
ਮੁਹਾਲੀ ਦੇ ਤਿੰਨਾਂ ਪ੍ਰੈੱਸ ਕਲੱਬਾਂ ਦੀ ਸਾਂਝੀ ਮੀਟਿੰਗ ਬੁਲਾ ਕੇ ਜ਼ਮੀਨ ਦਾ ਮਸਲਾ ਹੱਲ ਕੀਤਾ ਜਾਵੇਗਾ: ਬਲਬੀਰ ਸਿੱਧੂ
ਮੁਹਾਲੀ ਪ੍ਰੈੱਸ ਕਲੱਬ ਦੀ ਤਾਜਪੋਸ਼ੀ ਸਮਾਗਮ ਵਿੱਚ ਪਹੁੰਚੇ ਸਿਹਤ ਮੰਤਰੀ ਨੇ ਨਵੀਂ ਟੀਮ ਨੂੰ ਦਿੱਤੀ ਵਧਾਈ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਜੁਲਾਈ:
ਮੁਹਾਲੀ ਸ਼ਹਿਰ ਵਿੱਚ ਪ੍ਰੈੱਸ ਕਲੱਬਾਂ ਨੂੰ ਜ਼ਮੀਨ ਦੇਣ ਸਬੰਧੀ ਪਿਛਲੇ ਕਈ ਦਿਨਾਂ ਤੋਂ ਚੱਲ ਰਿਹਾ ਰੇੜਕਾ ਅੱਜ ਉਸ ਸਮੇਂ ਖ਼ਤਮ ਹੋਣ ਦੇ ਆਸਾਰ ਬਣਦੇ ਨਜ਼ਰ ਆਏ ਜਦੋਂ ਮੁਹਾਲੀ ਪ੍ਰੈਸ ਕਲੱਬ ਦੇ ਤਾਜਪੋਸ਼ੀ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਐਲਾਨ ਕੀਤਾ ਕਿ ਇਸੇ ਹਫ਼ਤੇ ਤਿੰਨਾਂ ਪ੍ਰੈੱਸ ਕਲੱਬਾਂ ਨੂੰ ਇੱਕ ਪਲੇਟਫ਼ਾਰਮ ਉੱਤੇ ਇਕੱਠੇ ਕਰਨ ਲਈ ਅਹੁਦੇਦਾਰਾਂ ਦੀ ਸਾਂਝੀ ਮੀਟਿੰਗ ਬੁਲਾਈ ਜਾਵੇਗੀ। ਉਨ੍ਹਾਂ ਨੇ ਮੀਡੀਆ ਗਰੁੱਪਾਂ ਦਾ ਮਸਲਾ ਹੱਲ ਕਰਨ ਅਤੇ ਪੱਤਰਕਾਰਾਂ ਦੀ ਸਹੂਲਤ ਲਈ ਢੁਕਵੀਂ ਥਾਂ ਦੇਣ ਦੀ ਗੱਲ ਵੀ ਆਖੀ।
ਸਿਹਤ ਮੰਤਰੀ ਬਲਬੀਰ ਸਿੱਧੂ ਨੇ ਮੁਹਾਲੀ ਨਾਲ ਸਬੰਧਤ ਤਿੰਨ ਵੱਖੋ-ਵੱਖ ਪ੍ਰੈੱਸ ਕਲੱਬਾਂ ਦੇ ਅਹੁਦੇਦਾਰਾਂ ਨੂੰ ਆਪਸੀ ਮਤਭੇਦ ਭੁਲਾ ਕੇ ਇੱਕਜੱੁਟ ਹੋਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇੱਕ ਪਲੇਟਫ਼ਾਰਮ ਉੱਤੇ ਇਕੱਠੇ ਹੋਣ ਉਪਰੰਤ ਉਹ ਚੰਡੀਗੜ੍ਹ ਪ੍ਰੈੱਸ ਕਲੱਬ ਦੀ ਤਰਜ਼ ’ਤੇ ਮੁਹਾਲੀ ਵਿੱਚ ਪ੍ਰੈੱਸ ਕਲੱਬ ਲਈ ਢੁਕਵੀਂ ਜ਼ਮੀਨ ਦਾ ਮਸਲਾ ਹੱਲ ਕਰਵਾਉਣਗੇ। ਉਨ੍ਹਾਂ ਮੁਹਾਲੀ ਪ੍ਰੈੱਸ ਕਲੱਬ ਦੀ ਨਵੀਂ ਚੁਣੀ ਗਈ ਨਵੀਂ ਟੀਮ ਨੂੰ ਵਧਾਈ ਵੀ ਦਿੱਤੀ। ਇਸ ਤੋਂ ਪਹਿਲਾਂ ਪ੍ਰੈੱਸ ਕਲੱਬ ਦੇ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਨੇ ਮੰਤਰੀ ਨੂੰ ਦੱਸਿਆ ਕਿ ਇਹ ਪ੍ਰੈੱਸ ਕਲੱਬ 1999 ਤੋਂ ਹੋਂਦ ਵਿੱਚ ਆਇਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਲਗਾਤਾਰ ਚੱਲ ਰਿਹਾ ਹੈ ਅਤੇ ਹਰ ਸਾਲ ਲੋਕਤੰਤਰਿਕ ਢੰਗ ਨਾਲ ਚੋਣ ਕਰਵਾਈ ਜਾਂਦੀ ਹੈ। ਉਨ੍ਹਾਂ ਨੇ ਮੁੱਖ ਮਹਿਮਾਨ ਦੇ ਧਿਆਨ ਵਿੱਚ ਲਿਆਂਦਾ ਕਿ ਮੁਹਾਲੀ ਪ੍ਰੈੱਸ ਕਲੱਬ ਅੱਜ ਵੀ ਆਪਣੇ ਉਸੇ ਇੱਕਜੱੁਟਤਾ ਲਈ ਤਿੰਨਾਂ ਪ੍ਰੈੱਸ ਕਲੱਬਾਂ ਦੇ ਅਹੁਦੇਦਾਰਾਂ ਦੀ ਹੋਣ ਵਾਲੀ ਸਾਂਝੀ ਮੀਟਿੰਗ ਲਈ ਕੀਤੇ ਵਾਅਦੇ ’ਤੇ ਅਡੋਲ ਖੜਾ ਹੈ। ਪ੍ਰੈਸ ਕਲੱਬ ਵੱਲੋਂ ਬਲਬੀਰ ਸਿੱਧੂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ।
ਸਵਾਗਤੀ ਕਮੇਟੀ ਵਿੱਚ ਸ਼ਾਮਲ ਮਹਿਲਾ ਪੱਤਰਕਾਰ ਨੀਲਮ ਠਾਕੁਰ ਅਤੇ ਨੇਹਾ ਵਰਮਾ ਨੇ ਮੁੱਖ ਮਹਿਮਾਨ ਦਾ ਫੁੱਲਾਂ ਦੇ ਬੁੱਕਿਆਂ ਨਾਲ ਮੁੱਖ ਮਹਿਮਾਨ ਦਾ ਸਵਾਗਤ ਕੀਤਾ। ਤਾਜ਼ਪੋਸ਼ੀ ਸਮਾਗਮ ਵਿੱਚ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨਰਿੰਦਰ ਸਿੰਘ ਸ਼ੇਰਗਿੱਲ, ਗੁਰਤੇਜ ਸਿੰਘ ਪੰਨੂ, ਕਾਂਗਰਸੀ ਆਗੂ ਨੌਨਿਹਾਲ ਸਿੰਘ ਸੋਢੀ, ਭੁਪਿੰਦਰ ਸਿੰਘ ਵਾਲੀਆ, ਸਮਾਜ ਸੇਵੀ ਐਨਐਸ ਸੰਧੂ, ਜੀਐਸ ਰਿਆੜ, ਡਾ. ਅਨਵਰ ਹੁਸੈਨ, ਪ੍ਰਾਚੀਨ ਕਲਾ ਕੇਂਦਰ ਦੇ ਡਾਇਰੈਕਟਰ ਸ਼ੋਭਾ ਕੌਸਰ ਅਤੇ ਡਿਪਟੀ ਮੇਅਰ ਕੁਲਜੀਤ ਬੇਦੀ ਵੀ ਹਾਜ਼ਰ ਸਨ।
ਇਸ ਮੌਕੇ ਪ੍ਰੈੱਸ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਕੁਰਾਲੀ, ਮੀਤ ਪ੍ਰਧਾਨ ਰਾਜੀਵ ਤਨੇਜਾ, ਮਨਜੀਤ ਸਿੰਘ ਚਾਨਾ, ਜਨਰਲ ਸਕੱਤਰ ਗੁਰਮੀਤ ਸਿੰਘ ਸ਼ਾਹੀ, ਸੰਗਠਨ ਸਕੱਤਰ ਬਲਜੀਤ ਸਿੰਘ ਮਰਵਾਹਾ, ਸੰਯੁਕਤ ਸਕੱਤਰ ਨਾਹਰ ਸਿੰਘ ਧਾਲੀਵਾਲ, ਵਿਜੇ ਕੁਮਾਰ, ਕੈਸ਼ੀਅਰ ਰਾਜ ਕੁਮਾਰ ਅਰੋੜਾ, ਸਾਬਕਾ ਪ੍ਰਧਾਨ ਗੁਰਜੀਤ ਸਿੰਘ ਬਿੱਲਾ, ਸਾਬਕਾ ਜਨਰਲ ਸਕੱਤਰ ਹਰਬੰਸ ਸਿੰਘ ਬਾਗੜੀ ਆਦਿ ਸਮੇਤ ਹੋਰ ਪੱਤਰਕਾਰ ਅਤੇ ਪਤਵੰਤੇ ਹਾਜ਼ਰ ਸਨ। ਮੰਚ ਸੰਚਾਲਕ ਦੀ ਭੂਮਿਕਾ ਸੰਗਠਨ ਸਕੱਤਰ ਬਲਜੀਤ ਮਰਵਾਹਾ ਨੇ ਬਾਖ਼ੂਬੀ ਨਿਭਾਈ।