
ਮੁਹਾਲੀ ਵਿੱਚ ਬੈਂਕ ਲੁੱਟਣ ਦੀ ਯੋਜਨਾ ਬਣਾ ਰਹੇ ਲੰਡਾ ਦੇ ਸਾਥੀ 5 ਗੈਂਗਸਟਰ, ਅਸਲੇ ਸਣੇ ਗ੍ਰਿਫ਼ਤਾਰ
ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਖਵੀਰ ਸਿੰਘ ਲੰਡਾ ਦੇ ਕਹਿਣ ’ਤੇ ਦਿੰਦੇ ਸੀ ਵਾਰਦਾਤਾਂ ਨੂੰ ਅੰਜਾਮ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 25 ਮਈ:
ਜ਼ਿਲ੍ਹਾ ਪੁਲੀਸ ਨੇ ਐਸਪੀ (ਦਿਹਾਤੀ) ਮਨਜੀਤ ਸਿੰਘ ਦੀ ਨਿਗਰਾਨੀ ਹੇਠ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਸ਼ਿਵ ਕੁਮਾਰ ਦੀ ਅਗਵਾਈ ਵਾਲੀ ਟੀਮ ਨੇ ਅੱਜ ਵਿਦੇਸ਼ ਵਿੱਚ ਰਹਿੰਦੇ ਗੈਂਗਸਟਰ ਲਖਵੀਰ ਸਿੰਘ ਉਰਫ਼ ਲੰਡਾ ਦੇ ਨਜ਼ਦੀਕੀ ਪੰਜ ਸਾਥੀਆਂ ਲਵਜੀਤ ਸਿੰਘ ਉਰਫ਼ ਲਵ ਵਾਸੀ ਪਿੰਡ ਗੰਡੀਵਿੰਡ (ਤਰਨ ਤਾਰਨ), ਅਕਾਸ਼ਦੀਪ ਸਿੰਘ ਵਾਸੀ ਨੇੜੇ ਸਤਲੁਜ ਪੈਲੇਸ ਪਿੰਡ ਹਰੀਕੇ ਪੱਤਣ (ਤਰਨ ਤਾਰਨ), ਗੁਰਜੰਟ ਸਿੰਘ ਵਾਸੀ ਨੇੜੇ ਗੁਰਦੁਆਰਾ ਸਾਹਿਬ ਪਿੰਡ ਸ਼ਾਹਪੁਰ (ਅਮਲੋਹ), ਜ਼ਿਲ੍ਹਾ ਪਟਿਆਲਾ, ਪਰਮਵੀਰ ਸਿੰਘ ਵਾਸੀ ਪਿੰਡ ਗਹਿਲੇਵਾਲ (ਲੁਧਿਆਣਾ) ਅਤੇ ਸੁਨੀਲ ਕੁਮਾਰ ਉਰਫ਼ ਬੱਚੀ ਵਾਸੀ ਨੇੜੇ ਕੋਲਡ ਸਟੋਰ ਹਿੰਮਤ ਨਗਰ, ਸਮਰਾਲਾ (ਲੁਧਿਆਣਾ) ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਹ ਸਾਰੇ ਨੌਜਵਾਨ 22 ਤੋਂ 25 ਸਾਲ ਦੀ ਉਮਰ ਦੇ ਹਨ।
ਅੱਜ ਇੱਥੇ ਸ਼ਾਮ ਨੂੰ ਐਸਐਸਪੀ ਵਿਵੇਕਸ਼ੀਲ ਸੋਨੀ ਨੇ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਮੁਲਜ਼ਮਾਂ ਕੋਲੋਂ ਏਕੇ-47 ਦਾ ਮੈਗਜ਼ੀਨ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਅਸਲਾ ਅਤੇ ਗੋਲੀ ਸਿੱਕਾ ਵੀ ਬਰਾਮਦ ਕੀਤਾ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਕੋਲੋਂ ਪਟਿਆਲਾ ਨੰਬਰ ਦੀਆਂ ਦੋ ਲਗਜ਼ਰੀ ਗੱਡੀਆਂ ਬਲੈਰੋ ਅਤੇ ਟਾਟਾ ਸਫ਼ਾਰੀ ਵੀ ਬਰਾਮਦ ਕੀਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪੰਜਾਬ ਪੁਲੀਸ ਦੇ ਖ਼ੁਫ਼ੀਆ ਵਿੰਗ ਦੇ ਮੁੱਖ ਦਫ਼ਤਰ ’ਤੇ ਹੋਏ ਹਮਲੇ ਦੀ ਯੋਜਨਾ ਗੈਂਗਸਟਰ ਲਖਵੀਰ ਲੰਡਾ ਨੇ ਘੜੀ ਸੀ। ਪੁਲੀਸ ਅਨੁਸਾਰ ਦੋਵੇਂ ਗੱਡੀਆਂ ’ਤੇ ਜਾਅਲੀ ਨੰਬਰ ਪਲੇਟਾਂ ਲਗਾਈਆਂ ਗਈਆਂ ਸਨ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿੱਚ ਅਸਲਾ ਮਿਲਣਾ ਇਸ ਗੱਲ ਦਾ ਸੰਕੇਤ ਹੈ ਕਿ ਉਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਾਕ ਵਿੱਚ ਸਨ। ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਫਿਰੌਤੀਆਂ ਮੰਗਣ, ਕਤਲ ਅਤੇ ਲੁੱਟਾਂ-ਖੋਹਾਂ ਸਮੇਤ ਹੋਰ ਸੰਗੀਨ ਅਪਰਾਧਿਕ ਕੇਸ ਦਰਜ ਹਨ। ਪੁਲੀਸ ਨੇ ਇਹ ਕਾਰਵਾਈ ਗੁਪਤ ਸੂਚਨਾ ਦੇ ਆਧਾਰ ’ਤੇ ਕੀਤੀ ਗਈ ਹੈ। ਮੁਲਜ਼ਮਾਂ ਖ਼ਿਲਾਫ਼ ਥਾਣਾ ਸਦਰ ਖਰੜ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ। ਮੁਲਜ਼ਮਾਂ ਨੇ ਮੰਨਿਆ ਕਿ ਉਹ ਅੱਜ ਮੁਹਾਲੀ ਜ਼ਿਲ੍ਹੇ ਵਿੱਚ ਕਿਸੇ ਬੈਂਕ ਨੂੰ ਲੁੱਟਣ ਦੀ ਯੋਜਨਾ ਬਣਾ ਰਹੇ ਸੀ। ਇਸ ਸਬੰਧੀ ਵੱਖ-ਵੱਖ ਬੈਂਕਾਂ ਦੀ ਰੈਕੀ ਵੀ ਕੀਤੀ ਗਈ ਸੀ।
ਐਸਐਸਪੀ ਨੇ ਦੱਸਿਆ ਕਿ ਮੁੱਢਲੀ ਤਫ਼ਤੀਸ਼ ਦੌਰਾਨ ਮੁਲਜ਼ਮਾਂ ਨੇ ਮੰਨਿਆ ਕਿ ਉਹ ਗੈਂਗਸਟਰ ਲਖਵੀਰ ਸਿੰਘ ਉਰਫ਼ ਲੰਡਾ ਦੇ ਕਹਿਣ ’ਤੇ ਕਾਰੋਬਾਰੀਆਂ ਤੋਂ ਫਿਰੌਤੀ ਮੰਗਣ, ਕਤਲ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਹਥਿਆਰ ਵੀ ਲੰਡਾ ਮੁਹੱਈਆ ਕਰਵਾਉਂਦਾ ਸੀ। ਉਨ੍ਹਾਂ ਦੇ ਗਰੋਹ ਬੀਤੀ 20 ਅਪਰੈਲ ਨੂੰ ਲੰਡਾ ਦੇ ਕਹਿਣ ’ਤੇ ਹੀ ਪਿੰਡ ਖਾਲੜਾ ਵਿਖੇ ਫਿਰੌਤੀ ਲੈਣ ਲਈ ਗੋਲੀਆਂ ਚਲਾਈਆਂ ਸਨ। ਹਫ਼ਤੇ ਮਗਰੋਂ 28 ਅਪਰੈਲ ਨੂੰ ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਦਿਆਲਪੁਰ ਵਿੱਚ ਫਿਰੌਤੀ ਲੈਣ ਲਈ ਗੋਲੀਆਂ ਚਲਾਈਆਂ ਸਨ। ਬੀਤੀ 15 ਮਈ ਨੂੰ ਵੀ ਪਿੰਡ ਮੁਕਸ਼ਦਾਬਾਦ ਥਾਣਾ ਸਮਰਾਲਾ ਵਿੱਚ ਇਕ ਵਿਅਕਤੀ ਦੇ ਪੇਟ ਵਿੱਚ ਗੋਲੀਆਂ ਮਾਰੀਆਂ ਸਨ। ਪੁਲੀਸ ਅਨੁਸਾਰ ਮੁਲਜ਼ਮਾਂ ਨੇ ਇਹ ਵੀ ਮੰਨਿਆ ਕਿ ਹਾਲ ਹੀ ਵਿੱਚ ਉਨ੍ਹਾਂ ਨੇ ਤਰਨ ਤਾਰਨ ਅਤੇ ਸ਼ਾਹਕੋਟ ਵਿੱਚ ਗੈਂਗਸਟਰ ਲੰਡਾ ਦੇ ਕਹਿਣ ’ਤੇ ਕਿਸੇ ਦਾ ਕਤਲ ਕਰਵਾਉਣਾ ਸੀ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਸੱਤ ਪਿਸਤੌਲ, 7 ਮੈਗਜ਼ੀਨ, ਏਕੇ-47 ਦਾ ਮੈਗਜ਼ੀਨ, 45 ਜ਼ਿੰਦਾ ਕਾਰਤੂਸ ਅਤੇ ਕੁੱਝ ਨਗਦ ਰਾਸ਼ੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ ਅਤੇ ਪੁੱਛਗਿੱਛ ਦੌਰਾਨ ਸੰਗੀਨ ਅਪਰਾਧ ਦੀਆਂ ਵਾਰਦਾਤਾਂ ਸਬੰਧੀ ਅਹਿਮ ਸੁਰਾਗ ਮਿਲਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋਂ ਉਨ੍ਹਾਂ ਦੇ ਬਾਕੀ ਸਾਥੀਆਂ ਬਾਰੇ ਵੀ ਪੁੱਛ ਪੜਤਾਲ ਕੀਤੀ ਜਾ ਰਹੀ ਹੈ।