ਕੁੰਭੜਾ ਹੱਤਿਆਕਾਂਡ: ਮੁਹਾਲੀ ਏਅਰਪੋਰਟ ਸੜਕ ’ਤੇ ਆਮ ਦਿਨਾਂ ਵਾਂਗ ਆਵਾਜਾਈ ਸ਼ੁਰੂ

ਨਬਜ਼-ਏ-ਪੰਜਾਬ, ਮੁਹਾਲੀ, 16 ਨਵੰਬਰ:
ਪਿੰਡ ਕੁੰਭੜਾ ਦੇ ਨੌਜਵਾਨ ਦਮਨਪ੍ਰੀਤ ਸਿੰਘ (17) ਦੇ ਕਤਲ ਮਾਮਲੇ ਵਿੱਚ ਪੀੜਤ ਪਰਿਵਾਰ ਅਤੇ ਪਿੰਡ ਵਾਸੀਆਂ ਵੱਲੋਂ ਮੁਹਾਲੀ ਏਅਰਪੋਰਟ ਸੜਕ ’ਤੇ ਲਾਇਆ ਧਰਨਾ ਅੱਜ ਤੀਜੇ ਦਿਨ ਖ਼ਤਮ ਹੋ ਗਿਆ। ਪੀੜਤ ਪਰਿਵਾਰ ਅਤੇ ਪਿੰਡ ਵਾਸੀ ਇਨਸਾਫ਼ ਪ੍ਰਾਪਤੀ ਲਈ ਦਮਨਪ੍ਰੀਤ ਲਾਸ਼ ਸੜਕ ’ਤੇ ਰੱਖ ਕੇ ਤਿੰਨਾਂ ਤੋਂ ਧਰਨੇ ’ਤੇ ਬੈਠੇ ਸਨ ਪ੍ਰੰਤੂ ਪੁਲੀਸ ਵੱਲੋਂ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲੈਣ ਤੋਂ ਬਾਅਦ ਧਰਨਾ ਚੁੱਕਿਆ ਗਿਆ ਅਤੇ ਇਸ ਤੋਂ ਬਾਅਦ ਸਨਿੱਚਰਵਾਰ ਨੂੰ ਆਮ ਦਿਨਾਂ ਵਾਂਗ ਮੁਹਾਲੀ ਏਅਰਪੋਰਟ ਸੜਕ ’ਤੇ ਆਵਾਜਾਈ ਸ਼ੁਰੂ ਹੋ ਸਕੀ।
ਕੁੰਭੜਾ ਤੋਂ ਸੈਕਟਰ-78 ਤੇ ਸੈਕਟਰ-79 ਸੜਕ, ਰਾਏਪੁਰ ਤੋਂ ਸਿੱਧਾ ਮੁਹਾਲੀ ਆਉਣ ਵਾਲੀ ਸੜਕ, ਸੋਹਾਣਾ ਤੋਂ ਏਅਰਪੋਰਟ ਅਤੇ ਏਅਰਪੋਰਟ ਤੋਂ ਬਲੌਂਗੀ ਜਾਣ ਵਾਲੀ 200 ਫੁੱਟ ਮੁੱਖ ਸੜਕ ’ਤੇ ਤਿੰਨ ਦਿਨਾਂ ਤੋਂ ਆਵਾਜਾਈ ਪ੍ਰਭਾਵਿਤ ਸੀ। ਜਿਸ ਕਾਰਨ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੁਹਾਲੀ ਦੇ ਡੀਐਸਪੀ (ਸਿਟੀ-2) ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਧਰਨਾ ਪ੍ਰਦਰਸ਼ਨ ਦੌਰਾਨ ਸ਼ਹਿਰ ਵਾਸੀਆਂ ਅਤੇ ਰਾਹਗੀਰਾਂ ਦੀ ਸਹੂਲਤ ਲਈ ਬਦਲਵੇਂ ਪ੍ਰਬੰਧ ਕੀਤੇ ਗਏ ਸਨ ਲੇਕਿਨ ਅੱਜ ਇਸ ਸੜਕ ’ਤੇ ਆਵਾਜਾਈ ਬਹਾਲ ਹੋ ਗਈ ਹੈ।
ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਸ ਮਾਮਲੇ ਵਿੱਚ ਫ਼ਰਾਰ ਦੋਵੇਂ ਮੁਲਜ਼ਮਾਂ ਨੂੰ ਵੀ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਕੁੰਭੜਾ ਸਮੇਤ ਨਗਰ ਨਿਗਮ ਅਧੀਨ ਆਉਂਦੇ ਛੇ ਪਿੰਡਾਂ ਅਤੇ ਸ਼ਹਿਰ ਵਿੱਚ ਹੋਰਨਾਂ ’ਤੇ ਅਣਅਧਿਕਾਰਤ ਪੀਜੀ ਖ਼ਿਲਾਫ਼ ਸਖ਼ਤ ਕਾਨੂੰਨੀ ਸ਼ਿਕੰਜਾ ਕੱਸਿਆ ਜਾਵੇ ਅਤੇ ਪੀਜੀ ਸਮੇਤ ਘਰਾਂ ਵਿੱਚ ਰੱਖੇ ਕਿਰਾਏਦਾਰਾਂ ਖਾਸ ਕਰਕੇ ਬਾਹਰਲੇ ਸੂਬਿਆਂ ਦੇ ਵਿਅਕਤੀਆਂ ਦੀ ਪੁਲੀਸ ਵੈਰੀਫ਼ਿਕੇਸ਼ਨ ਯਕੀਨੀ ਬਣਾਈ ਜਾਵੇ ਤਾਂ ਜੋ ਜੁਰਮ ਨੂੰ ਠੱਲ੍ਹ ਪਾਈ ਜਾ ਸਕੇ। ਕਿਉਂਕਿ ਅਕਸਰ ਬਾਹਰਲੇ ਰਾਜਾਂ ਦੇ ਵਿਅਕਤੀ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਫ਼ਰਾਰ ਹੋ ਜਾਂਦੇ ਹਨ ਅਤੇ ਪੁਲੀਸ ਅਤੇ ਪੀਜੀ ਮਾਲਕ ਕੋਲ ਉਨ੍ਹਾਂ ਦੇ ਘਰ ਦੇ ਪਤੇ ਅਤੇ ਟਿਕਾਣਿਆਂ ਬਾਰੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੁੰਦੀ। ਡੀਐਸਪੀ ਬੱਲ ਨੇ ਕਿਹਾ ਕਿ ਹਾਲਾਂਕਿ ਪੀਜੀ ਦੀ ਚੈਕਿੰਗ ਪਹਿਲਾਂ ਵੀ ਕੀਤੀ ਜਾਂਦੀ ਹੈ ਪ੍ਰੰਤੂ ਹੁਣ ਆਉਣ ਵਾਲੇ ਦਿਨਾਂ ਵਿੱਚ ਪੀਜੀ ਅਤੇ ਘਰਾਂ ਵਿੱਚ ਰਹਿੰਦੇ ਕਿਰਾਏਦਾਰਾਂ ਦੀ ਵੈਰੀਫ਼ਿਕੇਸ਼ਨ ਕਰਲ ਲਈ ਵਿਸ਼ੇਸ਼ ਚੈਕਿੰਗ ਅਭਿਆਨ ਚਲਾਇਆ ਜਾਵੇਗਾ। ਇਸ ਸਬੰਧੀ ਸਖ਼ਤੀ ਵਰਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਕੁੰਭੜਾ ਕਤਲ-ਕਾਂਡ: ਐੱਸਐੱਸਪੀ ਦਫ਼ਤਰ ਦੇ ਘਿਰਾਓ ਲਈ ਆਮ ਲੋਕਾਂ ਦੀ ਲਾਮਬੰਦੀ ਜ਼ੋਰਾਂ ’ਤੇ ਸ਼੍ਰੋਮਣੀ ਅਕਾਲੀ ਦਲ …