
ਮਜ਼ਦੂਰਾਂ ਦੀ ਘਾਟ: ਝੋਨੇ ਦੀ ਲੁਆਈ ਲਈ ਕਿਸਾਨ ਡਾਢੇ ਪ੍ਰੇਸ਼ਾਨ: ਭਾਗੋਮਾਜਰਾ
ਭਾਗੋਮਾਜਰਾ ਵਿੱਚ ਟਰਾਇਲ ਵਜੋਂ 2-2 ਏਕੜ ਜ਼ਮੀਨ ਵਿੱਚ ਕੀਤੀ ਝੋਨੇ ਦੀ ਸਿੱਧੀ ਬਿਜਾਈ
ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 10 ਜੂਨ:
ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਪਿੰਡਾਂ ਵਿੱਚ ਮਜ਼ਦੂਰਾਂ ਦੀ ਵੱਡੀ ਘਾਟ ਦੇ ਚੱਲਦਿਆਂ ਕਿਸਾਨਾਂ ਨੂੰ ਝੋਨਾ ਦੀ ਲੁਆਈ ਲਈ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਰੀਫੇਰੀ ਮਿਲਕਮੈਨ ਯੂਨੀਅਨ ਮੁਹਾਲੀ-ਚੰਡੀਗੜ੍ਹ ਦੇ ਜਨਰਲ ਸਕੱਤਰ ਤੇ ਅਗਾਂਹਵਧੂ ਕਿਸਾਨ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਦੱਸਿਆ ਹੈ ਕਿ ਝੋਨੇ ਦੀ ਲਵਾਈ ਲਈ ਕਿਸਾਨਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਐਤਕੀਂ ਕਰੋਨਾਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਪਰਵਾਸੀ ਮਜ਼ਦੂਰਾਂ ਦੀ ਘਾਟ ਕਾਰਨ ਕਿਸਾਨਾਂ ਨੂੰ ਝੋਨੇ ਦੀ ਰਵਾਇਤੀ ਲੁਆਈ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਲਾਕੇ ਦੇ ਕਿਸਾਨਾਂ ਨੇ ਹੁਣ ਸਿੱਧੀ ਬਿਜਾਈ ਵੱਲ ਰੁਖ਼ ਕੀਤਾ ਹੈ।
ਬਲਜਿੰਦਰ ਸਿੰਘ ਭਾਗੋਮਾਜਰਾ ਨੇ ਦੱਸਿਆ ਹੈ ਕਿ ਜੇ ਕੋਈ ਪ੍ਰਵਾਸੀ ਮਜ਼ਦੂਰ ਝੋਨੇ ਦੀ ਲੁਆਈ ਲਈ ਹਾਮੀ ਭਰਦਾ ਵੀ ਹੈ ਤਾਂ ਉਹ ਪੰਜ ਗੁਣਾ ਵੱਧ ਮਜ਼ਦੂਰੀ ਮੰਗ ਰਿਹਾ ਹੈ। ਜਿਸ ਕਾਰਨ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਇਸ ਸਾਲ ਮੌਸਮ ਦੀ ਬੇਰੁਖ਼ੀ ਦੇ ਚੱਲਦਿਆਂ ਕਣਕ ਦਾ ਝਾੜ ਵੀ ਕਾਫੀ ਘੱਟ ਨਿਕਲਿਆ ਹੈ। ਪਿੰਡ ਭਾਗੋਮਾਜਰਾ ਵਿੱਚ ਕਿਸਾਨ ਅਵਤਾਰ ਸਿੰਘ, ਕੁਲਦੀਪ ਸਿੰਘ ਅਤੇ ਹਰਜੀਤ ਸਿੰਘ ਨੇ ਵੀ ਟਰਾਇਲ ਵਜੋਂ 2-2 ਏਕੜ ਜ਼ਮੀਨ ਵਿੱਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਸਿੱਧੀ ਬਿਜਾਈ ਰਾਹੀਂ ਝਾੜ ਪੂਰਾ ਨਿਕਲਿਆ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਸਿੱਧੀ ਬਿਜਾਈ ਨੂੰ ਤਰਜ਼ੀਹ ਦੇਣਗੇ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਝੋਨੇ ਦੀ ਸਿੱਧੀ ਬਿਜਾਈ ਲਈ ਪ੍ਰੇਰਿਤ ਕਰਨਗੇ।