ਪਿੰਡ ਬਾਕਰਪੁਰ ਲਾਲ ਡੋਰੇ ਅੰਦਰ ਜ਼ਮੀਨ ਵਿਵਾਦ ਭਖਿਆ, ਬੀਡੀਪੀਓ ਖ਼ਿਲਾਫ਼ ਕਾਰਵਾਈ ਮੰਗੀ

ਅਦਾਲਤੀ ਹੁਕਮਾਂ ਦੇ ਬਾਵਜੂਦ ਜ਼ਮੀਨ ’ਚ ਪਿਆ ਸਾਮਾਨ ਚੁੱਕ ਕੇ ਬਾਹਰ ਸੁੱਟਣ ਦਾ ਦੋਸ਼, ਡੀਸੀ ਨੂੰ ਦਿੱਤੀ ਸ਼ਿਕਾਇਤ

ਨਬਜ਼-ਏ-ਪੰਜਾਬ, ਮੁਹਾਲੀ, 30 ਜੂਨ:
ਮੁਹਾਲੀ ਏਅਰਪੋਰਟ ਨੇੜਲੇ ਪਿੰਡ ਬਾਕਰਪੁਰ ਵਿੱਚ ਅਦਾਲਤੀ ਫ਼ੈਸਲੇ ਦੇ ਬਾਵਜੂਦ ਜ਼ਮੀਨੀ ਵਿਵਾਦ ਕਾਫ਼ੀ ਭਖ ਗਿਆ ਹੈ। ਪੀੜਤ ਅਜੈਬ ਸਿੰਘ ਅਤੇ ਹਰਮੇਸ਼ ਸਿੰਘ ਨੇ ਦੋਸ਼ ਲਾਇਆ ਕਿ ਬੀਡੀਪੀਓ ਵੱਲੋਂ ਉਨ੍ਹਾਂ ਦੀ ਜ਼ਮੀਨ ਸਬੰਧੀ ਅਦਾਲਤ ਦਾ ਫ਼ੈਸਲਾ ਹੋਣ ਦੇ ਬਾਵਜੂਦ ਪੁਲੀਸ ਅਤੇ ਪੰਚਾਇਤ ਸਕੱਤਰ ਨੂੰ ਭੇਜ ਕੇ ਜ਼ਮੀਨ ਵਿੱਚ ਪਿਆ ਸਾਮਾਨ ਚੁੱਕ ਕੇ ਟੋਭੇ ਕੋਲ ਸੁੱਟ ਦਿੱਤਾ ਹੈ। ਪੀੜਤ ਭਰਾਵਾਂ ਨੇ ਡੀਸੀ ਨੂੰ ਸ਼ਿਕਾਇਤ ਦੇ ਕੇ ਬੀਡੀਪੀਓ ਦੇ ਖ਼ਿਲਾਫ਼ ਸਖ਼ਤ ਕਾਰਵਾਈ ਮੰਗੀ ਹੈ।
ਅਜੈਬ ਸਿੰਘ ਅਤੇ ਹਰਮੇਸ਼ ਸਿੰਘ ਨੇ ਡੀਸੀ ਦੇ ਧਿਆਨ ਵਿੱਚ ਲਿਆਂਦਾ ਕਿ ਉਨ੍ਹਾਂ ਦੀ ਜਗ੍ਹਾ ਲਾਲ ਲਕੀਰ ਅੰਦਰ ਆਬਾਦੀ ਵਿੱਚ ਪੈਂਦੀ ਹੈ। ਮੁਹਾਲੀ ਦੇ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਨੇ ਕਾਫ਼ੀ ਸਮਾਂ ਪਹਿਲਾਂ ਹੀ ਫ਼ੈਸਲਾ ਉਨ੍ਹਾਂ ਦੇ ਹੱਕ ਵਿੱਚ ਕਰ ਦਿੱਤਾ ਸੀ। ਇਸ ਸਬੰਧੀ ਦੂਜੀ ਧਿਰ ਹਾਈ ਕੋਰਟ ਚਲੀ ਗਈ ਸੀ ਪਰ ਉੱਚ ਅਦਾਲਤ ਨੇ 18.1.2019 ਨੂੰ ਦੂਜੀ ਧਿਰ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ। ਅਦਾਲਤੀ ਫ਼ੈਸਲੇ ਤੋਂ ਬਾਅਦ ਉਨ੍ਹਾਂ ਨੇ ਉਕਤ ਜ਼ਮੀਨ ਦੀ ਚਾਰਦੀਵਾਰੀ ਕਰਕੇ ਗੇਟ ਨੂੰ ਤਾਲਾ ਲਗਾਇਆ ਗਿਆ ਸੀ।
ਬਾਅਦ ਵਿੱਚ ਗਰਾਮ ਪੰਚਾਇਤ ਵੱਲੋਂ ਡਿਪਟੀ ਕਮਿਸ਼ਨਰ-ਕਮ-ਕੁਲੈਕਟਰ ਪੰਚਾਇਤ ਦੀ ਅਦਾਲਤ ਵਿੱਚ ਸੈਕਸ਼ਨ (7) ਦਾ ਕੇਸ ਦਾਇਰ ਕਰਕੇ ਦਲੀਲ ਦਿੱਤੀ ਗਈ ਕਿ ਇਹ ਜ਼ਮੀਨ ਪੰਚਾਇਤ ਦੀ ਹੈ। ਜਦੋਂਕਿ ਉਨ੍ਹਾਂ ਨੇ ਜ਼ਮੀਨ ਦੀ ਮਲਕੀਅਤ ਸਾਬਤ ਕਰਨ ਦੀ ਚੁਨੌਤੀ ਦਿੱਤੀ ਗਈ। ਡੀਡੀਪੀਓ ਵੱਲੋਂ 24.11.2022 ਨੂੰ ਹੁਕਮ ਰਾਹੀਂ ਸੈਕਸ਼ਨ (7) ਦਾ ਕੇਸ ਬੰਦ ਕਰ ਦਿੱਤਾ। ਬੀਤੀ 24 ਜੂਨ ਨੂੰ ਬੀਡੀਪੀਓ ਨੇ ਪੰਚਾਇਤ ਸਕੱਤਰ ਨੂੰ ਪੁਲੀਸ ਨੂੰ ਭੇਜ ਕੇ ਜੇਸੀਬੀ ਮਸ਼ੀਨ ਰਾਹੀਂ ਉਸਾਰੀ ਸਾਮਾਨ ਚੁੱਕ ਕੇ ਦੂਰ ਸੁਟਵਾ ਦਿੱਤਾ। ਇਸ ਸਬੰਧੀ ਉਨ੍ਹਾਂ ਨੂੰ ਅਗਾਊਂ ਨੋਟਿਸ ਵੀ ਨਹੀਂ ਦਿੱਤਾ ਗਿਆ।

ਇਸ ਮੌਕੇ ਉਨ੍ਹਾਂ ਨੇ ਪੰਚਾਇਤ ਸਕੱਤਰ ਅਤੇ ਪੁਲੀਸ ਨੂੰ ਅਦਾਲਤੀ ਦੇ ਹੁਕਮ ਵੀ ਦਿਖਾਏ ਗਏ ਪ੍ਰੰਤੂ ਉਨ੍ਹਾਂ ਨੇ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਦਾ ਸਾਮਾਨ ਚੁਕਵਾ ਦਿੱਤਾ।
ਬੀਡੀਪੀਓ ਧਨਵੰਤ ਸਿੰਘ ਰੰਧਾਵਾ ਨੇ ਉਕਤ ਸਾਰੇ ਦੋਸ਼ਾਂ ਨੂੰ ਬਿਲਕੁਲ ਬੇਬੁਨਿਆਦ ਅਤੇ ਮਨਘੜਤ ਦੱਸਦਿਆਂ ਕਿਹਾ ਕਿ ਵਿਵਾਦ ਥਾਂ ਪੰਚਾਇਤ ਦੀ ਹੈ, ਜਿੱਥੇ ਇਨ੍ਹਾਂ ਲੋਕਾਂ ਵੱਲੋਂ ਕਬਜ਼ਾ ਕਰਨ ਲਈ ਮਟੀਰੀਅਲ ਰੱਖਿਆ ਗਿਆ ਸੀ। ਇਨ੍ਹਾਂ ਦਾ ਡੀਡੀਪੀਓ ਦੀ ਅਦਾਲਤ ਵਿੱਚ ਕੇਸ ਚੱਲ ਰਿਹਾ ਹੈ ਅਤੇ ਇਸ ਸਬੰਧੀ ਉਕਤ ਵਿਅਕਤੀਆਂ ਨੂੰ ਕਿਹਾ ਗਿਆ ਸੀ ਕਿ ਜਦੋਂ ਤੱਕ ਮਾਮਲਾ ਅਦਾਲਤ ਵਿੱਚ ਹੈ, ਇੱਥੇ ਕੁੱਝ ਨਾ ਕੀਤਾ ਜਾਵੇ। ਵੱਖ-ਵੱਖ ਅਦਾਲਤਾਂ ਦੇ ਫ਼ੈਸਲਿਆਂ ਬਾਰੇ ਪੁੱਛੇ ਜਾਣ ’ਤੇ ਅਧਿਕਾਰੀ ਨੇ ਕਿਹਾ ਕਿ ਹੁਣ ਡੀਡੀਪੀਓ ਦੀ ਅਦਾਲਤ ਵਿੱਚ ਸੈਕਸ਼ਨ 11 ਦਾ ਕੇਸ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਿਕਾਇਤਕਰਤਾ ਦੇ ਪੁਰਾਣੇ ਕਬਜ਼ੇ ਨਾਲ ਛੇੜਛਾੜ ਨਹੀਂ ਕੀਤੀ ਗਈ ਸਗੋਂ 23 ਜੂਨ ਦੀ ਰਾਤ ਨੂੰ ਉਨ੍ਹਾਂ ਨੇ ਜੋ ਨਵੇਂ ਸਿਰਿਓਂ ਸਾਮਾਨ ਰੱਖਿਆ ਸੀ ਸਿਰਫ਼ ਉਹੀ ਚੁਕਵਾਇਆ ਗਿਆ ਹੈ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੇ ਹੱਕਾਂ ਲਈ ਡਟੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਸੱਤਾ ਦੀ ਪ੍ਰਵਾਹ ਨਹੀਂ ਕੀਤੀ: ਸੁਖਬੀਰ ਬਾਦਲ

ਪੰਜਾਬ ਦੇ ਹੱਕਾਂ ਲਈ ਡਟੇ ਸ਼੍ਰੋਮਣੀ ਅਕਾਲੀ ਦਲ ਨੇ ਕਦੇ ਸੱਤਾ ਦੀ ਪ੍ਰਵਾਹ ਨਹੀਂ ਕੀਤੀ: ਸੁਖਬੀਰ ਬਾਦਲ ਆਪਣੀਆਂ…