Nabaz-e-punjab.com

ਕਿਰਤ ਵਿਭਾਗ ਦੀਆਂ ਸਕੀਮਾਂ ਦਾ ਲਾਭ ਕਿਰਤੀਆਂ ਤੱਕ ਪੁੱਜਣਾ ਯਕੀਨੀ ਬਣਾਇਆ ਜਾਵੇ: ਸਿੱਧੂ

ਸਿੱਧੂ ਵੱਲੋਂ ਕਿਰਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਵਿੱਚ ਵਿਭਾਗੀ ਕੰਮਾਂ ਦੀ ਸਮੀਖਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 22 ਅਕਤੂਬਰ:
ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਕਿਰਤ ਵਿਭਾਗ ਦੀਆਂ ਸਕੀਮਾਂ ਦਾ ਲਾਭ ਕਿਰਤੀਆਂ ਤੱਕ ਪੁੱਜਣਾ ਯਕੀਨੀ ਬਣਾਇਆ ਜਾਵੇ ਅਤੇ ਇਸ ਮੰਤਵ ਲਈ ਕਿਰਤ ਵਿਭਾਗ ਦੇ ਅਧਿਕਾਰੀ ਪੂਰੀ ਦਿਆਨਤਦਾਰੀ ਨਾਲ ਕੰਮ ਕਰਨ। ਅੱਜ ਇੱਥੋਂ ਦੇ ਫੇਜ਼-10 ਸਥਿਤ ਮਾਡਲ ਵੈਲਫੇਅਰ ਸੈਂਟਰ ਵਿੱਚ ਕਿਰਤ ਵਿਭਾਗ ਦੇ ਕੰਮਕਾਜ ਦੀ ਸਮੀਖਿਆ ਲਈ ਕਿਰਤ ਵਿਭਾਗ ਦੇ ਅਧਿਕਾਰੀਆਂ ਦੀ ਸੱਦੀ ਮੀਟਿੰਗ ਦੌਰਾਨ ਸ੍ਰੀ ਸਿੱਧੂ ਨੇ ਕਿਹਾ ਕਿ ਅਧਿਕਾਰੀ ਇਹ ਗੱਲ ਯਕੀਨੀ ਬਣਾਉਣ ਕਿ ਕਿਰਤੀਆਂ ਦੀ ਭਲਾਈ ਲਈ ਬਣੇ ਬੋਰਡਾਂ ਕੋਲ ਰਜਿਸਟਰਡ ਲਾਭਪਾਤਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਲਈ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਉਨ੍ਹਾਂ ਨੂੰ ਜ਼ਰੂਰ ਮਿਲੇ।
ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਆਪਣੀ ਡਿਊਟੀ ਨੂੰ ਸੇਵਾ ਭਾਵ ਨਾਲ ਨਿਭਾਉਂਦਿਆਂ ਗਰੀਬਾਂ ਤੇ ਬੇਸਹਾਰਾ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ। ਮੀਟਿੰਗ ਦੌਰਾਨ ਪ੍ਰਮੁੱਖ ਸਕੱਤਰ ਕਿਰਤ ਸ੍ਰੀ ਵਿਜੈ ਕੁਮਾਰ ਜੰਜੂਆ ਨੇ ਕਿਹਾ ਕਿ ਕਿਰਤੀਆਂ ਨੂੰ ਲਾਭ ਪਹੁੰਚਾਉਣ ਦਾ ਕੋਈ ਵੀ ਮੌਕਾ ਅਧਿਕਾਰੀਆਂ ਨੂੰ ਖੁੰਝਾਉਣਾ ਨਹੀਂ ਚਾਹੀਦਾ ਅਤੇ ਅਜਿਹੇ ਪੁੰਨ ਦਾ ਕੰਮ ਕਰਨ ਲਈ ਉਨ੍ਹਾਂ ਨੂੰ ਕਾਨੂੰਨ ਨੇ ਅਧਿਕਾਰ ਵੀ ਦਿੱਤੇ ਹੋਏ ਹਨ, ਜਿਨ੍ਹਾਂ ਦੀ ਵਰਤੋਂ ਕਰਦਿਆਂ ਉਹ ਕਿਰਤੀਆਂ ਦੇ ਬਣਦੇ ਹੱਕ ਅਤੇ ਲਾਭ ਸੁਰੱਖਿਅਤ ਕਰਵਾ ਸਕਦੇ ਹਨ।
ਇਸ ਤੋਂ ਪਹਿਲਾਂ ਕਿਰਤ ਕਮਿਸ਼ਨਰ ਵਿਮਲ ਸੇਤੀਆ ਨੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪੋ ਆਪਣੇ ਹਲਕਿਆਂ ਦੇ ਕੇਸਾਂ ਦਾ ਨਿਬੇੜਾ ਸਮੇਂ ਸਿਰ ਕਰਨ ਅਤੇ ਲਾਭਪਾਤਰੀਆਂ ਦੀਆਂ ਰਜਿਸਟਰੇਸ਼ਨਾਂ ਕਰਕੇ ਦੋਵਾਂ ਬੋਰਡਾਂ ਦੀਆਂ ਸਕੀਮਾਂ ਡੀਸੀ ਦਫ਼ਤਰਾਂ ’ਚੋਂ ਪਾਸ ਕਰਵਾ ਕੇ ਸਦਰ ਦਫ਼ਤਰ ਭੇਜਣ ਤਾਂ ਜੋ ਵੱਧ ਤੋਂ ਵੱਧ ਕਿਰਤੀਆਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਮਿਲ ਸਕੇ। ਇਸ ਮੌਕੇ ਕਿਰਤ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਉਪ ਕਿਰਤ ਕਮਿਸ਼ਨਰ ਮੋਨਾ ਪੁਰੀ, ਡਿਪਟੀ ਸਕੱਤਰ ਵੈਲਫੇਅਰ ਬੋਰਡ ਜਤਿੰਦਰਪਾਲ ਸਿੰਘ, ਸਹਾਇਕ ਵੈਲਫੇਅਰ ਕਮਿਸ਼ਨਰ ਜਗੀਰ ਸਿੰਘ ਭੰਗੂ, ਵਧੀਕ ਡਾਇਰੈਕਟਰ (ਫੈਕਟਰੀਜ਼) ਕਸ਼ਮੀਰ ਸਿੰਘ, ਸੰਯੁਕਤ ਡਾਇਰੈਕਟਰ (ਫੈਕਟਰੀਜ਼) ਸੁਖਮਿੰਦਰ ਸਿੰਘ, ਸਹਾਇਕ ਕਿਰਤ ਕਮਿਸ਼ਨਰ ਜਤਿੰਦਰਪਾਲ ਸਿੰਘ ਸਮੇਤ ਕਿਰਤ ਵਿਭਾਗ ਦੇ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀ ਹਾਜ਼ਰ ਸਨ।

Load More Related Articles
Load More By Nabaz-e-Punjab
Load More In General News

Check Also

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ

ਮਨੁੱਖਤਾ ਅਤੇ ਦਿਆਲਤਾ ਦੀ ਮੂਰਤੀ ਸਨ: ਬੀਬੀ ਜਰਨੈਲ ਕੌਰ ਰਾਮੂਵਾਲੀਆ ਬੀਬੀ ਜਰਨੈਲ ਕੌਰ ਰਾਮੂਵਾਲੀਆ ਨਮਿੱਤ ਅੰ…