nabaz-e-punjab.com

ਕੁੰਭੜਾ ਸਕੂਲ: ਜ਼ਮੀਨ ਵਿਵਾਦ ਸਬੰਧੀ ਗਮਾਡਾ, ਨਗਰ ਨਿਗਮ ਤੇ ਬੀਡੀਪੀਓ ਤੋਂ ਰਿਕਾਰਡ ਤਲਬ

ਸਰਕਾਰੀ ਸਕੂਲ ਕੁੰਭੜਾ ਵਿੱਚ ਪੜ੍ਹਦੇ 500 ਬੱਚਿਆਂ ਦਾ ਭਵਿੱਖ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ: ਡੀਸੀ

ਡੀਸੀ ਅਮਿਤ ਤਲਵਾੜ ਨੇ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਨੂੰ ਸੌਂਪੀ ਜਾਂਚ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 26 ਮਈ:
ਇੱਥੋਂ ਦੇ ਸੈਕਟਰ-68 ਸਥਿਤ ਪਿੰਡ ਕੁੰਭੜਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੀ ਜ਼ਮੀਨ ਵਾਰਸਾਂ ਵੱਲੋਂ ਵਾਪਸ ਲੈਣ ਲਈ ਕਾਨੂੰਨੀ ਚਾਰਾਜੋਈ ਕਰਨ ਸਬੰਧੀ ਅੱਜ ‘ਨਬਜ਼-ਏ-ਪੰਜਾਬ’ ਤੱਥਾਂ ਦੇ ਆਧਾਰ ’ਤੇ ਡਿਟੇਲ ਖ਼ਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ ਹੈ। ਮੁਹਾਲੀ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਤਰਸੇਮ ਚੰਦ ਨੂੰ ਵੱਖ-ਵੱਖ ਪਹਿਲੂਆਂ ਨੂੰ ਡੂੰਘਾਈ ਨਾਲ ਵਾਚਨ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਕੁੰਭੜਾ ਸਕੂਲ ਵਿੱਚ ਪੜ੍ਹਦੇ 500 ਮਾਸੂਮ ਬੱਚਿਆਂ ਦਾ ਭਵਿੱਖ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਕਿਹਾ ਕਿ ਉਹ ਬਿਲਕੁਲ ਵੀ ਨਾ ਘਬਰਾਉਣ।
ਅੱਜ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਤਰਸੇਮ ਚੰਦ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਨਾਥ, ਸੈਂਟਰ ਹੈੱਡ ਟੀਚਰ ਜਸਵੀਰ ਸਿੰਘ ਅਤੇ ਸਕੂਲ ਮੁਖੀ ਸੁਖਦੀਪ ਕੌਰ ਨੂੰ ਆਪਣੇ ਦਫ਼ਤਰ ਵਿੱਚ ਸੱਦ ਕੇ ਸਮੁੱਚੇ ਘਟਨਾਕ੍ਰਮ ਬਾਰੇ ਮੁੱਢਲੀ ਜਾਣਕਾਰੀ ਹਾਸਲ ਕੀਤੀ। ਡੀਈਓ ਅਤੇ ਅਧਿਆਪਕਾਂ ਨੇ ਅਧਿਕਾਰੀ ਨੂੰ ਦੱਸਿਆ ਕਿ ਕਾਫ਼ੀ ਅਰਸਾ ਪਹਿਲਾਂ ਗੁਰਬਖ਼ਸ਼ ਸਿੰਘ ਨਾਂਅ ਦੇ ਵਿਅਕਤੀ ਨੇ (ਇਕ ਕਨਾਲ ਇਕ ਮਰਲਾ) ਸਕੂਲ ਨੂੰ ਦਾਨ ਵਿੱਚ ਦਿੱਤੀ ਸੀ ਅਤੇ ਕਮਰਿਆਂ ਦੀ ਉਸਾਰੀ ਲਈ 70 ਹਜ਼ਾਰ ਰੁਪਏ ਵੀ ਦਿੱਤੇ ਸਨ। ਉਸ ਸਮੇਂ ਦੇ ਅਕਾਲੀ ਵਿਧਾਇਕ ਬਚਿੱਤਰ ਸਿੰਘ ਨੇ 14 ਅਕਤੂਬਰ 1987 ਨੂੰ ਸਕੂਲ ਦਾ ਨੀਂਹ ਪੱਥਰ ਰੱਖਿਆ ਸੀ। ਉਦੋਂ ਤੋਂ ਇਹ ਸਕੂਲ ਚਲਦਾ ਆ ਰਿਹਾ ਹੈ ਅਤੇ ਸਕੂਲ ਵਿੱਚ 491 ਬੱਚੇ ਪੜ੍ਹਦੇ ਹਨ। ਇਨ੍ਹਾਂ ’ਚੋਂ ਜ਼ਿਆਦਾਤਰ ਗਰੀਬ ਵਰਗ ਨਾਲ ਸਬੰਧਤ ਹਨ। ਲੇਕਿਨ ਗੁਰਬਖ਼ਸ਼ ਸਿੰਘ ਦੀ ਮੌਤ ਤੋਂ ਬਾਅਦ ਹੁਣ ਉਸ ਦੇ ਵਾਰਸ ਬਣੇ ਰਿਸ਼ਤੇਦਾਰਾਂ ਨੇ ਅਦਾਲਤ ਵਿੱਚ ਕੇਸ ਪਾ ਕੇ ਸਕੂਲ ਵਾਲੀ ਜ਼ਮੀਨ ਵਾਪਸ ਮੰਗ ਲਈ ਹੈ।
ਸਹਾਇਕ ਕਮਿਸ਼ਨਰ ਨੇ ਇਸ ਸਬੰਧੀ ਤੁਰੰਤ ਕਾਰਵਾਈ ਕਰਦਿਆਂ ਗਮਾਡਾ, ਬੀਡੀਪੀਓ ਅਤੇ ਮੁਹਾਲੀ ਨਗਰ ਨਿਗਮ ਦੇ ਅਧਿਕਾਰੀਆਂ ਕੁੰਭੜਾ ਸਕੂਲ ਦੀ ਜ਼ਮੀਨ ਅਤੇ ਹੁਣ ਤੱਕ ਖ਼ਰਚੇ ਗਏ ਫੰਡਾਂ\ਗਰਾਂਟਾਂ ਸਬੰਧੀ ਰਿਕਾਰਡ ਦੇਣ ਨੂੰ ਆਖਿਆ ਹੈ, ਤਾਂ ਜੋ ਅਦਾਲਤ ਵਿੱਚ ਕੇਸ ਦੀ ਸੁਣਵਾਈ ਦੌਰਾਨ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਮਜ਼ਬੂਤ ਪੱਖ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਨਗਮ ਨਿਗਮ ਨੇ ਸਕੂਲ ਦੀ ਕਮਰਿਆਂ ਦੀ ਉਸਾਰੀ ਬਾਬਤ ਖ਼ਰਚ 15 ਲੱਖ ਦੀ ਗਰਾਂਟ ਦੇ ਦਸਤਾਵੇਜ਼ ਦੇ ਦਿੱਤੇ ਹਨ ਜਦੋਂਕਿ ਇਸ ਤੋਂ ਪਹਿਲਾਂ ਅਧਿਆਪਕ ਨਿਗਮ ਸਟਾਫ਼ ਦੇ ਹਾੜੇ ਕੱਢਦੇ ਆ ਰਹੇ ਸੀ। ਇਸ ਤੋਂ ਪਹਿਲਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੁਸ਼ੀਲ ਨਾਥ ਨੇ ਆਪਣੇ ਦਫ਼ਤਰ ਵਿੱਚ ਪਿੰਡ ਦੇ ਮੋਹਤਬਰ ਵਿਅਕਤੀਆਂ ਸਮੇਤ ਸਕੂਲ ਸਟਾਫ਼ ਨਾਲ ਮੀਟਿੰਗ ਕਰਕੇ ਲੋੜੀਂਦੇ ਦਸਤਾਵੇਜ਼ਾਂ ਦੀ ਘੋਖ ਕੀਤੀ। ਉਨ੍ਹਾਂ ਜ਼ਮੀਨ ਪ੍ਰਾਪਤੀ ਅਤੇ ਇਮਾਰਤ ਦੀ ਉਸਾਰੀ ਲਈ ਖ਼ਰਚ ਕੀਤੇ ਗਏ ਫੰਡਾਂ ਸਬੰਧੀ ਰਿਕਾਰਡ ਇਕੱਠਾ ਕੀਤਾ ਜਾ ਰਿਹਾ ਹੈ। ਇਸ ਮੌਕੇ ਸੋਸ਼ਲ ਵਰਕਰ ਬਲਵਿੰਦਰ ਸਿੰਘ ਕੁੰਭੜਾ, ਸਕੂਲ ਮੁਖੀ ਸੁਖਦੀਪ ਕੌਰ ਅਤੇ ਸੈਂਟਰ ਹੈੱਡ ਟੀਚਰ ਜਸਵੀਰ ਸਿੰਘ ਅਤੇ ਹੋਰ ਪਤਵਤੇ ਹਾਜ਼ਰ ਸਨ।

Load More Related Articles

Check Also

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ

ਸੀਜੀਸੀ ਲਾਂਡਰਾਂ ਦੇ ਪ੍ਰੋਫੈਸਰ ਦਾ ਆਈਐੱਸਟੀਈ ਸਰਵੋਤਮ ਅਧਿਆਪਕ ਐਵਾਰਡ-2024 ਨਾਲ ਸਨਮਾਨ ਨਬਜ਼-ਏ-ਪੰਜਾਬ, ਮੁਹ…