
ਜ਼ਮੀਨ ਵਿਵਾਦ: ਐਸਜੀਪੀਸੀ ਦੇ ਤਿੰਨ ਮੈਂਬਰਾਂ ਨੇ ਮੀਟਿੰਗ ਕਰਕੇ ਸਥਿਤੀ ਸਪੱਸ਼ਟ ਕਰਨ ਦਾ ਯਤਨ
ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿੱਚ ਹੋਈ ਐਸਜੀਪੀਸੀ ਮੈਂਬਰਾਂ ਦੀ ਅਹਿਮ ਮੀਟਿੰਗ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਮਾਰਚ:
ਇੱਥੋਂ ਦੇ ਇਤਿਹਾਸਕ ਗੁਰਦੁਆਰਾ ਅੰਬ ਸਾਹਿਬ ਦੀ ਮਲਕੀਤੀ ਵਾਲੀ ਬਹੁ ਕਰੋੜੀ ਜ਼ਮੀਨ ਵਿਵਾਦ ਦਾ ਮਾਮਲਾ ਭਖਣਾ ਸ਼ੁਰੂ ਹੋ ਗਿਆ ਹੈ। ਬੀਤੇ ਦਿਨੀਂ ਐਸਜੀਸੀਪੀ ਦੇ ਆਜ਼ਾਦ ਮੈਂਬਰ ਤੇ ਪੰਥਕ ਆਗੂ ਭਾਈ ਹਰਦੀਪ ਸਿੰਘ ਨੇ ਸ਼੍ਰੋਮਣੀ ਕਮੇਟੀ ’ਤੇ ਪਿੰਡ ਪ੍ਰੇਮਗੜ੍ਹ (ਸੈਣੀਮਾਜਰਾ) ਵਿਚਲੀ ਜ਼ਮੀਨ ਨੂੰ ਵੇਚਣ ਦੀ ਤਿਆਰੀ ਵਿੱਢਣ ਦੇ ਗੰਭੀਰ ਦੋਸ਼ ਲਗਾਏ ਸੀ। ਉਕਤ ਜ਼ਮੀਨ ਵਿਵਾਦ ਸਬੰਧੀ ਵੀਰਵਾਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਤਰਿੰਗ ਕਮੇਟੀ ਦੇ ਮੈਂਬਰ ਅਜਮੇਰ ਸਿੰਘ ਖੇੜਾ, ਐਸਜੀਪੀਸੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਅਤੇ ਪਰਮਜੀਤ ਕੌਰ ਲਾਂਡਰਾਂ ਸਮੇਤ ਹੋਰ ਮੈਂਬਰਾਂ ਨੇ ਗੁਰਦੁਆਰਾ ਅੰਬ ਸਾਹਿਬ ਵਿੱਚ ਮੀਟਿੰਗ ਕੀਤੀ ਅਤੇ ਉਕਤ ਮਸਲੇ ਸਬੰਧੀ ਚਰਚਾ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਗੁਰਦੁਆਰਾ ਅੰਬ ਸਾਹਿਬ ਵੱਲੋਂ ਆਪਣੇ ਤੌਰ ’ਤੇ ਕੋਈ ਵੀ ਜ਼ਮੀਨ ਨਹੀਂ ਵੇਚੀ ਜਾ ਰਹੀ ਹੈ।
ਪੁੱਡਾ ਵੱਲੋਂ ਫਰਵਰੀ 2019 ਵਿੱਚ ਪਿੰਡ ਪ੍ਰੇਮਗੜ੍ਹ (ਸੈਣੀਮਾਜਰਾ) ਨਜ਼ਦੀਕ 5400 ਏਕੜ ਜ਼ਮੀਨ ਐਕੂਆਇਰ ਕੀਤੀ ਗਈ ਸੀ। ਜਿਸ ਵਿੱਚ ਗੁਰਦੁਆਰਾ ਅੰਬ ਸਾਹਿਬ ਦੀ 9 ਏਕੜ ਜ਼ਮੀਨ ਵੀ ਆ ਰਹੀ ਹੈ। ਇਸ ਸਬੰਧੀ ਪੁੱਡਾ ਨੇ ਅਖ਼ਬਾਰਾਂ ਵਿੰਚ ਇਸ਼ਤਿਹਾਰ ਦੇ ਕੇ 90 ਦਿਨ ਦੇ ਅੰਦਰ ਇਤਰਾਜ ਜਤਾਉਣ ਦਾ ਸਮਾਂ ਦਿੱਤਾ ਗਿਆ ਸੀ ਪ੍ਰੰਤੂ ਉਸ ਸਮੇਂ ਕਿਸੇ ਨੇ ਇਤਰਾਜ਼ ਨਹੀਂ ਜਤਾਇਆ। ਹੁਣ ਸ਼੍ਰੋਮਣੀ ਕਮੇਟੀ ਵੱਲੋਂ ਪੁੱਡਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਕਿ 9 ਏਕੜ ਜ਼ਮੀਨ ਸਾਨੂੰ ਇੱਕ ਪਾਸੇ ਦਿੱਤੀ ਜਾਵੇ ਤਾਂ ਜੋ ਸ਼੍ਰੋਮਣੀ ਕਮੇਟੀ ਵੱਲੋਂ ਉਸ ’ਤੇ ਹਸਪਤਾਲ, ਸਕੂਲ ਜਾਂ ਕਾਲਜ ਬਣਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਪੁੱਡਾ ਵੱਲੋਂ ਜ਼ਮੀਨ ਐਕੁਆਇਰ ਕਰਨ ਬਦਲੇ ਲੈਂਡ ਪੁਲਿੰਗ ਸਕੀਮ ਦਿੱਤੀ ਜਾ ਰਹੀ ਹੈ। ਗੁਰਦੁਆਰਾ ਸਾਹਿਬ ਵੱਲੋਂ ਪੁੱਡਾ ਕੋਲੋਂ ਨਾ ਹੀ ਜ਼ਮੀਨ ਦਾ ਕੋਈ ਪੈਸਾ ਲਿਆ ਗਿਆ ਹੈ ਅਤੇ ਨਾ ਹੀ ਲਿਆ ਜਾਵੇਗਾ। ਸਿਰਫ਼ ਜ਼ਮੀਨ ਬਦਲੇ ਜ਼ਮੀਨ ਹੀ ਲਈ ਜਾਵੇਗੀ। ਜੇਕਰ ਐਸਜੀਪੀਸੀ ਦੇ ਮੈਂਬਰ ਭਾਈ ਹਰਦੀਪ ਸਿੰਘ ਪੁੱਡਾ\ਗਮਾਡਾ ਤੋਂ ਜ਼ਮੀਨ ਐਕਵਾਇਰ ਹੋਣ ਤੋਂ ਰੁਕਵਾ ਸਕਦੇ ਹਨ ਤਾਂ ਐਸਜੀਪੀਸੀ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ। ਉਨ੍ਹਾਂ ਦੱਸਿਆ ਕਿ 2010 ਵਿੱਚ ਵੀ ਪੁੱਡਾ ਵੱਲੋਂ ਜੋ ਗੁਰਦੁਆਰਾ ਸਾਹਿਬ ਦੀ 11 ਏਕੜ ਜ਼ਮੀਨ ਐਕਵਾਇਰ ਕੀਤੀ ਸੀ। ਉਸ ਦੇ ਇਵਜ ਵਿੱਚ ਨਾਭਾ ਮਲੇਰਕੋਟਲਾ ਰੋਡ ’ਤੇ 60 ਏਕੜ ਜ਼ਮੀਨ ਖਰੀਦ ਕੀਤੀ ਗਈ ਸੀ। ਜਿਸ ਦਾ ਗੁਰਦੁਆਰਾ ਸਾਹਿਬ ਨੂੰ ਹਰ ਸਾਲ 35 ਲੱਖ ਰੁਪਏ ਠੇਕਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਐਸਜੀਪੀਸੀ ਵੱਲੋਂ ਸਾਰੇ ਕਾਰਜ ਪਾਰਦਰਸ਼ੀ ਢੰਗ ਨਾਲ ਕੀਤੇ ਜਾ ਰਹੇ ਹਨ। ਜਿਸ ਦਾ ਸਰਕਾਰ ਵੱਲੋਂ ਆਡਿਟ ਵੀ ਕੀਤਾ ਜਾਂਦਾ ਹੈ।
ਉਧਰ, ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਥੋਂ ਦੇ ਇਤਿਹਾਸਕ ਗੁਰਦੁਅਰਾ ਅੰਬ ਸਾਹਿਬ ਦੀ ਜ਼ਮੀਨ ਵੇਚਣ ਦੇ ਮਮਲੇ ਵਿੱਚ ਭਲਕੇ 12 ਮਾਰਚ ਨੂੰ ਸਵੇਰੇ 11:30 ਵਜੇ ਸਿੱਖਾਂ ਦੀ ਜਥੇਬੰਦੀ ਅਕਾਲ ਯੂਥ ਵੱਲੋਂ ਐਸਜੀਪੀਸੀ ਦੇ ਮੈਨੇਜਰ ਦੇ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਸਮੂਹ ਸੰਗਤ ਅਤੇ ਸਿੱਖ ਨੌਜਵਾਨਾਂ ਨੂੰ ਗੁਰੂ ਘਰ ਦੀ ਆਨਬਾਨ ਅਤੇ ਸ਼ਾਨ ਨੂੰ ਬਹਾਲ ਰੱਖਣ ਲਈ ਗੁਰਦੁਆਰਾ ਅੰਬ ਸਾਹਿਬ ਵਿਖੇ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਇਹ ਜਾਣਕਾਰੀ ਭਾਈ ਜਸਵਿੰਦਰ ਸਿੰਘ ਨੇ ਦਿੱਤੀ।