Nabaz-e-punjab.com

ਖੇਤੀਬਾੜੀ ਨੀਤੀ ਨਾ ਬਣਨ ਕਰਕੇ ਦੇਸ਼ ਦਾ ਕਿਸਾਨ ਸੜਕਾਂ ’ਤੇ ਰੁਲਣ ਲਈ ਮਜਬੂਰ: ਬੱਬੀ ਬਾਦਲ

ਹਰਿਆਣਾ ਸਰਕਾਰ ਵੱਲੋਂ ਸ਼ਾਂਤੀਪੂਰਨ ਤਰੀਕੇ ਨਾਲ ਕਿਸਾਨਾਂ ਦੇ ਦਿੱਲੀ ਚੱਲੋ ਪ੍ਰੋਗਰਾਮ ਰੋਕਣਾ ਨਿੰਦਣਯੋਗ ਕਾਰਵਾਈ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਨਵੰਬਰ:
ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਯੂਥ ਵਿੰਗ ਦੇ ਕੌਮੀ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਸਰਕਾਰ ਤੇ ਦੋਸ਼ ਲਾਇਆ ਕਿ ਜੇਕਰ ਉਹ ਸਮੇ ਸਮੇ ਤੇ ਕਿਸਾਨ ਸੰਗਠਨਾਂ ਦੀਆਂ ਮੰਗਾਂ ਵੱਲ ਗੰਭੀਰ ਹੁੰਦੀ ਤਾਂ ਅੱਜ ਦਾ ਬਣਿਆ ਮਾਹੌਲ ਕਦੇ ਵੀ ਟਕਰਾਅ ਵਾਲਾ ਨਾ ਹੁੰਦਾ। ਕਿਸਾਨ ਤੇ ਮਜ਼ਦੂਰ ਦਸਾਂ ਨਹੁੰ ਦੀ ਕਿਰਤ ਕਰਕੇ ਦੇਸ਼ ਵਾਸੀਆਂ ਦਾ ਢਿੱਡ ਭਰਦੇ ਹਨ। ਕਿਸਾਨਾਂ ਦੀਆਂ ਮੁੱਖ ਮੰਗਾਂ ਕਾਲੇ ਕਾਨੂੰਨ ਵਾਪਸ ਲੈਣੇ, ਐਮਐਸਪੀ ਤੇ ਸਰਕਾਰ ਖਰੀਦ ਅਤੇ ਸਵਾਮੀਨਾਥਨ ਦੀ ਰਿਪੋਰਟ ਤੇ ਹੋਰ ਮਸਲਿਆਂ ਲਈ ਘੋਲ ਕਰਦੇ ਆ ਰਹੇ ਹਨ। ਖਤਰਨਾਕ ਕਾਨੂੰਨਾਂ ਵਿੱਚ ਖੇਤੀ ਸਬੰਧੀ ਕਾਨੂੰਨ ਤੋ ਇਲਾਵਾ ਤਜ਼ਵੀਜ਼ ਸ਼ੁਦਾ, ਬਿਜਲੀ ਸੋਧ ਬਿੱਲ 2020 ਨੂੰ ਖਤਮ ਕਰਨ ਲਈ ਡੇਢ ਮਹੀਨੇ ਤੋ ਅਵਾਜ਼ ਬੁਲੰਦ ਕਰ ਰਹੇ ਹਨ ਪਰ ਦਿੱਲੀ ਦੇ ਤਖਤ ਤੇ ਕੋਈ ਅਸਰ ਨਹੀ ਹੋ ਰਿਹਾ ਹੁਣ ਸ਼ਾਂਤੀਪੂਰਨ ਤਰੀਕੇ ਨਾਲ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਵੱਲੋਂ ਦਿੱਲੀ ਜਾਣੋ ਰੋਕਣਾ ਨਿੰਦਣਯੋਗ ਕਾਰਵਾਈ ਹੈ, ਬੱਬੀ ਬਾਦਲ ਨੇ ਕਿਹਾ ਕਿ ਸਰਕਾਰ ਕੇਵਲ 1 ਫੀਸਦੀ ਪੂੰਜੀਪਤੀਆਂ ਲਈ ਹੀ ਸੋਚਦੀ ਹੈ। ਸਰਕਾਰ ਨੂੰ 99 ਫੀਸਦੀ ਲੋਕਾਂ ਦਾ ਕੋਈ ਫਿਕਰ ਨਹੀ , ਜੋ ਰੋਟੀ ਤੋ ਆਤਰ ਹੋ ਜਾਂਦੇ ਹਨ।
ਸ੍ਰੀ ਬੱਬੀ ਬਾਦਲ ਨੇ ਖੇਤੀ ਲਾਗਤਾਂ ਵੱਧਣ ਤੇ ਆਪਣੀ ਨੀਤੀ ਸਪੱਸ਼ਟ ਕਰਦਿਆਂ ਕਿਹਾ ਕਿ ਡੀਜ਼ਲ ਦੀਆਂ ਕੀਮਤਾਂ ਨੇ ਸਮੁੱਚੀ ਕਿਸਾਨੀ ਨੂੰ ਲਤਾੜ ਦਿੱਤਾ ਹੈ, ਜਿਸ ਨਾਲ ਮਹਿੰਗਾਈ ਚਰਮ ਸੀਮਾ ’ਤੇ ਪਹੁੰਚ ਗਈ ਹੈ। ਨੈਸ਼ਨਲ, ਸੂਬਾ ਪੱਧਰੀ ਮੁਸ਼ਕਲਾਂ ਤੋ ਇਲਾਵਾ ਜ਼ਿਲ੍ਹਾ ਪੱਧਰ ਤੇ ਕਿਸਾਨ ਸੰਘਰਸ਼ ਚਲਦਾ ਹੀ ਰਹਿੰਦਾ ਹੈ। ਜੇਕਰ ਸਰਕਾਰ ਕਿਸਾਨ ਹਿਤੈਸ਼ੀ ਹੁੰਦੀ ਤਾਂ ਖੇਤੀ ਲੀਹ ’ਤੇ ਆ ਜਾਣੀ ਸੀ ਜੋ ਇਸ ਵੇਲੇ ਲੀਹੋ ਲੱਥੀ ਹੈ। ਦੇਸ਼ ਦਾ ਕਿਸਾਨ ਮੰਗ ਕਰ ਰਿਹਾ ਹੈ ਕਿ ਖੇਤੀ ਲਾਗਤਾਂ ਆ ਰਹੇ ਖਰਚ ਮੁਤਾਬਕ ਮੰਡੀ ਦਾ ਭਾਅ ਕੀਤਾ ਜਾਵੇ। ਇਹ ਬੜੇ ਅਫ਼ਸੋਸ ਦੀ ਗੱਲ ਹੈ ਕਿ ਜਦੋ ਕਿਸਾਨ ਦੇ ਘਰ ਫਸਲ ਹੁੰਦੀ ਹੈ ਤਾਂ ਉਸ ਵੇਲੇ ਕੀਮਤਾਂ ਮਾਰਕੀਟ ਚ ਘੱਟ ਜਾਂਦੀਆਂ ਹਨ, ਕਿਸਾਨ ਨੂੰ ਬੇਹੱਦ ਸਸਤੇ ਰੇਟ ਤੇ ਸਬਜ਼ੀਆਂ, ਕਣਕ ਸਮੇਤ ਸੂਮਹ ਫਸਲਾਂ ਪੱਕ ਜਾਣ ਤੇ ਤੁਰੰਤ ਮੰਡੀ ਲੈ ਜਾਣਾ ਪੈਂਦਾ ਹੈ, ਕਿਉਂਕਿ ਅੰਨਦਾਤੇ ਕੋਲ ਅਨਾਜ ਭੰਡਾਰ ਕਰਨ ਲਈ ਕੋਈ ਵੀ ਸਹੂਲਤ ਨਹੀ। ਉਸ ਨੂੰ ਉਸੇ ਵੇਲੇ ਹੀ ਫਸਲ ਕੱਟਣੀ ਪੈਂਦੀ ਹੈ ਅਤੇ ਮੰਡੀ ਲੈ ਜਾਣ ਲਈ ਪ੍ਰਬੰਧ ਕਰਨਾ ਪੈਂਦਾ ਹੈ। ਇਸ ਕਾਰਨ ਕਿਸਾਨ ਦੁਖੀ ਹੈ। ਸ੍ਰੀ ਬੱਬੀ ਬਾਦਲ ਨੇ ਮੰਗ ਕੀਤੀ ਕਿ ਸਰਕਾਰਾਂ ਖੇਤੀ ਨੀਤੀ ਬਣਾਉਣ ਤਾਂ ਜੋ ਉਨ੍ਹਾਂ ਲਾਗਤ ਮੁੱਲ ਦਾ ਸਹੀ ਭਾਅ ਮਿਲ ਸਕੇ। ਬੱਬੀ ਬਾਦਲ ਨੇ ਕਿਸਾਨਾਂ ਜੱਥੇਬੰਦੀਆਂ ਦੀ ਅਗਵਾਈ ਵਿੱਚ ਕੀਤੇ ਜਾ ਰਹੇ ਸੰਘਰਸ਼ ਦੀ ਪੂਰਨ ਹਮਾਇਤ ਕਰਦਿਆ ਨੌਜਵਾਨਾਂ ਨੂੰ ਕਿਸਾਨਾਂ ਦੇ ਸੰਘਰਸ਼ ਵਿੱਚ ਵੱਧ ਚੜ੍ਹ ਕੇ ਪੁੱਜਣ ਦੀ ਅਪੀਲ ਵੀ ਕੀਤੀ।

Load More Related Articles
Load More By Nabaz-e-Punjab
Load More In Issues

Check Also

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ

ਰਾਖਵਾਂਕਰਨ ਬਾਰੇ ਡਾ. ਅੰਬੇਦਕਰ ਵੈੱਲਫੇਅਰ ਮਿਸ਼ਨ ਨੇ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨਬਜ਼-ਏ-ਪੰਜਾਬ …