nabaz-e-punjab.com

ਕੁਰਾਲੀ ਪੁਲੀਸ ਨੇ ਮੁਸਤੈਦੀ ਨਾਲ ਅਗਵਾਕਾਰਾਂ ਦੇ ਚੁੰਗਲ ਤੋਂ ਬਚਾ ਕੇ ਲਿਆਂਦਾ ਤਿੰਨ ਸਾਲਾ ਬੱਚਾ

ਬੱਚੇ ਨੂੰ ਅਗਵਾ ਕਰਕੇ ਬਿਹਾਰ ਲੈ ਗਿਆ ਸੀ ਮੁਲਜ਼ਮ, ਪੁਲੀਸ ਨੇ ਬੱਚਾ ਮਾਪਿਆਂ ਹਵਾਲੇ ਕੀਤਾ

ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 8 ਅਗਸਤ:
ਬੀਤੀ 28 ਜੁਲਾਈ ਨੂੰ ਸ਼ਹਿਰ ਵਿਚ ਇੱਕ ਤਿੰਨ ਸਾਲਾ ਬੱਚੇ ਨੂੰ ਅਗਵਾ ਕਰਕੇ ਨਬਾਲਗ ਦੋਸ਼ੀ ਬਿਹਾਰ ਲੈ ਗਿਆ ਸੀ ਜਿਸ ਤੇ ਥਾਣਾ ਕੁਰਾਲੀ ਦੀ ਪੁਲਿਸ ਨੇ ਮੁਸਤੈਦੀ ਨਾਲ ਸਿਕੰਜਾ ਕਸਦਿਆਂ ਤਿੰਨ ਸਾਲ ਦੇ ਜਮੰਤ ਨਾਮਕ ਬੱਚੇ ਨੂੰ ਸਹੀ ਸਲਾਮਤ ਉਸ ਦੇ ਮਾਪਿਆਂ ਸਪੁਰਦ ਕਰਨ ਵਿਚ ਸਫਲਤਾ ਹਾਸਲ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਐਸ.ਐਚ.ਓ ਭਾਰਤ ਭੂਸ਼ਨ ਨੇ ਦੱਸਿਆ ਕਿ ਸ਼ਹਿਰ ਵਿਚ ਪੇਂਟ ਦੇ ਕੰਮ ਕਰਨ ਵਾਲੇ ਬਿਸਰਾਮ ਰੱਖਿਆਸਰਾਮ ਨਾਮਕ ਵਿਆਕਤੀ ਦਾ ਆਪਣੇ ਕਿਸੇ ਕੰਮ ਕਰਨ ਵਾਲੇ ਲੜਕੇ ਸ਼ਿਵਾ ਨਾਲ ਇੱਕ ਹਜ਼ਾਰ ਰੁਪਏ ਦੇ ਲੈਣ ਦੇਣ ਨੂੰ ਲੈ ਕੇ ਅਣਬਣ ਹੋ ਗਈ। ਜਿਸ ਕਾਰਨ ਮੁਲਜ਼ਮ ਨਿਰਭੈ ਉਰਫ਼ ਸ਼ਿਵਾ ਨੇ ਠੇਕੇਦਾਰ ਦੇ ਤਿੰਨ ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ ਸੀ।
ਇਸ ਸਬੰਧੀ ਪੁਲੀਸ ਨੂੰ ਜਾਣਕਾਰੀ ਮਿਲੀ ਕਿ ਮੁਲਜ਼ਮ ਬੱਚੇ ਨੂੰ ਅਗਵਾ ਕਰਕੇ ਬਿਹਾਰ ਲੈ ਗਿਆ। ਜਿਸ ਲਈ ਉਨ੍ਹਾਂ ਵੱਲੋਂ ਐਸ.ਐਸ.ਪੀ ਕੁਲਦੀਪ ਚਾਹਲ ਦੇ ਨਿਰਦੇਸ਼ਾਂ ਤੇ ਏ.ਐਸ.ਆਈ ਸਿਮਰਨਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਪੁਲਿਸ ਪਾਰਟੀ ਨੂੰ ਬਿਹਾਰ ਭੇਜਿਆ ਜਿੱਥੋਂ ਪੁਲਿਸ ਪਾਰਟੀ ਨੇ ਸਹੀ ਸਲਾਮਤ ਬੱਚੇ ਨੂੰ ਪਿੰਡ ਰੁਪਾਰਾ ਥਾਣਾ ਸ਼ਿਕਾਰਗੰਜ ਜਿਲ੍ਹਾ ਢਾਕਾ ਬਿਹਾਰ ਤੋਂ ਬਰਾਮਦ ਕਰ ਲਿਆ। ਬਿਹਾਰ ਤੋਂ ਕੁਰਾਲੀ ਬੱਚੇ ਨੂੰ ਲੈ ਕੇ ਪਹੁੰਚੀ ਪੁਲਿਸ ਪਾਰਟੀ ਨੇ ਬੱਚੇ ਨੂੰ ਮਾਪਿਆਂ ਸਪੁਰਦ ਕਰ ਦਿੱਤਾ ਜਿਥੇ ਮਾਪਿਆਂ ਅਤੇ ਬੱਚੇ ਦੇ ਖੁਸ਼ੀ ਵਿਚ ਅਥਰੂ ਵਹਿ ਗਏ।
ਇਸ ਦੌਰਾਨ ਪੁਲਿਸ ਨੇ ਬਿਹਾਰ ਪੁਲਿਸ ਦੇ ਸਹਿਯੋਗ ਨਾਲ ਦੋਸ਼ੀਆਂ ਨੂੰ ਬਿਹਾਰ ਤੋਂ ਕਾਬੂ ਕਰਨ ਉਪਰੰਤ ਸ਼ਨੀਵਾਰ ਨੂੰ ਉਥੇ ਅਦਾਲਤ ਵਿਚ ਪੇਸ਼ ਕੀਤਾ ਅਤੇ ਮੰਗਲਵਾਰ ਨੂੰ ਬੱਚੇ ਅਤੇ ਦੋਸ਼ੀਆਂ ਨੂੰ ਨਾਲ ਲੈ ਕੇ ਪੁਲਿਸ ਕੁਰਾਲੀ ਪਹੁੰਚ ਗਈ। ਪੁਲਿਸ ਅਨੁਸਾਰ ਦੋਸ਼ੀ ਨਿਰਭੈ ਉਰਫ ਸ਼ਿਵਾ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਨੂੰ ਬੱਚਾ ਅਗਵਾ ਕਰਨ ਲਈ ਦਿਨੇਸ਼ ਨਾਮਕ ਨੌਜੁਆਨ ਨੇ ਉਕਸਾਇਆ ਸੀ ਜਿਸ ਉਪਰੰਤ ਉਸਨੇ ਘਟਨਾ ਨੂੰ ਅੰਜਾਮ ਦਿੱਤਾ। ਜਦਕਿ ਪੁਲਿਸ ਨੇ ਅਗਵਾ ਲਈ ਉਕਸਾਉਣ ਵਾਲੇ ਦੋਸ਼ੀ ਦਿਨੇਸ਼ ਨੂੰ ਕੁਰਾਲੀ ਤੋਂ ਹੀ ਕਾਬੂ ਕਰ ਲਿਆ। ਐਸ.ਐਚ.ਓ ਭਾਰਤ ਭੂਸ਼ਨ ਨੇ ਦੱਸਿਆ ਕਿ ਦੋਸ਼ੀ ਨਿਰਭੈ ਖ਼ਿਲਾਫ਼ ਆਈਪੀਸੀ ਦੀ ਧਾਰਾ 363,365 ਅਧੀਨ ਮਾਮਲਾ ਦਰਜ ਕੀਤਾ ਜਦਕਿ ਦੂਸਰੇ ਦੋਸ਼ੀ ਖਿਲਾਫ ਅਗਵਾ ਲਈ ਉਕਸਾਉਣ ਦਾ ਮਾਮਲਾ ਦਰਜ ਕੀਤਾ। ਮੁਲਜ਼ਮਾਂ ਨੂੰ ਬੁੱਧਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …