ਕੁੰਭੜਾ ਕਤਲਕਾਂਡ: ‘ਆਪ’ ਵਿਧਾਇਕ ਅਤੇ ਐੱਸਐੱਸਪੀ ਦੇ ਕਹਿਣ ’ਤੇ ਵੀ ਨਹੀਂ ਚੁੱਕਿਆ ਧਰਨਾ

ਮੁਹਾਲੀ ਪੁਲੀਸ ਨੇ ਆਵਾਜਾਈ ਲਈ ਕੀਤੇ ਬਦਲਵੇਂ ਆਰਜ਼ੀ ਪ੍ਰਬੰਧ

ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ:
ਪਿੰਡ ਕੁੰਭੜਾ ਦੇ ਨੌਜਵਾਨ ਦਮਨਪ੍ਰੀਤ ਸਿੰਘ (17) ਦੇ ਕਤਲ ਮਾਮਲੇ ਵਿੱਚ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਇਨਸਾਫ਼ ਪ੍ਰਾਪਤੀ ਲਈ ਦਮਨਪ੍ਰੀਤ ਲਾਸ਼ ਸੜਕ ’ਤੇ ਰੱਖ ਕੇ ਮੁਹਾਲੀ ਏਅਰਪੋਰਟ ਸੜਕ ’ਤੇ ਲਾਇਆ ਧਰਨਾ ਸ਼ੁੱਕਰਵਾਰ ਨੂੰ ਦੂਜੇ ਦਿਨ ਵੀ ਜਾਰੀ ਰਿਹਾ। ਅੱਜ ਗੁਰਪੁਰਬ ਮੌਕੇ ਜਿੱਥੇ ਇਲਾਕੇ ਦੀ ਸੰਗਤ ਗੁਰੂਘਰਾਂ ਵਿੱਚ ਨਤਮਸਤਕ ਹੋ ਕੇ ਆਪਣੇ ਪਰਿਵਾਰਾਂ ਦੀ ਸੁੱਖ-ਸ਼ਾਂਤੀ ਅਤੇ ਸਰਬੱਤ ਦਾ ਭਲਾ ਮੰਗ ਰਹੀਆਂ ਸਨ, ਉੱਥੇ ਦੂਜੇ ਪਾਸੇ ਪੀੜਤ ਲੋਕ ਸੜਕ ’ਤੇ ਚੱਕਾ ਜਾਮ ਕਰਕੇ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਸਰਕਾਰ ਅਤੇ ਕਾਨੂੰਨ ਵਿਵਸਥਾ ਨੂੰ ਕੋਸ ਰਹੇ ਸਨ।
ਉਧਰ, ਮੁਹਾਲੀ ਤੋਂ ‘ਆਪ’ ਦੇ ਵਿਧਾਇਕ ਕੁਲਵੰਤ ਸਿੰਘ ਅਤੇ ਐੱਸਐੱਸਪੀ ਦੀਪਕ ਪਾਰਿਕ ਅਤੇ ਐਸਡੀਐਮ ਦਮਨਦੀਪ ਕੌਰ ਵੀ ਪੀੜਤ ਲੋਕਾਂ ਨਾਲ ਹਮਦਰਦੀ ਪ੍ਰਗਟਾਉਣ ਲਈ ਧਰਨੇ ਵਾਲੀ ਥਾਂ ’ਤੇ ਪਹੁੰਚੇ। ਉਨ੍ਹਾਂ ਪੀੜਤਾਂ ਨੂੰ ਇਨਸਾਫ਼ ਦਿਵਾਉਣ ਅਤੇ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦਿਵਾਉਣ ਦਾ ਭਰੋਸਾ ਦਿੰਦੇ ਹੋਏ ਧਰਨਾ ਚੁੱਕਣ ਅਤੇ ਮ੍ਰਿਤਕ ਨੌਜਵਾਨ ਦਾ ਅੰਤਿਮ ਸਸਕਾਰ ਕਰਨ ਦੀ ਅਪੀਲ ਕੀਤੀ ਲੇਕਿਨ ਪੀੜਤ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਗੱਲ ’ਤੇ ਅੜੇ ਰਹੇ ਅਤੇ ਦੇਰ ਸ਼ਾਮ ਵੀ ਧਰਨਾ ਜਾਰੀ ਸੀ।
ਸੜਕ ’ਤੇ ਆਵਾਜਾਈ ਠੱਪ ਹੋਣ ਕਾਰਨ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਪਿਆ। ਕੁੰਭੜਾ ਤੋਂ ਸੈਕਟਰ-78 ਤੇ ਸੈਕਟਰ-79 ਸੜਕ, ਰਾਏਪੁਰ ਤੋਂ ਸਿੱਧਾ ਮੁਹਾਲੀ ਆਉਣ ਵਾਲੀ ਸੜਕ, ਸੋਹਾਣਾ ਤੋਂ ਏਅਰਪੋਰਟ ਅਤੇ ਏਅਰਪੋਰਟ ਤੋਂ ਬਲੌਂਗੀ ਜਾਣ ਵਾਲੀ 200 ਫੁੱਟ ਮੁੱਖ ਸੜਕ ’ਤੇ ਆਵਾਜਾਈ ਪ੍ਰਭਾਵਿਤ ਰਹੀ। ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਦੀ ਸਹੂਲਤ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਹਨ। ਧਰਨੇ ਵਾਲੀ ਥਾਂ ਤੋਂ ਪਿੱਛੇ ਹਟ ਕੇ ਸੜਕਾਂ ਉੱਤੇ ਪੁਲੀਸ ਦੇ ਵਾਹਨ ਖੜੇ ਕੀਤੇ ਗਏ ਹਨ ਅਤੇ ਇਨ੍ਹਾਂ ਥਾਵਾਂ ’ਤੇ ਪੁਲੀਸ ਕਰਮਚਾਰੀ ਤਾਇਨਾਤ ਕਰਕੇ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਦੂਜੇ ਰਸਤੇ ਭੇਜਿਆ ਜਾ ਰਿਹਾ ਹੈ ਤਾਂ ਜੋ ਉਹ ਆਪਣੀ ਮੰਜ਼ਲ ’ਤੇ ਪਹੁੰਚ ਸਕਣ।
ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ 24 ਘੰਟੇ ਬੀਤ ਜਾਣ ਦੇ ਬਾਵਜੂਦ ਪੁਲੀਸ ਦੇ ਹੱਥ ਖਾਲੀ ਹਨ। ਉਨ੍ਹਾਂ ਕਿਹਾ ਕਿ ਸਾਰੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੱਕ ਧਰਨਾ ਜਾਰੀ ਰਹੇਗਾ ਅਤੇ ਜੇਕਰ ਮੁਲਜ਼ਮ ਫੜੇ ਨਹੀਂ ਗਏ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …