ਲਾਂਡਰਾਂ ਦੇ ਬਜ਼ੁਰਗ ਨੇ ਸੋਹਾਣਾ ਦੇ ਐਸਐਚਓ ’ਤੇ ਲਾਇਆ ਮਕਾਨ ’ਤੇ ਜਬਰੀ ਕਬਜਾ ਕਰਵਾਉਣ ਦਾ ਦੋਸ਼

ਐਸਐਸਪੀ ਨੂੰ ਦਿੱਤੀ ਥਾਣਾ ਮੁਖੀ ਖ਼ਿਲਾਫ਼ ਸ਼ਿਕਾਇਤ, ਐਸਪੀ ਸਿਟੀ ਨੂੰ ਮਾਮਲੇ ਦੀ ਜਾਂਚ

ਜੋਤੀ ਸਿੰਗਲਾ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 27 ਮਈ:
ਇੱਥੋਂ ਦੇ ਨਜ਼ਦਕੀ ਪਿੰਡ ਲਾਂਡਰਾਂ ਦੇ ਵਸਨੀਕ ਰਜਿੰਦਰ ਸਿੰਘ (60) ਨੇ ਐਸਐਸਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਸੋਹਾਣਾ ਥਾਣਾ ਦੇ ਐਸਐਚਓ ਦਲਜੀਤ ਸਿੰਘ ਗਿੱਲ ’ਤੇ ਉਸ ਦੇ ਮਕਾਨ ’ਤੇ ਜਬਰੀ ਕਬਜ਼ਾ ਕਰਵਾਉਣ ਅਤੇ ਧਮਕੀਆਂ ਦੇਣ ਦਾ ਦੋਸ਼ ਲਾਇਆ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਪਿੰਡ ਲਾਂਡਰਾਂ ਵਿੱਚ ਉਸ ਦੀ ਮਲਕੀਅਤ ਵਾਲਾ ਜੱਦੀ ਮਕਾਨ ਹੈ। ਡੇਢ ਦਹਾਕੇ ਪਹਿਲਾ ਉਸਨੇ ਪੁਰਾਣੇ ਮਕਾਨ ਨੂੰ ਢਾਹ ਕੇ 2 ਮੰਜ਼ਲਾਂ ਅਤੇ ਤੀਜੀ ਮੰਜ਼ਲ ’ਤੇ ਇਕ ਕਮਰਾ ਤਿਆਰ ਕਰਵਾਇਆ ਸੀ। ਉਸ ਦਾ ਬੇਟਾ ਅਤੇ ਨੂੰਹ ਉਨ੍ਹਾਂ ਤੋਂ ਅਲੱਗ ਜੱਦੀ ਮਕਾਨ ਦੀ ਪਹਿਲੀ ਮੰਜ਼ਲ ’ਤੇ ਰਹਿਣ ਲੱਗ ਪਏ। ਇਸ ਤਰ੍ਹਾਂ ਉਸ ਦਾ ਖਿਆਲ ਨਾ ਰੱਖਣ, ਮਾੜਾ ਵਿਵਹਾਰ ਕਰਨ ’ਤੇ ਉਸ ਨੇ ਆਪਣੇ ਪੁੱਤ ਅਤੇ ਨੂੰਹ ਨੂੰ 2012 ਵਿੱਚ ਆਪਣੀ ਚਲ ਅਤੇ ਅਚੱਲ ਜਾਇਦਾਦ ਤੋਂ ਬੇਦਖ਼ਲ ਕਰ ਦਿੱਤਾ ਸੀ ਪਰ ਉਹ ਦੋਵੇਂ ਉਸ ਦੇ ਮਕਾਨ ਵਿੱਚ ਰਹਿੰਦੇ ਰਹੇ। ਪ੍ਰੰਤੂ ਕੁਝ ਸਮੇਂ ਬਾਅਦ ਉਸ ਦੇ ਬੇਟੇ ਅਤੇ ਨੂੰਹ ਵਿੱਚ ਝਗੜਾ ਹੋਣ ਕਾਰਨ ਉਸ ਦਾ ਬੇਟਾ ਘਰ ਛੱਡ ਕੇ ਬਾਹਰ ਰਹਿਣ ਲੱਗ ਪਿਆ।
ਬਜ਼ੁਰਗ ਦੀ ਸ਼ਿਕਾਇਤ ਅਨੁਸਾਰ ਦੋ ਮਹੀਨੇ ਪਹਿਲਾਂ ਉਸ ਦੀ ਨੂੰਹ ਨੇ ਮਕਾਨ ਦੀ ਤੀਜੀ ਮੰਜ਼ਲ ਦੇ ਕਮਰੇ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਸਬੰਧੀ ਉਸ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਗਈ ਪ੍ਰੰਤੂ ਪੁਲੀਸ ਨੇ ਉਸ ਦੀ ਸ਼ਿਕਾਇਤ ’ਤੇ ਨੂੰਹ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸ ਸਬੰਧੀ ਪੀੜਤ ਨੇ ਡੀਜੀਪੀ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਵਿਜੀਲੈਂਸ ਨੂੰ ਵੀ ਸ਼ਿਕਾਇਤਾਂ ਭੇਜੀਆਂ ਹਨ।
(ਬਾਕਸ ਆਈਟਮ)
ਸੋਹਾਣਾ ਥਾਣਾ ਦੇ ਐਸਐਚਓ ਦਲਜੀਤ ਸਿੰਘ ਗਿੱਲ ਨੇ ਕਿਹਾ ਕਿ ਸ਼ਿਕਾਇਤਕਰਤਾ ਵੱਲੋਂ ਲਗਾਏ ਸਾਰੇ ਦੋਸ਼ ਪੂਰੀ ਤਰ੍ਹਾਂ ਬੇਬੁਨਿਆਦ ਅਤੇ ਮਨਘੜਤ ਹਨ। ਉਨ੍ਹਾਂ ਕਿਹਾ ਕਿ ਇਹ ਪਰਿਵਾਰ ਦਾ ਆਪਸੀ ਝਗੜਾ ਹੈ। ਬਜ਼ੁਰਗ ਦੀ ਨੂੰਹ ਨੇ ਥਾਣੇ ਵਿੱਚ ਸ਼ਿਕਾਇਤ ਦੇ ਕੇ ਇਨਸਾਫ਼ ਦੀ ਗੁਹਾਰ ਲਗਾਈ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਉਹ ਦੋਵੇਂ ਧਿਰਾਂ ਨੂੰ ਸਮਝਾਉਣ ਲਈ ਉਨ੍ਹਾਂ ਦੇ ਘਰ ਜ਼ਰੂਰ ਗਏ ਸੀ ਪ੍ਰੰਤੂ ਪੁਲੀਸ ਨੇ ਕਿਸੇ ਨੂੰ ਮਕਾਨ ਦਾ ਕੋਈ ਕਬਜ਼ਾ ਨਹੀਂ ਦੁਆਇਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਬਜ਼ਰੁਗ ਦਾ ਪੋਤਾ ਉੱਪਰਲੀ ਮੰਜ਼ਲ ’ਤੇ ਰਹਿੰਦਾ ਹੈ ਅਤੇ ਉਸ ਨੂੰ ਸਾਹ ਲੈਣ ਵਿੱਚ ਤਕਲੀਫ਼ ਹੈ। ਨੂੰਹ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦੀ ਗੈਰਹਾਜ਼ਰੀ ਵਿੱਚ ਸਹੁਰੇ ਪਰਿਵਾਰ ਨੇ ਕਾਰਪੇਂਟਰ ਨੂੰ ਬੁਲਾ ਕੇ ਉਨ੍ਹਾਂ ਦਾ ਲਾਂਘਾ ਬੰਦ ਕਰ ਦਿੱਤਾ ਹੈ। ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Load More Related Articles
Load More By Nabaz-e-Punjab
Load More In General News

Check Also

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ

ਦਸਵੀਂ ਦੇ ਦਿਹਾੜੇ ਮੌਕੇ ਧਾਰਮਿਕ ਸਮਾਗਮ ਕਰਵਾਇਆ, ਸੰਗਤ ਦੀ ਉਮੜੀ ਭੀੜ ਨਬਜ਼-ਏ-ਪੰਜਾਬ, ਮੁਹਾਲੀ, 9 ਜਨਵਰੀ: ਇ…