Nabaz-e-punjab.com

ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਘਾਟੇ ਦਾ ਸ਼ਿਕਾਰ ਹੈ ਵਪਾਰੀ ਵਰਗ: ਵਿਨੀਤ ਵਰਮਾ

ਕਿਸਾਨਾਂ ਅਤੇ ਉਦਯੋਗਪਤੀਆਂ ਵਾਂਗ ਵਪਾਰੀਆਂ ਦੀ ਵੀ ਬਾਂਹ ਫੜੇ ਸਰਕਾਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੂਨ:
ਮੁਹਾਲੀ ਵਪਾਰ ਮੰਡਲ ਦੇ ਪ੍ਰਧਾਨ ਵਿਨੀਤ ਵਰਮਾ ਨੇ ਕਿਹਾ ਹੈ ਕਿ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਵਪਾਰੀ ਵਰਗ ਭਾਰੀ ਘਾਟੇ ਦੀ ਮਾਰ ਝੱਲ ਰਿਹਾ ਹੈ ਅਤੇ ਹੁਣ ਹਾਲਾਤ ਇਹ ਹੋ ਗਏ ਹਨ ਕਿ ਵਪਾਰੀ ਵਰਗ ਘਾਟੇ ਨੂੰ ਬਰਦਾਸ਼ਤ ਨਾ ਕਰ ਸਕਣ ਕਾਰਨ ਖੁਦਕੁਸ਼ੀਆਂ ਦੇ ਰਾਹ ਪੈ ਰਿਹਾ ਹੈ। ਬੀਤੇ ਦਿਨੀਂ ਤਾਜ ਮਾਰਬਲ ਦੇ ਮਾਲਕ ਵੱਲੋਂ ਵਪਾਰ ਵਿੱਚ ਘਾਟਾ ਪੈਣ ਕਾਰਨ ਆਪਣੀ ਗੱਡੀ ਵਿੱਚ ਗੋਲੀ ਮਾਰ ਕੇ ਕੀਤੀ ਖ਼ੁਦਕਸ਼ੀ ਨੂੰ ਦੁਖਦਾਈ ਦੱਸਦਿਆਂ ਉਹਨਾਂ ਕਿਹਾ ਕਿ ਵੱਡੀ ਤ੍ਰਾਸਦੀ ਇਹ ਵੀ ਹੈ ਕਿ ਸਭ ਤੋੱ ਵੱਧ ਟੈਕਸ ਦੇਣ ਵਾਲੇ ਵਪਾਰੀ ਵਰਗ ਦੀ ਮੁਸ਼ਕਲ ਦੀ ਘੜੀ ਵਿਚ ਉਸਦੀ ਬਾਂਹ ਫੜਣ ਵਾਲਾ ਕੋਈ ਨਹੀਂ ਹੈ।
ਸ੍ਰੀ ਵਰਮਾ ਨੇ ਕਿਹਾ ਕਿ ਸਰਕਾਰ ਵੱਲੋਂ ਸਨਅਤਕਾਰਾਂ ਨੂੰ ਬਿਜਲੀ ਦੀਆਂ ਦਰਾਂ ਵਿੱਚ ਛੋਟ ਦਿੱਤੀ ਗਈ ਹੈ। ਦਲਿਤਾਂ ਅਤੇ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ। ਲੱਖਾਂ ਟਿਊਬਵੈਲਾਂ ਨੂੰ ਮੁਫਤ ਬਿਜਲੀ ਪ੍ਰਦਾਨ ਕੀਤੀ ਜਾ ਰਹੀ ਹੈ ਅਤੇ ਬਿਜਲੀ ਦੇ ਦਰ ਵਧਾਉਣ ਨਾਲ ਹੀ ਸਰਕਾਰ ਨੂੰ 15000 ਕਰੋੜ ਰੁਪਏ ਦਾ ਸਰਕਾਰੀ ਘਾਟਾ ਸਹਿਣਾ ਪੈਂਦਾ ਹੈ। ਪ੍ਰੰਤੂ ਜਿਹੜਾ ਵਪਾਰੀ ਵਰਗ ਸਰਕਾਰ ਨੂੰ ਸਭ ਤੋਂ ਵੱਧ ਟੈਕਸ ਦੇ ਰਿਹਾ ਹੈ, ਉਸ ਵਾਸਤੇ ਸਰਕਾਰ ਕੁਝ ਵੀ ਨਹੀਂ ਕਰਦੀ।
ਸ੍ਰੀ ਵਰਮਾ ਨੇ ਕਿਹਾ ਕਿ ਕਿਸਾਨ ਦੇ ਕਰਜਾਈ ਹੋਣ ਤੇ ਖੁਦਕਸ਼ੀਆਂ ਦੇ ਮਾਮਲੇ ਵਿਚ ਸਰਕਾਰ ਪੀੜਤ ਪਰਿਵਾਰ ਨੂੰ ਮਦਦ ਕਰਦੀ ਹੈ ਅਤੇ ਹਰੇਕ ਸਰਕਾਰ ਦਾ ਇਹ ਫਰਜ ਵੀ ਬਣਦਾ ਹੈ। ਦੂਜੇ ਪਾਸੇ ਸਨਅਤਕਾਰ ਵਰਗ ਨੂੰ ਮੋਟੀਆਂ ਰਿਆਇਤਾਂ ਦਿੱਤੀਆਂ ਜਾਂਦੀਆਂ ਹਨ ਅਤੇ ਕਈ ਵੱਡੇ ਮਗਰਮੱਛ ਦੇਸ਼ ਦੇ ਬੈਂਕਾਂ ਦਾ ਪੈਸਾ ਲੈ ਕੇ ਵਿਦੇਸ਼ਾਂ ਵਿਚ ਭੱਜੇ ਫਿਰਦੇ ਹਨ। ਜਿਨ੍ਹਾਂ ਨੂੰ ਵਾਪਸ ਲਿਆਉਣ ਲਈ ਕੀਤੇ ਜਾ ਰਹੇ ਉਪਰਾਲਿਆਂ ਉੰਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਸਰਕਾਰ ਕੋਲ ਇਸ ਗੱਲ ਦੇ ਕੋਈ ਅੰਕੜੇ ਹੀ ਨਹੀਂ ਹਨ ਕਿ ਵਪਾਰ ਵਿਚ ਘਾਟਾ ਪੈਣ ਨਾਲ ਕਿੰਨੇ ਵਪਾਰੀਆਂ ਨੇ ਖੁਦਕਸ਼ੀ ਕੀਤੀ ਅਤੇ ਕਿੰਨੇ ਪਰਿਵਾਰ ਤਬਾਹ ਹੋਏ। ਉਨ੍ਹਾਂ ਕਿਹਾ ਕਿ ਕਦੇ ਵੀ ਕਿਸੇ ਵੀ ਸਰਕਾਰ ਨੇ ਵਪਾਰੀ ਵਰਗ ਦੀ ਬਾਂਹ ਨਹੀਂ ਫੜੀ ਅਤੇ ਨਾ ਹੀ ਕਿਸੇ ਵਪਾਰੀ ਵੱਲੋਂ ਇਸ ਤਰ੍ਹਾਂ ਖ਼ੁਦਕਸ਼ੀ ਕਰਨ ਤੇ ਕਦੇ ਉਸਦੇ ਪਰਿਵਾਰ ਨੂੰ ਕੋਈ ਵਿੱਤੀ ਮਦਦ ਹੀ ਪ੍ਰਦਾਨ ਕੀਤੀ ਗਈ ਹੈ।
ਉਨ੍ਹਾਂ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਇਸ ਪਾਸੇ ਸਰਕਾਰ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਸਭ ਤੋਂ ਵੱਧ ਟੈਕਸ ਦੇਣ ਵਾਲੇ ਵਪਾਰੀ ਵਰਗ ਨੂੰ ਕੁਝ ਨਾ ਕੁਝ ਸਮਾਜਿਕ ਸੁਰੱਖਿਆ (ਸੋਸ਼ਲ ਸਕਿਊਰਟੀ) ਦੇਣੀ ਚਾਹੀਦੀ ਹੈ ਤਾਂ ਜੋ ਉਹ ਮੁਸ਼ਕਲ ਦੀ ਘੜੀ ’ਚੋਂ ਬਾਹਰ ਨਿਕਲ ਸਕਣ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …