nabaz-e-punjab.com

ਪੁੱਡਾ ਦੇ ਮੁਲਾਜ਼ਮ ’ਤੇ ਕੁੰਭੜਾ ਦੀ ਅੌਰਤ ਵੱਲੋਂ ਵਿਆਹ ਦਾ ਝਾਂਸਾ ਦੇ ਕੇ ਸ਼ਰੀਰਕ ਸ਼ੋਸ਼ਣ ਕਰਨ ਦਾ ਦੋਸ਼

ਪੀੜਤ ਅੌਰਤ ਨੇ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲ ਕੇ ਪੁੱਡਾ ਮੁਲਾਜ਼ਮ ਖ਼ਿਲਾਫ਼ ਦਿੱਤੀ ਲਿਖਤੀ ਸ਼ਿਕਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਨਵੰਬਰ:
ਜ਼ਿਲ੍ਹਾ ਮੋਹਾਲੀ ਦੇ ਪਿੰਡ ਕੁੰਭੜਾ ਦੀ ਵਸਨੀਕ ਅੌਰਤ ਨੇ ਪੁੱਡਾ ਦੇ ਇਕ ਮੁਲਾਜ਼ਮ ਉਤੇ ਉਸ ਨਾਲ ਲਗਾਤਾਰ 14 ਸਾਲ ਸ਼ਰੀਰਕ ਸ਼ੋਸ਼ਣ ਕਰਨ ਦੇ ਦੋਸ਼ ਲਗਾਏ ਹਨ। ਇਨਸਾਫ਼ ਲਈ ਦਰ ਦਰ ਦੀਆਂ ਠੋਕਰਾਂ ਖਾ ਚੁੱਕੀ ਨੇ ਅੱਤਿਆਚਾਰ ਅਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨਾਲ ਸੰਪਰਕ ਕੀਤਾ। ਜਿਨ੍ਹਾਂ ਨੇ ਉਸ ਦੀ ਮੱਦਦ ਵਿਚ ਆਉਂਦਿਆਂ ਐਸਐਸਪੀ ਕੁਲਦੀਪ ਸਿੰਘ ਚਹਿਲ ਨੂੰ ਮਿਲਵਾ ਕੇ ਪੀੜਤ ਅੌਰਤ ਨੂੰ ਇਨਸਾਫ਼ ਦਿਵਾਉਣ ਦੀ ਮੰਗ ਕੀਤੀ। ਸ਼ਿਕਾਇਤ ਦੀ ਇਕ ਕਾਪੀ ਐਸਐਚਓ ਪੁਲੀਸ ਸਟੇਸ਼ਨ ਫੇਜ਼-8 ਨੂੰ ਵੀ ਦਿੱਤੀ ਗਈ ਹੈ।
ਪੀੜਤ ਅੌਰਤ ਨੇ ਕਿਹਾ ਕਿ ਉਹ ਪਿਛਲੇ ਲਗਭਗ 30 ਸਾਲ ਤੋਂ ਪਿੰਡ ਵਿਚ ਕਿਰਾਏਦਾਰ ਦੇ ਤੌਰ ’ਤੇ ਰਹਿ ਰਹੀ ਹੈ। ਜਿਸ ਮਕਾਨ ਵਿੱਚ ਉਹ ਰਹਿ ਰਹੀ ਸੀ, ਉਸੇ ਬਿਲਡਿੰਗ ਵਿੱਚ ਉਸ ਦੀ ਪੱਤ ਲੁੱਟਣ ਵਾਲਾ ਨੌਜਵਾਨ ਵੀ ਆਪਣੀ ਮਾਤਾ ਅਤੇ ਭਰਾ ਦੇ ਨਾਲ ਕਿਰਾਏਦਾਰ ਵਜੋਂ ਰਹਿੰਦਾ ਸੀ। ਪੀੜਤ ਅੌਰਤ ਨੇ ਦੱਸਿਆ ਕਿ ਉਸਦੇ ਆਪਣੇ ਕਮਰੇ ਵਿਚ ਇਕੱਲੀ ਰਹਿਣ ਕਾਰਨ ਉਕਤ ਨੌਜਵਾਨ ਕੁਝ ਸਾਲ ਪਹਿਲਾਂ ਉਸ ਦੇ ਕਮਰੇ ਵਿੱਚ ਆਉਣ ਜਾਣ ਲੱਗ ਪਿਆ ਅਤੇ ਉਸ ਨੂੰ ਵਿਆਹ ਦਾ ਝਾਂਸਾ ਦੇ ਕੇ ਉਸ ਨਾਲ ਨਾਜਾਇਜ਼ ਸਬੰਧ ਬਣਾਉਣ ਲੱਗ ਪਿਆ। ਨੌਜਵਾਨ ਵੱਲੋਂ ਲਗਾਤਾਰ ਨਾਜਾਇਜ਼ ਸਬੰਧ ਬਣਾਉਣ ਕਾਰਨ ਕਰੀਬ 12 ਸਾਲ ਪਹਿਲਾਂ ਉਹ ਗਰਭਵਤੀ ਹੋ ਗਈ ਅਤੇ 2 ਦਸੰਬਰ 2006 ਨੂੰ ਉਸ ਦੀ ਕੁੱਖ ਤੋਂ ਇੱਕ ਬੇਟੇ ਨੇ ਜਨਮ ਲਿਆ। ਉਸ ਦਾ ਬੇਟਾ ਹੁਣ 13 ਸਾਲ ਦਾ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਉਕਤ ਨੌਜਵਾਨ ਨਾਲ ਵਿਆਹ ਕਰਵਾਉਣ ਦੀ ਗੱਲ ਕਰਦੀ ਸੀ ਤਾਂ ਉਹ ਉਸ ਨੂੰ ਆਤਮ ਹੱਤਿਆ ਕਰਨ ਦੀ ਧਮਕੀ ਦੇ ਡਰਾ ਕੇ ਚੁੱਪ ਕਰਵਾ ਦਿੰਦਾ ਸੀ।
ਇਸੇ ਦੌਰਾਨ ਨੌਜਵਾਨ ਨੂੰ ਆਪਣੇ ਪਿਤਾ ਦੀ ਮੌਤ ਉਪਰੰਤ ਤਰਸ ਦੇ ਅਧਾਰ ਉੱਤੇ ਪੁੱਡਾ ਵਿੱਚ ਨੌਕਰੀ ਮਿਲ ਗਈ। ਨੌਕਰੀ ਮਿਲਦਿਆਂ ਹੀ ਉਸ ਦੇ ਤੇਵਰ ਬਦਲ ਗਏ ਅਤੇ ਕਈ ਸਾਲ ਲਗਾਤਾਰ ਉਸ ਨਾਲ ਰਹਿਣ ਉਪਰੰਤ ਉਹ ਹੁਣ ਉਸ ਨੂੰ ਛੱਡ ਕੇ ਕਿਧਰੇ ਹੋਰ ਅਣਦੱਸੀ ਥਾਂ ’ਤੇ ਰਹਿਣ ਲੱਗ ਪਿਆ ਹੈ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਪੁੱਡਾ ਮੁਲਾਜ਼ਮ ਵਜੋਂ ਪਿੰਡ ਕੁੰਭੜਾ ਵਿੱਚ ਬੀ.ਐਲ.ਓ. ਵਜੋਂ ਡਿਊਟੀ ਕਰ ਚੁੱਕੇ ਨੌਜਵਾਨ ਨੇ ਖ਼ੁਦ ਆਪਣੇ ਆਪ ਹੀ ਉਸਦੇ ਸਰਕਾਰੀ ਰਿਕਾਰਡਾਂ ਵਿੱਚ ਦਸਤਖ਼ਤ ਕਰਕੇ ਉਸ ਦੇ ਨਾਲ ਪਤੀ ਪਤਨੀ ਵਜੋਂ ਵੋਟਰ ਕਾਰਡ, ਆਧਾਰ ਕਾਰਡ ਆਦਿ ਬਣਵਾਏ। ਇੱਥੇ ਹੀ ਬੱਸ ਨਹੀਂ ਸਗੋਂ ਨੌਜਵਾਨ ਨੇ ਆਪਣੀ ਬਾਂਹ ਉੱਤੇ ਵੀ ਉਸਦਾ ਨਿੱਕਨੇਮ ਬੱਬੀ ਵੀ ਖੁਣਵਾਇਆ ਹੋਇਆ ਹੈ।
ਪੀੜਤ ਅੌਰਤ ਨੇ ਜ਼ਿਲ੍ਹਾ ਪੁਲੀਸ ਮੁਖੀ ਅਤੇ ਪੰਜਾਬ ਪੁਲੀਸ ਦੇ ਹੋਰ ਉਚ ਅਧਿਕਾਰੀਆਂ ਕੋਲੋਂ ਇਨਸਾਫ਼ ਦੀ ਮੰਗ ਕਰਦਿਆਂ ਗੁਹਾਰ ਲਗਾਈ ਹੈ ਕਿ ਉਸ ਨੂੰ ਲਗਾਤਾਰ 14 ਸਾਲਾਂ ਤੱਕ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਪੁੱਡਾ ਮੁਲਾਜ਼ਮ ਖਿਲਾਫ਼ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਉਸ ਨੇ ਮੰਗ ਕੀਤੀ ਕਿ ਨੌਜਵਾਨ ਖ਼ਿਲਾਫ਼ ਉਸ ਨਾਲ ਬਲਾਤਕਾਰ ਕਰਨ, ਵਿਸ਼ਵਾਸ਼ਘਾਤ ਕਰਨ ਅਤੇ ਬਲੈਕ ਮੇਲਿੰਗ ਕਰਨ ਦੀਆਂ ਧਾਰਾਵਾਂ ਤਹਿਤ ਤੁਰੰਤ ਕੇਸ ਦਰਜ ਕਰਕੇ ਉਸ ਨੂੰ ਇਨਸਾਫ਼ ਦਿੱਤਾ ਜਾਵੇ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…