Share on Facebook Share on Twitter Share on Google+ Share on Pinterest Share on Linkedin ਲੰਬੀ ਹਲਕੇ ਦੇ ਪਿੰਡ ਰੱਤਾ ਖੇੜਾ ਵਿੱਚ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲ ਜੁੱਤੀ ਵਗਾਹ ਕੇ ਮਾਰੀ ਹਮਲਾਵਰ ਦੀ ਪਹਿਚਾਣ ਪਿੰਡ ਰੱਤਾ ਖੇੜਾ ਦੇ ਗੁਰਬਚਨ ਸਿੰਘ ਵਜੋਂ ਹੋਈ ਨਬਜ਼-ਏ-ਪੰਜਾਬ ਬਿਊਰੋ, ਲੰਬੀ, 11 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਉਸ ਵੇਲੇ ਭਾਰੀ ਨਮੋਸ਼ੀ ਸਹਿਣੀ ਪਈ ਜਦੋਂ ਉਨ੍ਹਾਂ ਦੇ ਆਪਣੇ ਜੱਦੀ ਹਲਕੇ ਲੰਬੀ ਦੇ ਪਿੰਡ ਰੱਤਾ ਖੇੜਾ ਵਿੱਚ ਆਯੋਜਿਤ ਇੱਕ ਚੋਣ ਜਲਸੇ ਦੌਰਾਨ ਇੱਕ ਵਿਅਕਤੀ ਨੇ ਰੋਸ ਪ੍ਰਗਟਾਉਣ ਲਈ ਆਪਣਾ ਜੁੱਤੀ ਸ੍ਰੀ ਬਾਦਲ ਵੱਲ ਵਗਾਹ ਕੇ ਮਾਰੀ ਗਈ। ਸੂਤਰ ਦੱਸਦੇ ਹਨ ਕਿ ਇਸ ਵਿਅਕਤੀ ਵੱਲੋਂ ਸੁੱਟੀ ਜੁੱਤੀ ਸ੍ਰੀ ਬਾਦਲ ਦੇ ਹੱਥ ’ਤੇ ਵੱਜੀ ਅਤੇ ਇਸ ਝਟਕੇ ਵਿੱਚ ਉਨ੍ਹਾਂ ਦੇ ਹੱਥ ਵਿੱਚ ਫੜਿਆ ਕੱਚ ਦਾ ਗਲਾਸ ਵੀ ਟੁੱਟ ਗਿਆ। ਜਦੋਂ ਕਿ ਬਦਨਾਮੀ ਦੇ ਡਰੋਂ ਅਕਾਲੀ ਆਗੂ ਇਹ ਗੱਲ ਮੰਨਣ ਨੂੰ ਤਿਆਰ ਨਹੀਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬੀਤੀ ਦੇਰ ਸ਼ਾਮ ਦੀ ਹੈ। ਪਿੰਡ ਰੱਤਾ ਖੇੜਾ ਵਿੱਚ ਸ੍ਰੀ ਬਾਦਲ ਵੱਲੋਂ ਆਪਣੀ ਚੋਣ ਮੁਹਿੰਮ ਦੌਰਾਨ ਇੱਕ ਚੋਣ ਜਲਸੇ ਨੂੰ ਸੰਬੋਧਨ ਕੀਤਾ ਗਿਆ ਸੀ। ਸ੍ਰੀ ਬਾਦਲ ਇਸ ਮੌਕੇ ਆਪਣੀ ਤਕਰੀਰ ਖਤਮ ਕਰਕੇ ਹਟੇ ਹੀ ਸਨ ਕਿ ਅਚਾਨਕ ਉੱਥੇ ਦੂਜੀ ਕਤਾਰ ਵਿੱਚ ਬੈਠੇ 40 ਕੁ ਸਾਲ ਦੇ ਇੱਕ ਵਿਅਕਤੀ (ਜਿਸ ਦਾ ਨਾਮ ਗੁਰਬਚਨ ਸਿੰਘ ਦੱਸਿਆ ਗਿਆ ਹੈ) ਨੇ ਅਚਾਨਕ ਸ੍ਰ. ਬਾਦਲ ਵੱਲ ਜੁੱਤੀ ਵਗਾਹ ਕੇ ਮਾਰ ਦਿੱਤੀ। ਅਚਾਨਕ ਵਾਪਰੀ ਇਸ ਘਟਨਾ ਕਾਰਨ ਪੰਡਾਲ ਵਿੱਚ ਹਫੜਾ ਦਫੜੀ ਮਚ ਗਈ। ਇਸ ਦੌਰਾਨ ਮੌਕੇ ਤੇ ਮੌਜੂਦ ਪੁਲੀਸ ਅਧਿਕਾਰੀਆਂ ਵੱਲੋਂ ਉਕਤ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਇਹ ਦੂਜਾ ਮੌਕਾ ਹੈ ਜਦੋਂ ਪੰਜਾਬ ਦੇ ਇਸ ਬਜੁਰਗ ਸਿਆਸਤਦਾਨ ਨੂੰ ਇਸ ਅਸਹਿਜ ਸਥਿਤੀ ਦਾ ਸਾਮ੍ਹਣਾ ਕਰਨਾ ਪਿਆ ਹੈ। ਇਸ ਤੋਂ ਪਹਿਲਾਂ ਸਾਲ 2014 ਵਿੱਚ ਪਿੰਡ ਈਸੜੂ ਵਿਖੇ ਇੱਕ ਪ੍ਰੌਗਰਾਮ ਦੌਰਾਨ ਧਨੌਲਾ ਦੇ ਇਕ ਬੇਰੁਜਗਾਰ ਨੌਜਵਾਨ ਵਿਕਰਮ ਵਲੋਂ ਮੁੱਖ ਮੰਤਰੀ ਸ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਨਾਹਰੇਬਾਜੀ ਕਰਦਿਆਂ ਉਹਨਾਂ ਵਂੱਲ ਜੁੱਤੀ ਸੁੱਟੀ ਗਈ ਸੀ। ਪੁਲੀਸ ਅਨੁਸਾਰ ਕਾਬੂ ਕੀਤੇ ਗਏ ਵਿਅਕਤੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਫਾਜਿਲਕਾ ਨੇੜੇ ਇਕ ਪਿੰਡ ਵਿਚੋਂ ਲੰਘਣ ਦੌਰਾਨ ਸੂਬੇ ਦੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਕਾਫਲੇ ਤੇ ਪਥਰਾਓ ਦੀ ਘਟਨਾ ਵਾਪਰ ਚੁੱਕੀ ਹੈ ਅਤੇ ਹੁਣ ਪਿੰਡ ਰੱਤਾ ਖੇੜਾ ਦੇ ਇਸ ਵਿਅਕਤੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ