ਕੁੰਭੜਾ ਕਤਲ-ਕਾਂਡ: ਲੋਕਹਿੱਤ ਵਿੱਚ ਧਰਨਾ ਦੇਣ ’ਤੇ ਅਕਾਲੀ ਆਗੂ ਪਰਵਿੰਦਰ ਸੋਹਾਣਾ ਖ਼ਿਲਾਫ਼ ਕੇਸ ਦਰਜ

ਜੇਕਰ ਲੋਕਹਿੱਤ ਵਿੱਚ ਖੜ੍ਹਨਾ ਜੁਰਮ ਹੈ ਤਾਂ ਉਹ ਅਜਿਹੇ ਜੁਰਮ ਵਾਰ-ਵਾਰ ਕਰਨਗੇ: ਪਰਵਿੰਦਰ ਸੋਹਾਣਾ

ਨਬਜ਼-ਏ-ਪੰਜਾਬ, ਮੁਹਾਲੀ, 30 ਨਵੰਬਰ:
ਇਨਸਾਫ਼ ਪ੍ਰਾਪਤੀ ਅਤੇ ਨੌਜਵਾਨਾਂ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਨੂੰ ਲੈ ਕੇ ਮੁਹਾਲੀ ਏਅਰਪੋਰਟ ਸੜਕ ’ਤੇ ਧਰਨਾ ਲਗਾਉਣ ਦੇ ਦੋਸ਼ ਵਿੱਚ ਮੁਹਾਲੀ ਪੁਲੀਸ ਨੇ ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਜਥੇਦਾਰ ਪਰਵਿੰਦਰ ਸਿੰਘ ਸੋਹਾਣਾ ਵਿਰੁੱਧ ਪਰਚਾ ਦਰਜ ਕਰਜ ਕੀਤਾ ਹੈ। ਪੁਲੀਸ ਦੀ ਇਸ ਕਾਰਵਾਈ ਦੀ ਇਨਸਾਫ਼ ਪਸੰਦ ਲੋਕਾਂ ਸਮੇਤ ਚੁਫੇਰਿਓਂ ਨਿਖੇਧੀ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਬੀਤੀ 13 ਨਵੰਬਰ ਨੂੰ ਇੱਥੋਂ ਦੇ ਸੈਕਟਰ-68 (ਪਿੰਡ ਕੁੰਭੜਾ) ਵਿੱਚ ਪ੍ਰਵਾਸੀਆਂ ਵੱਲੋਂ ਦੋ ਪੰਜਾਬੀ ਨੌਜਵਾਨਾਂ ਦਮਨਪ੍ਰੀਤ ਸਿੰਘ (17) ਅਤੇ ਦਿਲਪ੍ਰੀਤ ਸਿੰਘ (16) ਦਾ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ ਅਤੇ ਘਟਨਾ ਤੋਂ ਬਾਅਦ ਸਾਰੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ਵਿੱਚ ਮ੍ਰਿਤਕ ਦਮਨਪ੍ਰੀਤ ਸਿੰਘ (17) ਦੀ ਲਾਸ਼ ਨੂੰ ਏਅਰਪੋਰਟ ਸੜਕ ’ਤੇ ਰੱਖ ਕੇ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਨੇ ਚੱਕਾ ਜਾਮ ਕਰਕੇ ਪੰਜਾਬ ਸਰਕਾਰ ਅਤੇ ਪੁਲੀਸ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਧਰਨਾ ਦੇਣ ਕਾਰਨ ਤਿੰਨ ਦਿਨ ਏਅਰਪੋਰਟ ਸੜਕ ’ਤੇ ਆਵਾਜਾਈ ਪ੍ਰਭਾਵਿਤ ਰਹੀ ਸੀ।
ਪੁਲੀਸ ਅਨੁਸਾਰ ਧਰਨਾ ਪ੍ਰਦਰਸ਼ਨ ਦੌਰਾਨ ਏਐਸਆਈ ਅਤੇ ਦੋ ਸਿਪਾਹੀਆਂ ਸਮੇਤ ਸੈਕਟਰ-68\69 ਲਾਈਟਾਂ ਨੇੜੇ ਟਰੈਫ਼ਿਕ ਕੰਟਰੋਲ ਕਰ ਰਿਹਾ ਸੀ ਤਾਂ ਮੁਖਬਰ ਨੇ ਦੱਸਿਆ ਕਿ ਏਅਰਪੋਰਟ ਸੜਕ ਦੇ ਵਿਚਕਾਰ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਬੈਦਵਾਨ ਸੋਹਾਣਾ ਅਤੇ ਮਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਕੁੰਭੜਾ ਪ੍ਰਧਾਨ ਰੇਹੜੀ-ਫੜੀ ਯੂਨੀਅਨ ਸਮੇਤ ਹੋਰ ਅਣਪਛਾਤੇ ਵਿਅਕਤੀਆਂ ਨੇ ਪਿੰਡ ਕੁੰਭੜਾ ਵਿਖੇ ਨੌਜਵਾਨ ਦਮਨਪ੍ਰੀਤ ਸਿੰਘ ਦੀ ਮੌਤ ਸਬੰਧੀ ਇਕੱਠੇ ਹੋਏ ਭੋਲੇ ਭਾਲੇ ਲੋਕਾਂ ਨੂੰ ਗੁਮਰਾਹ ਕਰਕੇ ਅਤੇ ਭੜਕਾ ਕੇ ਮੁੱਖ ਸੜਕ ’ਤੇ ਲਿਆ ਕੇ ਖਤਰਨਾਕ ਤਰੀਕੇ ਨਾਲ ਆਵਾਜਾਈ ਵਿੱਚ ਵਿਘਨ ਪਾਇਆ ਹੈ। ਇਸ ਨਾਲ ਆਮ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਸੀ।
ਇਸ ਸਬੰਧੀ ਅਕਾਲੀ ਆਗੂ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਉਹ ਪੁਲੀਸ ਦੀ ਧੱਕੇਸ਼ਾਹੀ ਤੋਂ ਡਰ ਕੇ ਘਰ ਬੈਠਣ ਵਾਲੇ ਨਹੀਂ ਹਨ। ਉਨ੍ਹਾਂ ਕਿਹਾ ਕਿ ਕੁੰਭੜਾ ਵਿੱਚ ਦੋ ਪੰਜਾਬ ਨੌਜਵਾਨਾਂ ਨੂੰ ਸ਼ਰ੍ਹੇਆਮ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਉਹ ਆਪਣੇ ਪਾਰਟੀ ਵਰਕਰਾਂ ਸਮੇਤ ਧਰਨੇ ’ਤੇ ਬੈਠੇ ਸਨ। ਉਨ੍ਹਾਂ ਕਿਹਾ ਕਿ ਇਨਸਾਫ਼ ਲਈ ਧਰਨਾ ਦੇਣਾ ਕੋਈ ਜੁਰਮ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਪੁਲੀਸ ਮੌਕੇ ’ਤੇ ਹੀ ਹਮਲਾਵਰਾਂ ਨੂੰ ਫੜ ਕੇ ਹਵਾਲਾਤ ਵਿੱਚ ਬੰਦ ਕਰ ਦਿੰਦੀ ਤਾਂ ਲੋਕਾਂ ਨੂੰ ਸੜਕ ’ਤੇ ਚੱਕਾ ਜਾਮ ਕਰਨ ਦੀ ਲੋੜ ਨਾ ਪੈਂਦੀ। ਉਨ੍ਹਾਂ ਕਿਹਾ ਕਿ ਜੇਕਰ ਲੋਕਹਿੱਤ ਵਿੱਚ ਖੜ੍ਹਨਾ ਜੁਰਮ ਹੈ ਤਾਂ ਉਹ ਅਜਿਹੇ ਜੁਰਮ ਵਾਰ-ਵਾਰ ਕਰਦੇ ਰਹਿਣਗੇ, ਭਾਵੇਂ ਪੁਲੀਸ ਉਨ੍ਹਾਂ ਖ਼ਿਲਾਫ਼ ਅਜਿਹੇ 100 ਪਰਚੇ ਦਰਜ ਦਰ ਦੇਵੇ, ਉਹ ਡਰਨ ਵਾਲਿਆਂ ’ਚੋਂ ਨਹੀਂ ਹਨ। ਉਨ੍ਹਾਂ ਕਿਹਾ ਕਿ ਸੋਹਾਣਾ ਸਮਾਗਮ ਤੋਂ ਬਾਅਦ ਪੁਲੀਸ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਅਕਾਲੀ ਦਲ ਦੀ ਮੀਟਿੰਗ ਸੱਦ ਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ

ਪਿੰਡਾਂ ਲਈ ਵੱਖਰੇ ਬਾਇਲਾਜ ਬਣਾਉਣ ਦੀ ਮੰਗ ਉੱਠੀ, ਅਕਾਲੀ ਦਲ ਨੇ ਚੁੱਕਿਆਂ ਮੁੱਦਾ ਅੰਗਰੇਜ਼ਾਂ ਵੇਲੇ ਸ਼ਹਿਰੀ ਕਾ…