ਕੁੰਭੜਾ ਹੱਤਿਆਕਾਂਡ: ਪ੍ਰਵਾਸੀਆਂ ਦੀ ਵੈਰੀਫਿਕੇਸ਼ਨ ਤੇ ਵੋਟਾਂ ਕੱਟਣ ਦਾ ਕੰਮ ਸ਼ੁਰੂ
ਸਰਕਾਰ ਦੀ ਪਹਿਲਕਦਮੀ ਦੀ ਪਿੰਡ ਵਾਸੀਆਂ ਨੇ ਸ਼ਲਾਘਾ ਕੀਤੀ: ਬਲਵਿੰਦਰ ਕੁੰਭੜਾ
ਨਬਜ਼-ਏ-ਪੰਜਾਬ, ਮੁਹਾਲੀ, 4 ਜਨਵਰੀ:
ਅੱਤਿਆਚਾਰ ਭਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਐਸਸੀ\ਬੀਸੀ ਮਹਾ ਪੰਚਾਇਤ ਪੰਜਾਬ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਭੜਾ ਨੇ ਦੱਸਿਆ ਕਿ ਬੀਤੀ 13 ਨਵੰਬਰ ਨੂੰ ਪਿੰਡ ਕੁੰਭੜਾ ਵਿੱਚ ਪ੍ਰਵਾਸੀਆਂ ਵੱਲੋਂ ਦੋ ਪੰਜਾਬੀ ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਲਾਕਾ ਨਿਵਾਸੀਆਂ ਨੇ ਏਅਰਪੋਰਟ ਰੋਡ ’ਤੇ ਤਿੰਨ ਦਿਨ ਲਗਾਤਾਰ ਧਰਨਾ ਲਗਾਇਆ ਸੀ। ਧਰਨਾਕਾਰੀਆਂ ਨੇ ਪੀੜਤ ਪਰਿਵਾਰਾਂ ਦੇ ਹਿੱਤ ਲਈ ਕਈ ਮੰਗਾਂ ਸਰਕਾਰ ਅੱਗੇ ਰਾਜਪਾਲ ਪੰਜਾਬ, ਮੁੱਖ ਮੰਤਰੀ ਅਤੇ ਡਿਪਟੀ ਕਮਿਸ਼ਨਰ ਰਾਹੀਂ ਪ੍ਰੈੱਸ ਦੇ ਸਾਹਮਣੇ ਮੰਗ ਪੱਤਰ ਰਾਹੀਂ ਰੱਖੀਆਂ। ਜਿਸ ਵਿੱਚ ਇੱਕ ਅਹਿਮ ਮੰਗ ਪ੍ਰਵਾਸੀਆਂ ਦੀਆਂ ਬਣੀਆਂ ਗਲਤ ਵੋਟਾਂ ਕਟਵਾਉਣ ਸਬੰਧੀ ਕੀਤੀ ਗਈ ਸੀ। ਸਰਕਾਰ ਵੱਲੋਂ ਇਸ ਮੰਗ ਨੂੰ ਪਹਿਲ ਦੇ ਆਧਾਰ ਤੇ ਲੈਂਦੇ ਹੋਏ ਪ੍ਰਵਾਸੀਆਂ ਦੀਆਂ ਬਣੀਆਂ ਵੋਟਾਂ ਦੀ ਚੈਕਿੰਗ ਲਈ ਅਤੇ ਗਲਤ ਬਣੀਆਂ ਵੋਟਾਂ ਕੱਟਣ ਲਈ ਸਬੰਧਤ ਬੀਐਲਓ ਮੈਡਮ ਸਲੋਨੀ ਅਤੇ ਮੈਡਮ ਰਮਿਤਾ ਰਾਣੀ ਪਿੰਡ ਕੁੰਭੜਾ ਪਹੁੰਚੇ ਅਤੇ ਉਨ੍ਹਾਂ ਨੇ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ। ਬਲਵਿੰਦਰ ਸਿੰਘ ਕੁੰਭੜਾ ਨੇ ਸਮੂਹ ਇਲਾਕਾ ਨਿਵਾਸੀਆਂ ਅਤੇ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਸਰਕਾਰੀ ਕਰਮਚਾਰੀਆਂ ਦਾ ਸਹਿਯੋਗ ਦੇ ਕੇ ਇਸ ਮੁਹਿੰਮ ਨੂੰ ਕਾਮਯਾਬ ਕੀਤਾ ਜਾਵੇ ਤਾਂ ਜੋ ਮੰਗ ਪੱਤਰ ਸ਼ਾਮਲ ਮੰਗਾਂ ’ਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਸਕੇ। ਇਸ ਮੌਕੇ ਮਨਜੀਤ ਸਿੰਘ ਮੇਵਾ, ਕਰਨੈਲ ਸਿੰਘ ਜੈਲੀ ਤੇ ਮਨਦੀਪ ਸਿੰਘ ਕੁੰਭੜਾ ਅਤੇ ਹੋਰ ਪਤਵੰਤੇ ਹਾਜ਼ਰ ਸਨ।