ ਦੱਸਣ ਕਿ ਮੁਹਾਲੀ ਵਿੱਚ ਕਿਸ ਆਧਾਰ ’ਤੇ ਉਹ ਵੋਟਾਂ ਮੰਗ ਰਹੇ ਹਨ ਤੇ ਇਸਨੇ ਸ਼ਹਿਰ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਤੇ ਇਸਦੀ ‘ਬੀ ਟੀਮ’ ਕੁਲਵੰਤ ਸਿੰਘ ਗਰੁੱਪ ਨੂੰ ਨਗਰ ਨਿਗਮ ਚੋਣਾਂ ਵਿਚ ਪੂਰੀ ਤਰ੍ਹਾਂ ਰੱਦ ਕਰਨ ਦੀ ਅਪੀਲ ਵੀ ਕੀਤੀ।