
ਲੈਂਡ-ਪੂਲਿੰਗ ਸਕੀਮ: ਮੁਹਾਲੀ ਹਲਕੇ ਦੇ ਕਿਸਾਨਾਂ ਵੱਲੋਂ ਬਲਬੀਰ ਸਿੱਧੂ ਦਾ ਸਨਮਾਨ
ਕਿਹਾ ਮੰਤਰੀ ਦੇ ਨਿੱਜੀ ਦਖ਼ਲ ਨਾਲ ਕਿਸਾਨਾਂ ਨੂੰ ਮਿਲਿਆ ਵੱਡਾ ਲਾਭ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 9 ਜੂਨ:
ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਟੀ (ਗਮਾਡਾ) ਅਧੀਨ ਆਉਂਦੇ ਐਰੋਸਿਟੀ, ਈਕੋ ਸਿਟੀ-2, ਆਈਟੀ ਸਿਟੀ ਅਤੇ ਸੈਕਟਰ-88 ਅਤੇ ਸੈਕਟਰ-89 ਦੇ ਲੈਂਡ-ਪੂਲਿੰਗ ਲੈਣ ਵਾਲੇ ਕਿਸਾਨਾਂ ਨੂੰ ਵਧੀਆਂ ਲੋਕੇਸ਼ਨ ਲਈ ਹੁਣ ਵਾਧੂ ਪੈਸੇ ਨਹੀਂ ਦੇਣੇ ਪੈਣਗੇ। ਇਸ ਸਬੰਧੀ ਗਮਾਡਾ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਪਿਛਲੇ ਦਿਨੀਂ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਜਿਨ੍ਹਾਂ ਕਿਸਾਨਾਂ ਨੇ ਵਧੀਆ ਲੋਕੇਸ਼ਨ ’ਤੇ ਪਲਾਟ ਲੈਣ ਲਈ ਗਮਾਡਾ ਕੋਲ ਪੈਸੇ ਜਮਾਂ ਕਰਵਾਏ ਗਏ ਸਨ, ਉਨ੍ਹਾਂ ਸਾਰੇ ਕਿਸਾਨਾਂ ਦੇ 90 ਦਿਨਾਂ ਵਿੱਚ ਪੈਸੇ ਵਾਪਸ ਕੀਤੇ ਜਾਣਗੇ।
ਇਲਾਕੇ ਦੇ ਕਿਸਾਨਾਂ ਨੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਸਮੇਤ ਪੰਜਾਬ ਸਰਕਾਰ ਅਤੇ ਗਮਾਡਾ ਦਾ ਧੰਨਵਾਦ ਕੀਤਾ ਅਤੇ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਸ੍ਰੀ ਸਿੱਧੂ ਨੂੰ ਸਨਮਾਨਿਤ ਕੀਤਾ ਗਿਆ। ਕਿਸਾਨਾਂ ਨੇ ਕਿਹਾ ਕਿ ਸਿੱਧੂ ਦੇ ਨਿੱਜੀ ਦਖ਼ਲ ਕਾਰਨ ਇਹ ਕੰਮ ਨੇਪਰੇ ਚੜ੍ਹਿਆ ਹੈ। ਜਦੋਂਕਿ ਇਸ ਤੋਂ ਪਹਿਲਾਂ ਕਿਸਾਨਾਂ ਕੋਲੋਂ ਪ੍ਰੈਫਰੈਂਸ਼ੀਅਲ ਲੋਕੇਸ਼ਨ ਚਾਰਜਿੰਗ ਵਜੋਂ ਕਾਰਨਰ ਦੇ ਪਲਾਟ ਅਤੇ ਫੇਸਿੰਗ ਪਾਰਕ ਲਈ 10 ਫੀਸਦੀ ਅਤੇ ਦੋਵਾਂ ਦੇ ਸਾਂਝੇ ਹੋਣ ਦੀ ਸੂਰਤ ਵਿੱਚ 15 ਫੀਸਦੀ ਵਾਧੂ ਰਾਸ਼ੀ ਵਸੂਲੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਮੁਹਾਲੀ ਹਲਕੇ ਦੇ ਲੋਕਾਂ ਨਾਲ ਕੀਤਾ ਵੱਡਾ ਵਾਅਦਾ ਪੂਰਾ ਕਰਕੇ ਕਿਸਾਨਾਂ ਨੂੰ ਤੋਹਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗਮਾਡਾ ਦੇ ਤਾਜ਼ਾ ਫੈਸਲੇ ਦਾ ਨਵੀਆਂ ਜ਼ਮੀਨਾਂ ਐਕਵਾਇਰ ਹੋਣ ਸਮੇਂ ਲੈਂਡ-ਪੂਲਿੰਗ ਲੈਣ ਵਾਲੇ ਕਿਸਾਨਾਂ ਨੂੰ ਵੀ ਲਾਭ ਮਿਲੇਗਾ।
ਇਸ ਮੌਕੇ ਸਿਹਤ ਮੰਤਰੀ ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੜਾਅਵਾਰ ਪੂਰੇ ਕੀਤੇ ਜਾਣਗੇ ਅਤੇ ਹੁਣ ਲੌਕਡਾਊਨ ਖੁੱਲ੍ਹਣ ਤੋਂ ਬਾਅਦ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਵਿਕਾਸ ਨੂੰ ਤਰਜ਼ੀਹ ਦਿੱਤੀ ਜਾਵੇਗੀ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਬੂਟਾ ਸਿੰਘ ਸੋਹਾਣਾ, ਰਜਿੰਦਰ ਸਿੰਘ ਰਾਏਪੁਰ, ਤਾਰਾ ਸਿੰਘ, ਜਸਵਿੰਦਰ ਸਿੰਘ ਲਖਨੌਰ, ਰਣਧੀਰ ਸਿੰਘ, ਸੁਰਜੀਤ ਸਿੰਘ ਮਾਣਕ ਮਾਜਰਾ, ਬਲਕਾਰ ਸਿੰਘ।