
ਮੁਹਾਲੀ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 1.74 ਲੱਖ ਮੀਟਰਿਕ ਟਨ ਝੋਨਾ ਪੁੱਜਿਆ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਅਕਤੂਬਰ:
ਮੁਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਜ਼ਿਲ੍ਹੇ ਦੀਆਂ ਸਮੂਹ ਅਨਾਜ ਮੰਡੀਆਂ ਅਤੇ ਖ਼ਰੀਦ ਕੇਂਦਰਾਂ ਵਿੱਚ ਝੋਨੇ ਦੀ ਨਿਰਵਿਘਨ ਖ਼ਰੀਦ ’ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਇਸ ਵਾਰ ਝੋਨੇ ਦੀ ਫਸਲ ਦਾ ਝਾੜ ਚੰਗਾ ਰਿਹਾ ਹੈ ਅਤੇ ਖ਼ਰੀਦ ਅੰਦਾਜ਼ੇ ਤੋਂ ਵੱਧ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮੰਡੀਆਂ ਵਿੱਚ 1 ਲੱਖ 74 ਹਜ਼ਾਰ 811 ਮੀਟਰਿਕ ਟਨ ਆਮਦ ਹੋਈ ਹੈ। ਅੰਦਾਜ਼ੇ ਅਨੁਸਾਰ 1 ਲੱਖ 58 ਹਜ਼ਾਰ 049 ਮੀਟਰਿਕ ਝੋਨੇ ਦੀ ਖ਼ਰੀਦ ਕੀਤੀ ਜਾਣੀ ਸੀ ਪਰ ਫਸਲ ਚੰਗੀ ਹੋਣ ਕਰਕੇ 1 ਲੱਖ 74 ਹਜ਼ਾਰ 731 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ।
ਡੀਸੀ ਨੇ ਦੱਸਿਆ ਕਿ ਹੁਣ ਤੱਕ ਪਨਗਰੇਨ ਨੇ 45 ਹਜ਼ਾਰ 134 ਮੀਟਰਿਕ ਟਨ, ਮਾਰਕਫੈੱਡ ਨੇ 62 ਹਜ਼ਾਰ 998 ਮੀਟਰਿਕ ਟਨ, ਪਨਸਪ ਨੇ 31 ਹਜ਼ਾਰ 768 ਮੀਟਰਿਕ ਟਨ, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 21 ਹਜ਼ਾਰ 370 ਮੀਟਰਿਕ ਟਨ, ਐਫ਼ਸੀਆਈ ਨੇ 13 ਹਜ਼ਾਰ 277 ਮੀਟਰਿਕ ਟਨ ਅਤੇ ਵਾਪਰੀਆਂ ਵੱਲੋਂ 184 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ 1 ਲੱਖ 53 ਹਜ਼ਾਰ 588 ਮੀਟਰਿਕ ਟਨ ਝੋਨੇ ਦੀ ਫਸਲ ਦੀ ਲਿਫ਼ਟਿੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ ਨੂੰ ਝੋਨਾ ਵੇਚਣ ਲਈ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖ਼ਰੀਦਿਆਂ ਜਾਵੇਗਾ। ਡੀਸੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਦੇ ਬਚਾਅ ਲਈ ਨਿਯਮਾਂ ਦੀ ਪਾਲਣਾ ਸਬੰਧੀ ਕੋਈ ਅਣਗਹਿਲੀ ਨਾ ਵਰਤੀ ਜਾਵੇ ਅਤੇ ਸਰਕਾਰ ਵੱਲੋਂ ਹਦਾਇਤਾਂ ਮੁਤਾਬਕ ਖ਼ਰੀਦ ਕੇਂਦਰਾਂ ਵਿੱਚ ਸਮਾਜਿਕ ਦੂਰੀ ਬਣਾ ਕੇ ਰੱਖਣਾ, ਮੂੰਹ ’ਤੇ ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਯਕੀਨੀ ਬਣਾਇਆ ਜਾਵੇ।