nabaz-e-punjab.com

ਐਰੋਸਿਟੀ ਵਿੱਚ ਲੈਂਡ ਪੂਲਿੰਗ ਦਾ ਪਲਾਟ ਵੇਚਣ ਦੇ ਨਾਂ ’ਤੇ 48 ਲੱਖ ਦੀ ਧੋਖਾਧੜੀ, ਕੇਸ ਦਰਜ

ਪਿੰਡ ਬਾਕਰਪੁਰ ਦੇ ਵਸਨੀਕ ਭੁਪਿੰਦਰ ਸਿੰਘ ਖ਼ਿਲਾਫ਼ ਗੰਗਾਨਗਰ ਥਾਣੇ ਵਿੱਚ ਪਰਚਾ ਦਰਜ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 23 ਜਨਵਰੀ:
ਰਾਜਸਥਾਨ ਪੁਲੀਸ ਵੱਲੋਂ ਸ੍ਰੀ ਗੰਗਾਨਗਰ ਦੇ ਇੱਕ ਵਸਨੀਕ ਜਤਿੰਦਰ ਸਿੰਘ ਦੀ ਸ਼ਿਕਾਇਤ ’ਤੇ ਉਸ ਨੂੰ ਇੱਥੋਂ ਦੇ ਸੈਕਟਰ-88 ਅਤੇ ਸੈਕਟਰ-89 ਸਥਿਤ ਐਰੋਸਿਟੀ ਵਿੱਚ ਲੈਂਡ ਪੂਲਿੰਗ ਦਾ ਪਲਾਟ ਵੇਚਣ ਦੇ ਨਾਂ ’ਤੇ ਕੀਤੀ ਗਈ ਕਥਿਤ ਧੋਖਾਧੜੀ ਦੇ ਮਾਮਲੇ ਵਿੱਚ ਪਿੰਡ ਬਾਕਰਪੁਰ (ਮੁਹਾਲੀ) ਦੇ ਵਸਨੀਕ ਭੁਪਿੰਦਰ ਸਿੰਘ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 420, 467, 468, 471 ਤਹਿਤ ਅਪਰਾਧਿਕ ਪਰਚਾ ਦਰਜ ਕੀਤਾ ਗਿਆ ਹੈ।
ਪੀੜਤ ਜਤਿੰਦਰ ਸਿੰਘ ਨੇ ਰਾਜਸਥਾਨ ਪੁਲੀਸ ਨੂੰ ਦਿੱਤੀ ਗਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਭੁਪਿੰਦਰ ਸਿੰਘ ਉਸਦਾ ਜਾਣਕਾਰ ਸੀ ਅਤੇ ਭੁਪਿੰਦਰ ਸਿੰਘ ਨੇ ਉਸਨੂੰ ਮੁਹਾਲੀ ਦੇ ਸੈਕਟਰ 88,89 ਵਿੱਚ ਪਲਾਟ ਦਵਾਉਣ ਦੀ ਪੇਸ਼ਕਸ਼ ਕੀਤੀ ਜਿਸ ਸਬੰਧੀ ਉਸਨੇ 6-8-2012 ਨੂੰ ਭੁਪਿੰਦਰ ਸਿੰਘ ਨੂੰ ਉਕਤ ਪਲਾਟ ਬਦਲੇ 48 ਲੱਖ ਰੁਪਏ ਦੇ ਦਿੱਤੇ ਸਨ ਪਰ ਅੱਜ ਤੱਕ ਨਾ ਤਾਂ ਭੁਪਿੰਦਰ ਸਿੰਘ ਵੱਲੋਂ ਉਕਤ ਪਲਾਟ ਉਸਦੇ ਨਾਮ ਕਰਵਾਇਆ ਗਿਆ ਅਤੇ ਨਾ ਹੀ ਉਸਦੇ ਪੈਸੇ ਵਾਪਸ ਕੀਤੇ ਗਏ। ਇਸ ਸ਼ਿਕਾਇਤ ਦੇ ਆਧਾਰ ਉੱਤੇ ਰਾਜਸਥਾਨ ਪੁਲੀਸ ਨੇ ਜਾਂਚ ਕਰਨ ਉਪਰੰਤ ਭੁਪਿੰਦਰ ਸਿੰਘ ਵਾਸੀ ਬਾਕਰਪੁਰ ਮੁਹਾਲੀ ਖ਼ਿਲਾਫ਼ ਬੀਤੀ 20 ਜਨਵਰੀ ਨੂੰ ਮਾਮਲਾ ਦਰਜ ਕੀਤਾ ਹੈ।
ਉਧਰ, ਦੂਜੇ ਪਾਸੇ ਬਾਕਰਪੁਰ ਦੇ ਵਸਨੀਕ ਭੁਪਿੰਦਰ ਸਿੰਘ ਨੇ ਕਿਹਾ ਕਿ ਸ਼ਿਕਾਇਤਕਰਤਾ ਵੱਲੋਂ ਉਸਦੇ ਖ਼ਿਲਾਫ਼ ਝੂਠੀ ਸ਼ਿਕਾਇਤ ਦੇ ਕੇ ਪਰਚਾ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸਲ ਵਿੱਚ ਜਤਿੰਦਰ ਸਿੰਘ ਨਾਂ ਦਾ ਇਹ ਵਿਅਕਤੀ ਉਨ੍ਹਾਂ ਦੇ ਪੁਰਾਣੇ ਪਾਰਟਨਰ ਸਤਿੰਦਰ ਕੰਗ ਦਾ ਨਜ਼ਦੀਕੀ ਹੈ ਅਤੇ ਇਹ ਝੂਠਾ ਮਾਮਲਾ ਵੀ ਕੰਗ ਵੱਲੋਂ ਹੀ ਦਰਜ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸਤਿੰਦਰ ਕੰਗ ਵੱਲੋਂ ਉਨ੍ਹਾਂ ਦੇ ਇੱਕ ਦੋਸਤ ਨਾਲ ਢਾਈ ਕਰੋੜ ਦੀ ਠੱਗੀ ਕੀਤੀ ਸੀ ਜਿਸ ਸੰਬੰਧੀ ਕੰਗ ਦੇ ਖਿਲਾਫ ਮਾਮਲਾ ਵੀ ਦਰਜ ਹੋਇਆ ਹੈ ਅਤੇ ਉਸ ਮਾਮਲੇ ਵਿੱਚ ਉਹ ਗਵਾਹ ਹਨ ਜਿਸ ਕਾਰਨ ਹੁਣ ਕੰਗ ਵੱਲੋਂ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਦਰਜ ਹੋਣ ਦੀ ਉਨ੍ਹਾਂ ਨੂੰ ਪਹਿਲਾਂ ਜਾਣਕਾਰੀ ਨਹੀਂ ਸੀ ਅਤੇ ਉਹ ਪੁਲੀਸ ਦੀ ਜਾਂਚ ਵਿੱਚ ਪੂਰਾ ਸਹਿਯੋਗ ਦੇਣਗੇ। ਸਤਿੰਦਰ ਕੰਗ ਨੇ ਕਿਹਾ ਕਿ ਭੁਪਿੰਦਰ ਸਿੰਘ ਅਤੇ ਜਤਿੰਦਰ ਸਿੰਘ ਵਿਚਾਲੇ ਆਪਸ ਲੈਣ ਦੇਣ ਦਾ ਮਾਮਲਾ ਹੈ ਅਤੇ ਇਸ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਂਜ ਵੀ ਉਹ ਇਸ ਮਾਮਲੇ ਵਿੱਚ ਕੁੱਝ ਨਹੀਂ ਕਹਿਣਾ ਚਾਹੁੰਦੇ।

Load More Related Articles
Load More By Nabaz-e-Punjab
Load More In Crime & Police

Check Also

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ

ਪੰਜਾਬ ਪੁਲੀਸ ਵੱਲੋਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਦੋ ਕਾਰਕੁਨ ਅਸਲੇ ਸਣੇ ਗ੍ਰਿਫ਼ਤਾਰ ਵਿਦੇਸ਼ੀ ਮੂਲ ਦੇ …