nabaz-e-punjab.com

ਜ਼ਮੀਨਾਂ ਦੀ ਖ਼ਰੀਦੋ-ਫ਼ਰੋਖ਼ਤ: ਨਾਇਬ ਤਹਿਸੀਲਦਾਰ ਤੇ ਅਕਾਲੀ ਆਗੂ ਨੂੰ ਜੇਲ੍ਹ ਭੇਜਿਆ

ਮਾਜਰੀ ਬਲਾਕ ਵਿੱਚ 100 ਏਕੜ ਜ਼ਮੀਨ ਦਾ ਗਲਤ ਤਰੀਕੇ ਨਾਲ ਤਬਾਦਲਾ ਕਰਨ ਦਾ ਮਾਮਲਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 12 ਨਵੰਬਰ:
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸ਼ਾਮਲਾਤ ਜ਼ਮੀਨਾਂ ਦੀ ਖ਼ਰੀਦੋ-ਫ਼ਰੋਖ਼ਤ ਦੇ ਇਕ ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਾਰ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਸਮੇਤ ਅਕਾਲੀ ਆਗੂ ਤੇ ਪ੍ਰਾਪਰਟੀ ਡੀਲਰ ਸ਼ਾਮ ਲਾਲ ਗੁਜ਼ਰ, ਪਟਵਾਰੀ ਇਕਬਾਲ ਸਿੰਘ ਅਤੇ ਨੰਬਰਦਾਰ ਗੁਰਨਾਮ ਸਿੰਘ ਨੂੰ ਪਹਿਲਾਂ ਦਿੱਤਾ 9 ਦਿਨ ਦਾ ਪੁਲੀਸ ਰਿਮਾਂਡ ਖ਼ਤਮ ਹੋਣ ’ਤੇ ਅੱਜ ਦੁਬਾਰਾ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਮਾਲ ਅਧਿਕਾਰੀ ਸਣੇ ਸਾਰੇ ਮੁਲਜ਼ਮਾਂ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਜੇਲ੍ਹ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਮੁਲਜ਼ਮਾਂ ਦਾ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ ਗਿਆ।
ਵਿਜੀਲੈਂਸ ਬਿਊਰੋ ਦੇ ਏਆਈਜੀ ਅਸੀਸ ਕਪੂਰ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਅਤੇ ਬਾਕੀ ਮੁਲਜ਼ਮਾਂ ਦੇ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਵੱਖ-ਵੱਖ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕਾਨੂੰਗੋ ਰਘਬੀਰ ਸਿੰਘ, ਬਲਬੀਰ ਸਿੰਘ, ਤਰਸੇਮ ਸਿੰਘ, ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਮਨਬੀਰ ਸਿੰਘ ਅਤੇ ਕਾਬਲ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਫਿਲਹਾਲ ਇਹ ਸਾਰੇ ਵਿਅਕਤੀ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਉਨ੍ਹਾਂ ਦੀ ਭਾਲ ਵਿੱਚ ਵਿਜੀਲੈਂਸ ਦੀਆਂ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਸਮੇਂ ਵਿੱਚ ਵਰਿੰਦਰਪਾਲ ਸਿੰਘ ਧੂਤ ਜ਼ੀਰਕਪੁਰ ਸਬ ਤਹਿਸੀਲ ਜ਼ੀਰਕਪੁਰ ਵਿੱਚ ਨਾਇਬ ਤਹਿਸੀਲਦਾਰ ਤਾਇਨਾਤ ਸਨ। ਇਸ ਤੋਂ ਪਹਿਲਾਂ ਉਹ ਗਮਾਡਾ ਅਤੇ ਬਲਾਕ ਮਾਜਰੀ ਦੇ ਨਾਇਬ ਤਹਿਸੀਲਦਾਰ ਰਹਿ ਚੁੱਕੇ ਹਨ। ਵਿਜੀਲੈਂਸ ਅਨੁਸਾਰ ਮਾਲ ਅਧਿਕਾਰੀ ’ਤੇ ਆਪਣੇ ਅਹੁਦੇ ਦੀ ਕਥਿਤ ਦੁਰਵਰਤੋਂ ਕਰਕੇ ਬਲਾਕ ਮਾਜਰੀ ਵਿੱਚ ਤਾਇਨਾਤੀ ਦੌਰਾਨ ਕਰੀਬ 100 ਏਕੜ ਜ਼ਮੀਨ ਦਾ ਗਲਤ ਤਰੀਕੇ ਨਾਲ ਤਬਾਦਲਾ ਕਰਕੇ ਉਸ ਨੂੰ ਅੱਗੇ ਵੇਚਣ ਵਿੱਚ ਮਦਦ ਕਰਨ ਦਾ ਦੋਸ਼ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਉਪ ਮੰਡਲ ਮੈਜਿਸਟਰੇਟ ਨੇ ਵਿਵਾਦਿਤ ਜ਼ਮੀਨ ਦੀ ਰਜਿਸਟਰੀਆਂ ਅਤੇ ਇੰਤਕਾਲਾਂ ’ਤੇ ਰੋਕ ਲਗਾ ਦਿੱਤੀ ਸੀ।
ਉਨ੍ਹਾਂ ਦੱਸਿਆ ਕਿ ਇਸ ਬਹੁਚਰਚਿਤ ਮਾਮਲੇ ਦੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪਿੰਡ ਸਿਊਂਕ ਦੀ ਸ਼ਾਮਲਾਤ ਬਾਰੇ ਮੁਹਾਲੀ ਦੇ ਏਡੀਸੀ (ਵਿਕਾਸ) ਵੱਲੋਂ ਚਾਰ ਸਾਲ ਪਹਿਲਾਂ 1 ਜੁਲਾਈ 2016 ਦੇ ਫੈਸਲੇ ਅਨੁਸਾਰ ਮਾਜਰੀ ਬਲਾਕ ਦੇ ਤਤਕਾਲੀ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ, ਕਾਨੂੰਗੋ ਰਘਵੀਰ ਸਿੰਘ ਅਤੇ ਪਟਵਾਰੀ ਇਕਬਾਲ ਸਿੰਘ ਵੱਲੋਂ ਸ਼ਾਮ ਲਾਲ ਪ੍ਰਾਪਰਟੀ ਡੀਲਰ, ਨੰਬਰਦਾਰ ਗੁਰਨਾਮ ਸਿੰਘ ਅਤੇ ਹੋਰ ਡੀਲਰਾਂ ਨਾਲ ਮਿਲ ਕੇ ਜ਼ਮੀਨ ਦੇ ਹਿੱਸਿਆਂ ਦੀ ਵੰਡ ਸਬੰਧੀ ਇੰਤਕਾਲ ਦਰਜ ਕੀਤੇ ਗਏ ਪ੍ਰੰਤੂ ਇੰਤਕਾਲ ਕਰਨ ਸਮੇਂ ਇਨ੍ਹਾਂ ਵਿਅਕਤੀਆਂ ਵੱਲੋਂ 1295 ਏਕੜ ਜ਼ਮੀਨ ਦੀ ਵੰਡ ’ਚੋਂ ਪਿੰਡ ਸਿਊਂਕ ਦੇ 24 ਹਿੱਸੇਦਾਰ, ਜਿਨ੍ਹਾਂ ਵਿੱਚ ਬਲਜੀਤ ਕੌਰ, ਨਸੀਬ ਸਿੰਘ, ਬੰਤਾ ਸਿੰਘ, ਉਜਾਗਰ ਸਿੰਘ ਆਦਿ ਦੇ ਕਰੀਬ 117 ਏਕੜ ਜ਼ਮੀਨ ਦੇ ਹਿੱਸੇ ਘੱਟ ਕਰ ਦਿੱਤੇ ਗਏ ਜਦਕਿ ਕਈ ਅਜਿਹੇ ਹਿੱਸੇਦਾਰ ਵੀ ਜੋੜ ਦਿੱਤੇ ਜੋ ਪਿੰਡ ਦੇ ਵਸਨੀਕ ਹੀ ਨਹੀਂ ਹਨ। ਇਨ੍ਹਾਂ ਵਿੱਚ ਰਾਮ ਕ੍ਰਿਸ਼ਨ, ਕੁਲਵਿੰਦਰ ਸਿੰਘ ਸ਼ਾਮਲ ਹਨ। ਜਿੰਨਾ ਦੇ ਹਿੱਸੇ ਵੱਧ ਪਾਏ ਗਏ ਹਨ। ਇਸ ਤਰ੍ਹਾਂ ਜ਼ਮੀਨ ਦੇ ਹਿੱਸਿਆਂ ਨੂੰ ਵਧਾਉਣ-ਘਟਾਉਣ ਕਰਕੇ 99 ਏਕੜ 4 ਕਨਾਲ 14.32 ਮਰਲੇ ਦਾ ਫਰਕ ਪਾਇਆ ਗਿਆ। ਕਈ ਅਜਿਹੇ ਹਿੱਸੇਦਾਰ ਹਨ, ਜੋ ਇਸ ਪਿੰਡ ਦੇ ਵਸਨੀਕ ਹੀ ਨਹੀਂ ਸਨ ਅਤੇ ਵਿਜੀਲੈਂਸ ਦੀ ਜਾਂਚ ਦੌਰਾਨ ਇਹ ਵਿਅਕਤੀ ਟਰੇਸ ਨਹੀਂ ਹੋਏ। ਇੰਤਕਾਲ ਤੋਂ ਬਾਅਦ ਨਾਇਬ ਤਹਿਸੀਲਦਾਰ ਵਰਿੰਦਰਪਾਲ ਸਿੰਘ ਧੂਤ ਅਤੇ ਉਕਤ ਵਿਅਕਤੀਆਂ ਨੇ ਆਪਸੀ ਮਿਲੀਭੁਗਤ ਨਾਲ ਇਹ ਜ਼ਮੀਨ ਮੁਖ਼ਤਿਆਰਨਾਮਿਆਂ ਰਾਹੀਂ ਅੱਗੇ ਆਨੰਦ ਖੋਸਲਾ, ਨਿਸ਼ਾਨ ਸਿੰਘ ਨੂੰ ਕਰੋੜਾਂ ਰੁਪਏ ਵਿੱਚ ਵੇਚ ਦਿੱਤੀ ਗਈ।

Load More Related Articles
Load More By Nabaz-e-Punjab
Load More In General News

Check Also

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ

ਬਾਬਾ ਮੋਤੀ ਰਾਮ ਮਹਿਰਾ ਤੇ ਦੀਵਾਨ ਟੋਡਰ ਮੱਲ ਦੀ ਯਾਦ ਵਿੱਚ ਵਿਸ਼ਾਲ ਗੁਰਮਤਿ ਸਮਾਗਮ ਨਬਜ਼-ਏ-ਪੰਜਾਬ, ਮੁਹਾਲੀ, …