ਜ਼ਮੀਨ ਦੀ ਖਰੀਦੋ-ਫਰੋਖਤ: ਪੀੜਤ ਕਿਸਾਨਾਂ ਤੇ ਕਿਸਾਨ ਆਗੂਆਂ ਵੱਲੋਂ ਬਿਲਡਰ ਦਫ਼ਤਰ ਦਾ ਘਿਰਾਓ

ਬਿਲਡਰ ਡੀਡੀ ਗਰਗ ਨੇ ਕਿਸਾਨਾਂ ਦੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਾਰਚ:
ਇੱਥੋਂ ਦੇ ਨਜ਼ਦੀਕੀ ਪਿੰਡ ਕੈਲੋਂ ਵਿੱਚ ਜ਼ਮੀਨ ਦੀ ਖਰੀਦੋ-ਫਰੋਖਤ ਦਾ ਮਾਮਲਾ ਕਾਫੀ ਗਰਮਾ ਗਿਆ ਹੈ। ਜ਼ਮੀਨੀ ਵਿਵਾਦ ਨੂੰ ਲੈ ਕੇ ਅੱਜ ਪੀੜਤ ਕਿਸਾਨ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਮਾਰਬੇਲਾ ਗ੍ਰੈਂਡ ਦੇ ਐਮਡੀ ਡੀ.ਡੀ. ਗਰਗ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਡੀਡੀ ਗਰਗ ਨੇ ਮਸਲਾ ਨਿਬੇੜਨ ਲਈ ਅੱਜ ਦਾ ਸਮਾਂ ਦਿੱਤਾ ਸੀ ਪ੍ਰੰਤੂ ਉਹ ਕਿਸਾਨ ਆਗੂਆਂ ਤੋਂ ਜਾਣ ਤੋਂ ਪਹਿਲਾਂ ਹੀ ਆਪਣੇ ਦਫ਼ਤਰ ਤੋਂ ਨਿਕਲ ਗਏ। ਜਿਸ ਕਾਰਨ ਕੋਈ ਗੱਲਬਾਤ ਨਹੀਂ ਹੋ ਸਕੀ ਜਦੋਂਕਿ ਇਨ੍ਹਾਂ ਨੇ ਪਹਿਲਾਂ ਵੀ ਕਈ ਵਾਰ ਕਿਸਾਨਾਂ ਨੂੰ ਸਮਾਂ ਦੇ ਕੇ ਖੱਜਲ ਖੁਆਰ ਕੀਤਾ ਗਿਆ ਹੈ। ਕਿਸਾਨਾਂ ਦੇ ਦੱਸਣ ਅਨੁਸਾਰ ਇਸ ਮਾਮਲੇ ਵਿੱਚ ਪੰਜਾਬ ਦੇ ਇਕ ਕੈਬਨਿਟ ਮੰਤਰੀ ਵੀ ਪਿੰਡ ਵਾਸੀਆਂ ’ਤੇ ਬਿਲਡਰ ਦੇ ਹੱਕ ਵਿੱਚ ਫੈਸਲਾ ਲੈਣ ਲਈ ਦਬਾਅ ਬਣਾ ਰਹੇ ਹਨ।
ਕਿਸਾਨਾਂ ਨੇ ਕਿਹਾ ਕਿ ਇਸ ਗਰੁੱਪ ਦੇ ਪ੍ਰਮੋਟਰਾਂ ਦੀ ਇੱਕ ਹੋਰ ਟਾਊਨਸ਼ਿਪ ਹੈ। ਸਾਲ ਪਹਿਲਾਂ ਉਨ੍ਹਾਂ ਨੂੰ ਟੋਕਨ ਰਕਮ ਅਦਾ ਕੀਤੀ ਸੀ। ਉਨ੍ਹਾਂ ਛੇ ਮਹੀਨੇ ਵਿੱਚ ਖਰੀਦਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਨੇ ਛੇ ਮਹੀਨੇ ਦੌਰਾਨ ਆਪਣਾ ਵਾਅਦਾ ਪੂਰਾ ਨਹੀਂ ਕੀਤਾ ਅਤੇ ਕਿਸਾਨ ਪਿੱਛੇ ਨਹੀਂ ਹਟੇ ਪਰ ਹੁਣ ਜਦੋਂ ਕਿਸਾਨ ਆਪਣੀ ਜ਼ਮੀਨ ਵੇਚਣ ਦੀ ਕੋਸ਼ਿਸ਼ ਕੀਤੀ ਤਾਂ ਇਨ੍ਹਾਂ ਪ੍ਰਮੋਟਰਾਂ ਨੇ ਜਾਅਲੀ ਪੇਪਰ ਤਿਆਰ ਕਰਕੇ ਕੋਰਟ ਕੇਸ ਕਰ ਦਿੱਤਾ ਹੈ। ਜਿਸ ਕਾਰਨ ਕਿਸਾਨ ਸਦਮੇ ਵਿੱਚ ਹਨ ਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਕਿਉਂਕਿ ਜ਼ਮੀਨਾਂ ਦੀ ਹੁਣ ਕੀਮਤ ਕਰੋੜਾਂ ਰੁਪਏ ਹੈ।
ਕਿਸਾਨਾਂ ਨੇ ਪ੍ਰਮੋਟਰਾਂ ਤੇ ਡੀਲਰਾਂ ਦੀ ਸ਼ਿਕਾਇਤ ਐਸਐਸਪੀ ਨੂੰ ਵੀ ਦਿੱਤੀ ਅਤੇ ਕਿਸਾਨਾਂ ਨੇ ਇਨਸਾਫ਼ ਦੀ ਗੁਹਾਰ ਲਗਾਈ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸਾਨਾਂ ਨੂੰ ਆਪਣੀ ਜ਼ਮੀਨ ਵੇਚਣ ਦਾ ਹੱਕ ਮਿਲਣਾ ਚਾਹੀਦਾ ਹੈ। ਕਿਸਾਨਾਂ ਨੇ ਕਿਹਾ ਕਿ ਇਸ ਮਸਲੇ ਨੂੰ ਹੱਲ ਕਰਨ ਲਈ ਜਲਦੀ ਹੀ ਰਣਨੀਤੀ ਬਣਾ ਕੇ ਇਨ੍ਹਾਂ ਖ਼ਿਲਾਫ਼ ਸੰਘਰਸ਼ ਉਲੀਕਿਆ ਜਾਵੇਗਾ। ਕਿਸਾਨਾਂ ਨੇ ਦੱਸਿਆ ਕਿ ਐਸਐਸਪੀ ਨੇ ਮਾਮਲੇ ਦੀ ਜਾਂਚ ਡੀਐਸਪੀ ਮਨਜੀਤ ਸਿੰਘ ਅੌਲਖ ਦੇ ਹਵਾਲੇ ਕੀਤੀ ਗਈ ਹੈ।
ਇਸ ਮੌਕੇ ਕਿਸਾਨ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਕਿਰਪਾਲ ਸਿੰਘ ਸਿਆਊ, ਸੀਨੀਅਰ ਆਗੂ ਗੁਰਨਾਮ ਸਿੰਘ ਦਾਊਂ, ਨਛੱਤਰ ਸਿੰਘ ਬੈਦਵਾਨ, ਕੁਲਵੰਤ ਸਿੰਘ ਰੁੜਕੀ, ਮਲਕੀਤ ਸਿੰਘ, ਜੱਗੀ ਕਰਾਲਾ, ਮੁਖਤਿਆਰ ਸਿੰਘ, ਤਲਵਿੰਦਰ ਸਿੰਘ, ਜਗਤਾਰ ਸਿੰਘ, ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।
ਉਧਰ, ਦੂਜੇ ਪਾਸੇ ਆਪਣਾ ਪੱਖ ਰੱਖਦਿਆਂ ਮਾਰਬੇਲਾ ਗ੍ਰੈਂਡ ਦੇ ਐਮਡੀ ਸ੍ਰੀ ਡੀ.ਡੀ. ਗਰਗ ਨੇ ਕਿਸਾਨਾਂ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਦੱਸਦਿਆਂ ਕਿਹਾ ਕਿ ਪਿੰਡ ਕੈਲੋਂ ਦੀ ਜ਼ਮੀਨ ਖ਼ਰੀਦਣ ਲਈ ਕੰਪਨੀ ਨੇ ਕਿਸਾਨਾਂ ਨੂੰ ਕੋਟਨ ਮਨੀ ਦੇ ਚੈੱਕ ਦਿੱਤੇ ਗਏ ਸੀ ਅਤੇ ਕਈ ਕਿਸਾਨਾਂ ਨੇ ਚੈੱਕ ਬੈਂਕ ਵਿੱਚ ਲਗਾ ਕੇ ਪੈਸੇ ਵਸੂਲ ਕਰ ਲਏ ਹਨ। ਬਿਲਡਰ ਨੇ ਕਿਹਾ ਕਿ ਕਿਸਾਨਾਂ ਵੱਲੋਂ ਹੁਣ ਲਾਲਚ ਵਿੱਚ ਆ ਕੇ ਕਿਸੇ ਹੋਰ ਕੰਪਨੀ ਨੂੰ ਵੱਧ ਪੈਸਿਆਂ ਵਿੱਚ ਆਪਣੀ ਜ਼ਮੀਨ ਵੇਚਣ ਦਾ ਸੌਦਾ ਕੀਤਾ ਜਾ ਰਿਹਾ ਹੈ, ਜੋ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਅਦਾਲਤ ਨੇ ਉਨ੍ਹਾਂ (ਬਿਲਡਰ) ਦੇ ਹੱਕ ਵਿੱਚ ਸਟੇਅ ਆਰਡਰ ਜਾਰੀ ਕੀਤੇ ਹੋਏ ਹਨ।

Load More Related Articles

Check Also

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ

ਨੰਬਰਦਾਰਾਂ ਦੀਆਂ ਹੱਕੀ ਮੰਗਾਂ ਤੇ ਸਮੱਸਿਆਵਾਂ ਦੇ ਹੱਲ ਲਈ ਯੋਗ ਪੈਰਵੀ ਕਰਨ ਦਾ ਮਤਾ ਪਾਸ ਭਗਤ ਆਸਾ ਰਾਮ ਜੀ ਦ…