Nabaz-e-punjab.com

ਮੁਹਾਲੀ ਵਿੱਚ 7 ਲੱਖ ਰੁਪਏ ਦੀ ਕੀਮਤ ਦੇ ਪਾਬੰਦੀਸ਼ੁਦਾ ਤੰਬਾਕੂ ਪਦਾਰਥ ਜ਼ਬਤ

ਸਿਹਤ ਤੇ ਐਕਸਾਈਜ਼ ਵਿਭਾਗ ਦੀ ਟੀਮ ਨੇ ਫੇਜ਼-6 ਦੀ ਦੁਕਾਨ ਵਿੱਚ ਛਾਪੇਮਾਰੀ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 31 ਅਕਤੂਬਰ:
ਸਿਹਤ ਵਿਭਾਗ ਦੀ ਵਿਸ਼ੇਸ਼ ਟੀਮ ਨੇ ਅੱਜ ਇੱਥੋਂ ਦੇ ਫੇਜ਼-6 ਵਿੱਚ ਇਕ ਦੁਕਾਨ ’ਤੇ ਅਚਨਚੇਤ ਛਾਪੇਮਾਰੀ ਕਰਕੇ ਭਾਰੀ ਮਾਤਰਾ ਵਿੱਚ ਪਾਬੰਦੀਸ਼ੁਦਾ ਅਤੇ ਗ਼ੈਰਕਾਨੂੰਨੀ ਤੰਬਾਕੂ ਪਦਾਰਥ ਬਰਾਮਦ ਕੀਤੇ ਹਨ। ਇਸ ਕਾਰਵਾਈ ਨੂੰ ਐਕਸਾਈਜ਼ ਅਤੇ ਪੁਲੀਸ ਵਿਭਾਗ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਅੰਜਾਮ ਦਿੱਤਾ ਗਿਆ। ਜ਼ਬਤ ਕੀਤੇ ਗਏ ਤੰਬਾਕੂ ਪਦਾਰਥਾਂ ਦੀ ਕੀਮਤ ਲਗਭਗ ਸੱਤ ਲੱਖ ਰੁਪਏ ਹੈ। ਜਾਂਚ ਟੀਮ ਵਿੱਚ ਸਿਹਤ ਵਿਭਾਗ ਦੇ ਕਾਨੂੰਨੀ ਸਲਾਹਕਾਰ ਗੁਰਮੀਤ ਕੌਰ, ਜ਼ਿਲ੍ਹਾ ਨੋਡਲ ਅਫ਼ਸਰ ਡਾ. ਨਵਦੀਪ ਸਿੰਘ, ਫੂਡ ਸੇਫ਼ਟੀ ਅਫ਼ਸਰ ਅਨਿਲ ਕੁਮਾਰ, ਡਾ. ਗੁਰਮਨਦੀਪ ਸਿੰਘ, ਈਟੀਓ ਮੁਨੀਸ਼ ਨੱਈਅਰ, ਹਰਮੀਤ ਸਿੰਘ, ਖ਼ੁਸ਼ਪ੍ਰੀਤ ਕੌਰ ਵੀ ਸ਼ਾਮਲ ਸਨ।
ਅੱਜ ਸ਼ਾਮੀ ਸਿਹਤ ਵਿਭਾਗ ਦੇ ਤੰਬਾਕੂ ਰੋਕਥਾਮ ਵਿੰਗ ਦੇ ਸੂਬਾਈ ਨੋਡਲ ਅਧਿਕਾਰੀ ਡਾ. ਨਿਰਲੇਪ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਫੇਜ਼-6 ਵਿੱਚ ਇਕ ਦੁਕਾਨਦਾਰ ਵੱਲੋਂ ਭਾਰੀ ਮਾਤਰਾ ਵਿੱਚ ਪਾਬੰਦੀਸ਼ੁਦਾ ਤੰਬਾਕੂ ਪਦਾਰਥਾਂ ਦਾ ਭੰਡਾਰ ਕੀਤਾ ਹੋਇਆ ਹੈ ਅਤੇ ਸ਼ਰੇਆਮ ਤੰਬਾਕੂ ਵੇਚਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੀ ਜਾਂਚ ਟੀਮ ਦਾ ਗਠਨ ਕਰਕੇ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ ਅਤੇ ਚੈਕਿੰਗ ਦੌਰਾਨ ਦੁਕਾਨ ’ਚੋਂ ਭਾਰੀ ਮਿਕਦਾਰ ਵਿੱਚ ਪਾਬੰਦੀਸ਼ੁਦਾ ਅਤੇ ਗ਼ੈਰਕਾਨੂੰਨੀ ਤੰਬਾਕੂ ਪਦਾਰਥ ਬਰਾਮਦ ਕੀਤੇ ਹਨ। ਜ਼ਬਤ ਕੀਤੇ ਗਏ ਸਮਾਨ ਵਿੱਚ ਵਿਦੇਸ਼ੀ ਮੁਲਕਾਂ ਤੋਂ ਮੰਗਵਾਈਆਂ ਹੋਈਆਂ ਪਾਬੰਦੀਸ਼ੁਦਾ ਸਿਗਰਟਾਂ, ਬੀੜੀਆਂ, ਖ਼ੁਸ਼ਬੂਦਾਰ ਪਾਨ ਮਸਾਲਾ, ਖੈਣੀ, ਜ਼ਰਦਾ ਆਦਿ ਦੇ ਸੈਂਕੜੇ ਪੈਕੇਟ ਸ਼ਾਮਲ ਹਨ।
ਸਿਹਤ ਅਧਿਕਾਰੀ ਨੇ ਕਿਹਾ ਕਿ ਸਿਗਰਟ ਦੇ ਪੈਕਟ ਦੇ ਬਾਹਰਲੀ 85 ਫੀਸਦੀ ਥਾਂ ’ਤੇ ਚਿਤਾਵਨੀ ਚਿੰਨ੍ਹ ਹੋਣੇ ਜ਼ਰੂਰੀ ਹਨ ਜੋ ਇਨ੍ਹਾਂ ਸਿਗਰਟਾਂ ਉੱਤੇ ਨਹੀਂ ਸਨ। ਦੁਕਾਨਦਾਰ ਕੋਲ ਉਕਤ ਸਾਰੇ ਸਮਾਨ ਦਾ ਕੋਈ ਬਿੱਲ ਵੀ ਨਹੀਂ ਸੀ। ਉਨ੍ਹਾਂ ਦੱਸਿਆ ਕਿ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਸਾਰਾ ਸਮਾਨ ਮੌਕੇ ’ਤੇ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਨੇ ਇਸ ਦੁਕਾਨਦਾਰ ਵਿਰੁੱਧ ਪਹਿਲਾਂ ਵੀ ਉਸ ਨੂੰ ਭਾਰੀ ਜੁਰਮਾਨਾ ਕੀਤਾ ਸੀ।
ਡਾ. ਨਿਰਲੇਪ ਕੌਰ ਨੇ ਦੱਸਿਆ ਕਿ ਸਿਗਰਟ ਅਤੇ ਹੋਰ ਤੰਬਾਕੂ ਪਦਾਰਥ ਰੋਕਥਾਮ ਕਾਨੂੰਨ ਕੋਟਪਾ ਤਹਿਤ ਸਿਗਰਟ ਦੇ ਜਿਸ ਪੈਕਟ ਉੱਤੇ 85 ਫੀਸਦੀ ਚਿਤਾਵਨੀ ਚਿੰਨ੍ਹ ਨਹੀਂ, ਉਸ ਨੂੰ ਪਾਬੰਦੀਸ਼ੁਦਾ ਜਾਂ ਗੈਰਕਾਨੂੰਨੀ ਮੰਨਿਆ ਜਾਂਦਾ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਤੰਬਾਕੂ ਪਦਾਰਥ ਵੇਚਣਾ ਗੈਰਕਾਨੂੰਨੀ ਨਹੀਂ ਪਰ ਇਹ ਸਮਾਨ ਕੋਟਪਾ ਕਾਨੂੰਨ ਦੀ ਪਾਲਣਾ ਕਰਦਿਆਂ ਵੇਚਿਆ ਜਾਵੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਲਗਾਤਾਰ ਚੈਕਿੰਗ ਅਭਿਆਨ ਜਾਰੀ ਰਹੇਗਾ ਅਤੇ ਜੋ ਕੋਈ ਵੀ ਦੁਕਾਨਦਾਰ ਕਾਨੂੰਨ ਦੀ ਉਲੰਘਣਾ ਕਰਕੇ ਸਮਾਨ ਵੇਚਦਾ ਫੜਿਆ ਗਿਆ। ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

Load More Related Articles
Load More By Nabaz-e-Punjab
Load More In General News

Check Also

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ

ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਨਬਜ਼-ਏ-ਪੰਜਾਬ, ਮੁਹਾਲੀ, 15 ਨਵੰਬਰ…