
ਲਾਲੜੂ ਪੁਲੀਸ ਵੱਲੋਂ ਟੈਕਸੀ ਚਾਲਕ 1 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ
ਨਬਜ਼-ਏ-ਪੰਜਾਬ ਬਿਊਰੋ, ਲਾਲੜੂ, 19 ਅਪਰੈਲ:
ਮੁਹਾਲੀ ਦੇ ਜ਼ਿਲ੍ਹਾ ਪੁਲੀਸ ਮੁਖੀ ਸਤਿੰਦਰ ਸਿੰਘ ਵੱਲੋਂ ਨਸ਼ਾ ਤਸਕਰੀ ਦੇ ਧੰਦੇ ਨੂੰ ਨੱਥ ਪਾਉਣ ਦੇ ਮੰਤਵ ਨਾਲ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਲਾਲੜੂ ਥਾਣਾ ਦੇ ਐਸਐਚਓ ਇੰਸਪੈਕਟਰ ਸੁਖਬੀਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਇਕ ਵਿਅਕਤੀ (ਟੈਕਸੀ ਚਾਲਕ) ਨੂੰ ਇੱਕ ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲੀਸ ਅਨੁਸਾਰ ਮੁਲਜ਼ਮ ਮੱਧ ਪ੍ਰਦੇਸ਼ ਤੋਂ ਅਫੀਮ ਲਿਆ ਕੇ ਜ਼ੀਰਕਪੁਰ ਪਹੁੰਚਾਉਣ ਦਾ ਧੰਦਾ ਕਰਦਾ ਸੀ।
ਮਿਲੀ ਜਾਣਕਾਰੀ ਅਨੁਸਾਰ ਲਾਲੜੂ ਪੁਲੀਸ ਨੇ ਦੌਰਾਨੇ ਗਸਤ ਰਵੀਦਾਸ ਭਵਨ ਨੇੜੇ ਸਲੀਪ ਰੋਡ ਲਾਲੜੂ ਵਿਖੇ ਇਕ ਵਿਅਕਤੀ ਨੂੰ ਹੱਥ ਵਿੱਚ ਪਲਾਸਟਿਕ ਦਾ ਲਿਫ਼ਾਫ਼ਾ ਫੜ੍ਹ ਕੇ ਪੈਦਲ ਜਾਂਦੇ ਹੋਏ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ, ਜੋ ਪੁਲੀਸ ਨੂੰ ਦੇਖ ਕੇ ਉੱਥੋਂ ਖਿਸਕਣ ਲੱਗਾ, ਪੁਲੀਸ ਨੇ ਸ਼ੱਕ ਦੇ ਆਧਾਰ ’ਤੇ ਉਸ ਨੂੰ ਰੋਕ ਕੇ ਉਸ ਦਾ ਨਾਮ ਪਤਾ ਪੁੱਛਿਆ, ਜਿਸ ਨੇ ਆਪਣਾ ਨਾਮ ਮੋਨੂੰ ਵਾਸੀ ਪਿੰਡ ਰਾਏਚੰਦ ਵਾਲਾ (ਹਰਿਆਣਾ) ਦੱਸਿਆ ਅਤੇ ਪੁਲੀਸ ਨੇ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ਵਾਲੇ ਲਿਫ਼ਾਫ਼ੇ ’ਚੋਂ ਇੱਕ ਕਿੱਲੋ ਅਫੀਮ ਬਰਾਮਦ ਕੀਤੀ ਗਈ। ਪੁਲੀਸ ਨੇ ਮੁਲਜ਼ਮ ਦੇ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਨੇ ਦੱਸਿਆ ਕਿ ਮੁਲਜ਼ਮ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਟੈਕਸੀ ਚਲਾਉਣ ਦਾ ਕੰਮ ਕਰਦਾ ਹੈ ਅਤੇ ਮੱਧ ਪ੍ਰਦੇਸ ਤੋਂ ਕਿਸੇ ਵਿਅਕਤੀ ਕੋਲੋਂ ਅਫੀਮ ਲੈ ਕੇ ਆਇਆ ਸੀ, ਜੋ ਉਸ ਨੇ ਜ਼ੀਰਕਪੁਰ ਵਿੱਚ ਕਿਸੇ ਵਿਅਕਤੀ ਨੂੰ ਦੇਣੀ ਸੀ, ਜਿਸ ਬਦਲੇ ਉਸ ਨੂੰ ਪੈਸੇ ਮਿਲਣੇ ਸਨ। ਲੇਕਿਨ ਇਸ ਦੌਰਾਨ ਉਹ ਪੁਲੀਸ ਦੇ ਅੜਿੱਕੇ ਆ ਗਿਆ।