
ਸ਼ਹਿਰ ਦੇ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ: ਮੇਅਰ ਜੀਤੀ ਸਿੱਧੂ
ਜੀਤੀ ਸਿੱਧੂ ਨੇ ਫੇਜ਼-7 (ਵਾਰਡ ਨੰਬਰ-10) ਵਿੱਚ ਸੜਕਾਂ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 7 ਅਪਰੈਲ:
ਮੁਹਾਲੀ ਨਗਰ ਨਿਗਮ ਨੇ ਬੇਮੌਸਮੀ ਬਾਰਸ਼ ਤੋਂ ਬਾਅਦ ਮਾਹੌਲ ਸੁਖਾਵਾਂ ’ਤੇ ਸ਼ਹਿਰ ਵਿੱਚ ਵਿਕਾਸ ਕਾਰਜ ਮੁੜ ਤੋਂ ਅਰੰਭ ਕਰ ਦਿੱਤੇ ਹਨ। ਅੱਜ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਇੱਥੋਂ ਦੇ ਫੇਜ਼-7 (ਵਾਰਡ ਨੰਬਰ-10) ਵਿੱਚ 1 ਕਰੋੜ ਰੁਪਏ ਦੀ ਲਾਗਤ ਨਾਲ ਸੜਕਾਂ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ। ਇਸ ਮੌਕੇ ਸੀਨੀਅਰ ਡਿਪਟੀ ਮੇਅਰ ਅਮਰੀਕ ਸਿੰਘ ਸੋਮਲ ਅਤੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵੀ ਮੌਜੂਦ ਸਨ।
ਇਸ ਮੌਕੇ ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਸਰਦੀਆਂ ਦਾ ਮੌਸਮ ਅਤੇ ਬੇਮੌਸਮੀ ਬਾਰਸ਼ ਖ਼ਤਮ ਹੋਣ ਉਪਰੰਤ ਸ਼ਹਿਰ ਵਿੱਚ ਸੜਕਾਂ ’ਤੇ ਪ੍ਰੀਮਿਕਸ ਪਾਉਣ ਦਾ ਕੰਮ ਜੰਗੀ ਪੱਧਰ ’ਤੇ ਸ਼ੁਰੂ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪਾਰਕਾਂ ਦਾ ਰੱਖ-ਰਖਾਓ ਅਤੇ ਫੁੱਟਪਾਥ ਬਣਾਉਣ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਬਿਨਾਂ ਕਿਸੇ ਭੇਦਭਾਵ ਤੋਂ ਵਿਕਾਸ ਕਾਰਜਾਂ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਸਮੂਹ ਕੌਂਸਲਰਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਆਪੋ-ਆਪਣੇ ਵਾਰਡਾਂ ਵਿੱਚ ਖ਼ੁਦ ਵਿਕਾਸ ਕੰਮਾਂ ਦੀ ਪੂਰੀ ਤਰ੍ਹਾਂ ਨਜ਼ਰਸਾਨੀ ਕਰ ਰਹੇ ਹਨ। ਇਸ ਨਾਲ ਵਿਕਾਸ ਕੰਮਾਂ ਦਾ ਮਿਆਰ ਵਧੇਗਾ ਅਤੇ ਗੜਬੜੀ ਨਹੀਂ ਹੋ ਸਕੇਗੀ।
ਜੀਤੀ ਸਿੱਧੂ ਨੇ ਕਿਹਾ ਕਿ ਸਮੁੱਚੇ ਸ਼ਹਿਰ ਦੇ ਸਰਬਪੱਖੀ ਵਿਕਾਸ ਲਈ ਫੰਡਾਂ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਸਲਾਹ-ਮਸ਼ਵਰਾ ਕਰਕੇ ਹੀ ਵਿਕਾਸ ਕੰਮਾਂ ਦੇ ਮਤੇ ਅਤੇ ਐਸਟੀਮੇਟ ਤਿਆਰ ਕੀਤੇ ਜਾਣਗੇ। ਇਸ ਮੌਕੇ ਸੁਖਦੇਵ ਸਿੰਘ ਕਾਹਲੋਂ, ਗਗਨ ਧਾਲੀਵਾਲ, ਜਸਦੀਪ ਸਿੰਘ, ਅਮਰਬੀਰ ਸਿੰਘ ਬਾਵਾ, ਕਬੀਰ ਸਿੰਘ ਸਚਦੇਵਾ, ਬਲਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬਾਲ ਚੰਦ, ਅਮਰਪਾਲ ਸਿੰਘ ਸਮੇਤ ਹੋਰ ਪਤਵੰਤੇ ਮੌਜੂਦ ਸਨ।