
ਲਖਨੌਰ-ਲਾਂਡਰਾਂ ਮੁੱਖ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ, ਕੈਬਨਿਟ ਮੰਤਰੀ ਸਿੱਧੂ ਨੇ ਕੀਤੀ ਮਟੀਰੀਅਲ ਦੀ ਜਾਂਚ
ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਮੁਰੰਮਤ ਦਾ ਕੰਮ ਛੇਤੀ ਨੇਪਰੇ ਚਾੜ੍ਹਨ ਦੇ ਹੁਕਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਦਸੰਬਰ:
ਮੁਹਾਲੀ ਤੋਂ ਲਖਨੌਰ-ਲਾਂਡਰਾਂ ਮੁੱਖ ਸੜਕ ਦੀ ਹਾਲਤ ਬੇਹੱਦ ਖਸਤਾ ਹੋਣ ਕਰਕੇ ਆਵਾਜਾਈ ਵਿੱਚ ਆ ਰਹੀਆਂ ਦਿੱਕਤਾਂ ਤੋਂ ਹੁਣ ਇਲਾਕੇ ਦੇ ਲੋਕਾਂ ਨੂੰ ਜਲਦੀ ਹੀ ਛੁਟਕਾਰਾ ਮਿਲਣ ਦੀ ਆਸ ਬੱਝ ਗਈ ਹੈ। ਅਧਿਕਾਰੀਆਂ ਕਥਿਤ ਬੇਧਿਆਨੀ ਦੇ ਚੱਲਦਿਆਂ ਇਸ ਸੜਕ ਵਿੱਚ ਡੂੰਘੇ ਖੱਡੇ ਪੈ ਚੁੱਕੇ ਹਨ ਅਤੇ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਲੇਕਿਨ ਹੁਣ ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਦੀ ਪਹਿਲਕਦਮੀ ਸਦਕਾ ਲਖਨੌਰ-ਲਾਂਡਰਾਂ ਮੁੱਖ ਸੜਕ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਗਿਆ ਹੈ। ਸ੍ਰੀ ਸਿੱਧੂ ਨੇ ਅੱਜ ਸੜਕ ਦੀ ਮੁਰੰਮਤ ਲਈ ਵਰਤੀ ਜਾਣ ਵਾਲੀ ਸਮਗਰੀ ਦਾ ਨਿਰੀਖਣ ਕੀਤਾ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਇਹ ਕੰਮ ਛੇਤੀ ਨੇਪਰੇ ਚਾੜ੍ਹਿਆ ਜਾਵੇ।
ਜ਼ਿਕਰਯੋਗ ਮੰਤਰੀ ਨੇ ਇਹ ਕੰਮ 30 ਨਵੰਬਰ ਤੱਕ ਮੁਕੰਮਲ ਕਰਨ ਦਾ ਐਲਾਨ ਕੀਤਾ ਸੀ।
ਸ੍ਰੀ ਸਿੱਧੂ ਨੇ ਕਿਹਾ ਕਿ ਲਖਨੌਰ ਤੋਂ ਲਾਂਡਰਾਂ ਚੌਂਕ ਤੱਕ ਸੜਕ ਦੀ ਮੁਰੰਮਤ ’ਤੇ 1 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸ ਤੋਂ ਇਲਾਵਾ ਲਾਂਡਰਾਂ ਟੀ ਪੁਆਇੰਟ (ਲਾਂਡਰਾਂ ਜੰਕਸ਼ਨ) ’ਤੇ ਟਰੈਫ਼ਿਕ ਦੀ ਸਮੱਸਿਆ ਦੇ ਪੱਕੇ ਹੱਲ ਲਈ 28 ਕਰੋੜ ਰੁਪਏ ਦੀ ਲਾਗਤ ਨਾਲ ਸਰਹਿੰਦ ਫਤਹਿ ਮਾਰਗ ’ਤੇ ਥੰਡਰ ਜ਼ੋਨ ਨੇੜੇ ਰੇਲਵੇ ਕਰਾਸਿੰਗ ਤੱਕ ਮੁਹਾਲੀ ਤੋਂ ਆਉਂਦੀ ਸੜਕ ਨੂੰ ਸਿੱਧਾ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਨੂੰ ਚੌੜਾ ਅਤੇ ਮਜ਼ਬੂਤ ਬਣਾਉਣ ਲਈ ਕਰੀਬ ਸਵਾ ਸੱਤ ਏਕੜ ਜ਼ਮੀਨ ਐਕਵਾਇਰ ਕੀਤੀ ਜਾ ਰਹੀ ਹੈ। ਇਹ ਪ੍ਰਾਜੈਕਟ ਸਿਰੇ ਚੜ੍ਹਨ ਨਾਲ ਇਲਾਕੇ ਦੇ ਲੋਕਾਂ ਅਤੇ ਬਾਹਰਲੇ ਸ਼ਹਿਰਾਂ ’ਚੋਂ ਮੁਹਾਲੀ ਅਤੇ ਚੰਡੀਗੜ੍ਹ ਆਉਣ ਵਾਲੇ ਵਿਅਕਤੀਆਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਪੇਸ਼ ਨਹੀਂ ਆਵੇਗੀ।
ਇਸ ਮੌਕੇ ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਐਸਡੀਐਮ ਜਗਦੀਪ ਸਹਿਗਲ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਨਰੇਸ਼ ਇੰਦਰ ਸਿੰਘ ਵਾਲੀਆ, ਲਾਂਡਰਾਂ ਦੇ ਸਾਬਕਾ ਸਰਪੰਚ ਹਰਚਰਨ ਸਿੰਘ ਗਿੱਲ, ਨੰਬਰਦਾਰ ਦਿਲਬਾਗ ਸਿੰਘ ਤੇ ਜਗਦੀਸ਼ ਸਿੰਘ, ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਮੋਹਨ ਸਿੰਘ ਬਠਲਾਣਾ, ਕਾਂਗਰਸ ਆਗੂ ਗੁਰਧਿਆਨ ਸਿੰਘ ਦੁਰਾਲੀ, ਰਜਿੰਦਰ ਸਿੰਘ ਰਾਏਪੁਰ ਕਲਾਂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।