ਜ਼ਮੀਨ ਵਿਵਾਦ: ਅਕਾਲ ਯੂਥ ਦੇ ਕਾਰਕੁਨਾਂ ਤੇ ਵਕੀਲਾਂ ਵੱਲੋਂ ਐਸਜੀਪੀਸੀ ਦੇ ਖ਼ਿਲਾਫ਼ ਧਰਨਾ

ਗੁਰੂ ਘਰਾਂ ਦੀਆਂ ਜ਼ਮੀਨਾਂ ਬਚਾਉਣ ਲਈ ਸੀਨੀਅਰ ਵਕੀਲਾਂ ਦਾ ਪੈਨਲ ਬਣਾਉਣ ’ਤੇ ਜ਼ੋਰ

ਐਸਜੀਪੀਸੀ ਅਧਿਕਾਰੀਆਂ ’ਤੇ ਗੁਰੂਘਰ ਦੀ ਜ਼ਮੀਨ ਕੌਡੀਆਂ ਦੇ ਭਾਅ ਵੇਚਣ ਦਾ ਦੋਸ਼

ਖਾੜਕੂ ਜਗਤਾਰ ਸਿੰਘ ਹਵਾਰਾ ਦੇ ਪਿਤਾ ਨੇ ਐਸਜੀਪੀਸੀ ਨੂੰ ਆਜ਼ਾਦ ਕਰਵਾਉਣ ਦਾ ਦਿੱਤਾ ਸੱਦਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਮਾਰਚ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੀ ਪਿੰਡ ਪੇ੍ਰਮਗੜ੍ਹ (ਸੈਣੀ ਮਾਜਰਾ) ਵਿਚਲੀ ਬਾਕੀ ਬਚਦੀ ਕਰੀਬ 12.5 ਏਕੜ ਬਹੁ-ਕਰੋੜੀ ਜ਼ਮੀਨ ਵੇਚਣ ਦਾ ਮਾਮਲਾ ਕਾਫ਼ੀ ਭਖ ਗਿਆ ਹੈ। ਪਿਛਲੇ ਦਿਨੀਂ ਐਸਜੀਪੀਸੀ ਦੇ ਸੀਨੀਅਰ ਮੈਂਬਰ ਤੇ ਪੰਥਕ ਆਗੂ ਭਾਈ ਹਰਦੀਪ ਸਿੰਘ ਅਤੇ ਇਲਾਕੇ ਦੀ ਸੰਗਤ ਨੇ ਜ਼ਮੀਨ ਵੇਚਣ ਦਾ ਮੁੱਦਾ ਚੁੱਕਿਆ ਸੀ। ਹਾਲਾਂਕਿ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਤਿੰਨ ਮੈਂਬਰਾਂ ਅਜਮੇਰ ਸਿੰਘ ਖੇੜਾ, ਚਰਨਜੀਤ ਸਿੰਘ ਕਾਲੇਵਾਲ ਅਤੇ ਬੀਬੀ ਪਰਮਜੀਤ ਕੌਰ ਲਾਂਡਰਾਂ ਨੇ ਮੀਟਿੰਗ ਕਰਕੇ ਸਥਿਤੀ ਸਪੱਸ਼ਟ ਕਰਨ ਦਾ ਯਤਨ ਕੀਤਾ ਸੀ ਪ੍ਰੰਤੂ ਅੱਜ ਸਿੱਖ ਜਥੇਬੰਦੀ ਅਕਾਲ ਯੂਥ ਦੇ ਮੁਖੀ ਭਾਈ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਗੁਰਦੁਆਰਾ ਅੰਬ ਸਾਹਿਬ ਵਿਖੇ ਐਸਜੀਪੀਸੀ ਮੈਨੇਜਰ ਦੇ ਦਫ਼ਤਰ ਬਾਹਰ ਧਰਨਾ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਗੁਰੂਘਰ ਦੀ ਜ਼ਮੀਨ ਵੇਚਣ ਦੀ ਕਾਰਵਾਈ ਫੌਰੀ ਤੌਰ ’ਤੇ ਰੱਦ ਕੀਤੀ ਜਾਵੇ। ਸਿੱਖ ਮਸਲਿਆਂ ਦੀ ਪੈਰਵਾਈ ਕਰਨ ਵਾਲੇ ਹਾਈ ਕੋਰਟ ਦੇ ਵਕੀਲਾਂ ਨੇ ਵੀ ਧਰਨੇ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਅਕਾਲ ਯੂਥ ਦੇ ਮੁਖੀ ਭਾਈ ਜਸਵਿੰਦਰ ਸਿੰਘ ਨੇ ਕਿਹਾ ਕਿ ਐਸਜੀਪੀਸੀ ਪਹਿਲਾਂ ਵੀ ਗੁਰਦੁਆਰਾ ਅੰਬ ਸਾਹਿਬ ਦੀ ਜ਼ਮੀਨ ਵੇਚ ਚੁੱਕੀ ਹੈ ਅਤੇ ਹੁਣ ਫਿਰ ਬਾਕੀ ਬਚਦੀ ਜ਼ਮੀਨ ਨੂੰ ਵੇਚਣ ਦੇ ਰੌਂਅ ਵਿੱਚ ਹੈ। ਉਨ੍ਹਾਂ ਕਿਹਾ ਕਿ ਗੁਰੂਘਰ ਦੀ ਸਾਰੀ ਜ਼ਮੀਨ ਇੱਕ ਥਾਂ ਇਕੱਠੀ ਕਰਕੇ ਉੱਥੇ ਸਕੂਲ, ਕਾਲਜ ਜਾਂ ਹਸਪਤਾਲ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਮੁਹਾਲੀ ਵਿੱਚ ਜ਼ਮੀਨਾਂ ਦੇ ਭਾਅ ਵੱਧ ਹੋਣ ਕਾਰਨ ਸ਼ੁਰੂ ਤੋਂ ਹੀ ਸਿਆਸੀ ਆਗੂਆਂ ਦੀ ਨਜ਼ਰ ਗੁਰੂ ਘਰਾਂ ਦੀਆਂ ਜ਼ਮੀਨਾਂ ’ਤੇ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਦੇ ਕਿਸਾਨ ਜ਼ਮੀਨਾਂ ਬਚਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਧਰਨੇ ਉੱਤੇ ਬੈਠੇ ਹਨ ਪ੍ਰੰਤੂ ਇਸ ਦੇ ਉਲਟ ਐਸਜੀਪੀਸੀ ਗੁਰਦੁਆਰਿਆਂ ਦੀਆਂ ਜ਼ਮੀਨਾਂ ਵੇਚਣ ’ਤੇ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਕੀਮਤ ’ਤੇ ਗੁਰੂਘਰ ਦੀ ਜ਼ਮੀਨ ਵੇਚਣ ਨਹੀਂ ਦਿੱਤੀ ਜਾਵੇਗੀ ਅਤੇ ਜ਼ਮੀਨਾਂ ਬਚਾਉਣ ਲਈ ਕਾਨੂੰਨੀ ਚਾਰਾਜੋਈ ਲਈ ਸੀਨੀਅਰ ਵਕੀਲਾਂ ਦਾ ਪੈਨਲ ਬਣਾਇਆ ਜਾਵੇਗਾ। ਜੇ ਲੋੜ ਪਈ ਤਾਂ ਸੰਗਤ ਦੇ ਸਹਿਯੋਗ ਨਾਲ ਲੜੀਵਾਰ ਧਰਨਾ ਸ਼ੁਰੂ ਕੀਤਾ ਜਾਵੇਗਾ।
ਖਾੜਕੂ ਜਗਤਾਰ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਕੁਰਬਾਨੀਆਂ ਕਰਕੇ ਐਸਜੀਪੀਸੀ ਹੋਂਦ ਵਿੱਚ ਆਈ ਸੀ, ਪ੍ਰੰਤੂ ਮੌਜੂਦਾ ਸਮੇਂ ਵਿੱਚ ਇਕ ਅਜਿਹਾ ਸਿਆਸੀ ਲਾਣਾ ਕਾਬਜ਼ ਹੋ ਗਿਆ ਹੈ, ਜੋ ਗੁਰੂਘਰਾਂ ਦੀਆਂ ਜ਼ਮੀਨਾਂ ਕੋਡੀਆਂ ਦੇ ਭਾਅ ਵੇਚਣ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਗੁਰੂਘਰ ਦੀ ਜ਼ਮੀਨ ਵੇਚਣ ਦੀ ਥਾਂ ਹਸਪਤਾਲ, ਕਾਲਜ, ਗੁਰਮਤਿ ਦੀ ਪਾਠਸ਼ਾਲਾ ਬਣਾਈ ਜਾਵੇ। ਹਾਈ ਕੋਰਟ ਦੇ ਸੀਨੀਅਰ ਵਕੀਲ ਅਮਰ ਸਿੰਘ ਚਾਹਲ ਨੇ ਕਿਹਾ ਕਿ ਜ਼ਮੀਨ ਨੂੰ ਖੁਰਦ ਬੁਰਦ ਨਾ ਕੀਤੀ ਜਾਵੇ ਸਗੋਂ ਇਸ ਨੂੰ ਪੰਥਕ ਕਾਰਜਾਂ ਲਈ ਵਰਤਿਆ ਜਾਵੇ।
ਉਧਰ, ਐਸਜੀਪੀਸੀ ਦੇ ਮੈਨੇਜਰ ਰਜਿੰਦਰ ਸਿੰਘ ਟਿਵਾਣਾ ਦੀ ਗੈਰਮੌਜੂਦਗੀ ਵਿੱਚ ਉਨ੍ਹਾਂ ਦੇ ਨੁਮਾਇੰਦੇ ਨੇ ਸਿੱਖ ਆਗੂਆਂ ਤੋਂ ਮੰਗ ਪੱਤਰ ਹਾਸਲ ਕੀਤਾ। ਉਨ੍ਹਾਂ ਭਰੋਸਾ ਦਿੱਤਾ ਕਿ ਮੰਗ ਪੱਤਰ ਐਸਜੀਪੀਸੀ ਪ੍ਰਧਾਨ ਤੇ ਹੋਰ ਉੱਚ ਅਧਿਕਾਰੀਆਂ ਕੋਲ ਪਹੁੰਚਦਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੁਰੂਘਰ ਦੀ ਮਲੇਰਕੋਟਲਾ ਸਥਿਤ ਜ਼ਮੀਨ ਦਾ ਠੇਕਾ ਦੇਣ ਲਈ ਮੈਨੇਜਰ ਉੱਥੇ ਗਏ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਮੀਨ ਨੂੰ ਐਕਵਾਇਰ ਕਰਨ ਤੋਂ ਰੋਕਣ ਲਈ ਪੁੱਡਾ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।

Load More Related Articles

Check Also

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ

ਸੇਵਾਮੁਕਤ ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ’ਤੇ ਬਕਾਇਆਂ ਦਾ ਭੁਗਤਾਨ ਕਰੇ ਸਰਕਾਰ ਨਬਜ਼-ਏ-ਪੰਜਾਬ, ਮੁਹਾਲੀ, 26…