ਲਾਂਡਰਾਂ ਜੰਕਸਨ ਦੇ ਚਹੁੰ-ਮਾਰਗੀ ਕੰਮ ਨੇ ਰਫ਼ਤਾਰ ਫੜੀ: ਬਲਬੀਰ ਸਿੱਧੂ

ਕੈਬਨਿਟ ਮੰਤਰੀ ਸਿੱਧੂ ਨੇ ਕੰਮ ਦਾ ਲਿਆ ਜਾਇਜ਼ਾ ਤੇ ਅਧਿਕਾਰੀਆਂ ਨੂੰ ਕੀਤੀ ਹਦਾਇਤ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 24 ਮਈ:
ਲੋਕਾਂ ਦੀਆਂ ਮੁਸ਼ਕਲਾਂ ਨੂੰ ਛੇਤੀ ਹੱਲ ਕਰਵਾਉਣ ਅਤੇ ਉਨ੍ਹਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੀ ਆਪਣੀ ਵਚਨਬੱਧਤਾ ਤਹਿਤ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅੱਜ ਲਾਂਡਰਾਂ ਜੰਕਸਨ ਦਾ ਦੌਰਾ ਕਰ ਕੇ ਇੱਥੇ ਚੱਲ ਰਹੇ ਸੜਕ ਨਿਰਮਾਣ ਕਾਰਜ ਦਾ ਜਾਇਜ਼ਾ ਲਿਆ। ਲੋਕ ਨਿਰਮਾਣ ਵਿਭਾਗ (ਪੀ.ਡਬਲਯੂ.ਡੀ.) ਦੇ ਅਧਿਕਾਰੀਆਂ ਨੂੰ ਕੰਮ ਨੂੰ ਰਫ਼ਤਾਰ ਦੇਣ ਦੀ ਤਾਕੀਦ ਕਰਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਲਾਕਡਾਊਨ/ਕਰਫਿਊ ਕਾਰਨ ਕੰਮ ਵਿੱਚ ਖੜੋਤ ਆਈ ਸੀ, ਜਿਸ ਕਾਰਨ ਕੁੱਝ ਦੇਰੀ ਹੋਈ ਹੈ ਪਰ ਹੁਣ ਕੰਮ ਮੁੜ ਸੁਰੂ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕੰਮ ਨੂੰ ਹੋਰ ਤੇਜ਼ ਕੀਤਾ ਜਾਵੇਗਾ ਤਾਂ ਕਿ ਇੱਥੋਂ ਲੰਘ ਕੇ ਚੰਡੀਗੜ੍ਹ ਜਾਂ ਅੱਗੇ ਹਿਮਾਚਲ ਪ੍ਰਦੇਸ਼ ਜਾਂ ਜੰਮੂ ਕਸਮੀਰ ਜਾਣ ਵਾਲੇ ਯਾਤਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਨਾ ਆਵੇ। ਉਨ੍ਹਾਂ ਕਿਹਾ ਕਿ ਇਸ ਜੰਕਸਨ ਰਾਹੀਂ ਲੱਖਾਂ ਦੀ ਗਿਣਤੀ ਵਿੱਚ ਸੰਗਤ ਸਹੀਦਾਂ ਦੀ ਧਰਤੀ ਸ੍ਰੀ ਫਤਹਿਗੜ੍ਹ ਸਾਹਿਬ ਵਿੱਚ ਨਤਮਸਤਕ ਹੋਣ ਜਾਂਦੀ ਹੈ, ਜਿਸ ਦੀ ਸਹੂਲਤ ਲਈ ਕੰਮ ਨੂੰ ਤੇਜ਼ ਰਫ਼ਤਾਰ ਦਿੱਤੀ ਜਾ ਰਹੀ ਹੈ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਜੰਕਸਨ ਦੇ ਬਣਨ ਨਾਲ ਇੱਥੇ ਲੱਗਣ ਵਾਲੇ ਟਰੈਫਿਕ ਜਾਮ ਤੋਂ ਨਿਜਾਤ ਮਿਲੇਗੀ ਅਤੇ ਲੋਕਾਂ ਨੂੰ ਸਹੂਲਤ ਹੋਵੇਗੀ। ਉਨ੍ਹਾਂ ਵਿਭਾਗੀ ਅਧਿਕਾਰੀਆਂ ਨੂੰ ਕੰਮ ਦੀ ਗੁਣਵੱਤਾ ਯਕੀਨੀ ਬਣਾਈ ਰੱਖਣ ਲਈ ਸਾਮਾਨ ਦੀ ਰੈਗੂਲਰ ਜਾਂਚ ਕਰਦੇ ਰਹਿਣ ਦੀ ਵੀ ਤਾਕੀਦ ਕੀਤੀ ਤਾਂ ਕਿ ਇਕ ਵਾਰ ਬਣੀ ਸੜਕ ਸਾਲਾਂਬੱਧੀ ਲੋਕਾਂ ਨੂੰ ਸਹੂਲਤਾਂ ਦਿੰਦੀ ਰਹੇ। ਉਨ੍ਹਾਂ ਦੱਸਿਆ ਕਿ ਇਸ ਸੜਕ ਦਾ ਮੁਹਾਲੀ ਤੋਂ ਲਾਂਡਰਾਂ ਤੱਕ ਦਾ ਹਿੱਸਾ ਜਲਦੀ ਮੁਕੰਮਲ ਹੋ ਜਾਵੇਗਾ, ਜਿਸ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਹੈ, ਜਦੋਂਕਿ ਮੁਹਾਲੀ ਤੋਂ ਸਰਹਿੰਦ ਤੱਕ 28 ਕਿੱਲੋਮੀਟਰ ਸੜਕ ਨੂੰ ਨਵੀਂ ਦਿੱਖ ਦੇਣ ਲਈ ਇਸ ਉਤੇ ਪ੍ਰੀਮਿਕਸ ਪਾਉਣ ਦਾ ਕੰਮ ਵੀ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਲਾਂਡਰਾਂ ਵਿੱਚ ਢਾਈ ਕਿੱਲੋਮੀਟਰ ਦਾ ਜੰਕਸ਼ਨ ਬਣ ਰਿਹਾ ਹੈ, ਜਿਸ ਦਾ 800 ਮੀਟਰ ਹਿੱਸਾ ਚਹੁੰ ਮਾਰਗੀ ਹੋਵੇਗਾ। ਇਸ ਉੱਤੇ 25.33 ਕਰੋੜ ਰੁਪਏ ਦੀ ਲਾਗਤ ਆਵੇਗੀ। ਇਸ ਨਾਲ ਦੋ ਸਲਿੱਪ ਰੋਡ ਬਣਨਗੀਆਂ।
ਜ਼ਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਵਿੱਚ ਵਿਕਾਸ ਕਾਰਜਾਂ ਨੂੰ ਮੁੜ ਸ਼ੁਰੂ ਕਰਨ ਦੀ ਗੱਲ ਆਖਦਿਆਂ ਸ੍ਰੀ ਸਿੱਧੂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਬੁਨਿਆਦੀ ਢਾਂਚਾ ਵਿਸਵ ਪੱਧਰ ਦਾ ਹੈ, ਜਿਸ ਕਾਰਨ ਕਈ ਬਹੁਕੌਮੀ ਕੰਪਨੀਆਂ ਤੇ ਯੂਨੀਵਰਸਿਟੀਆਂ ਮੁਹਾਲੀ ਦਾ ਰੁਖ ਕਰ ਰਹੀਆਂ ਹਨ। ਇਨ੍ਹਾਂ ਕੰਪਨੀਆਂ ਤੇ ਯੂਨੀਵਰਸਿਟੀਆਂ ਦੇ ਆਉਣ ਨਾਲ ਜਿੱਥੇ ਰੁਜ਼ਗਾਰ ਦੇ ਮੌਕੇ ਵਧਣਗੇ, ਉੱਥੇ ਖੋਜ ਕਾਰਜਾਂ ਵਿੱਚ ਵੀ ਤੇਜੀ ਆਏਗੀ ਅਤੇ ਸਾਡੇ ਬੱਚਿਆਂ ਨੂੰ ਵਿਸ਼ਵ ਪੱਧਰ ਦੇ ਮਾਹਰਾਂ ਕੋਲੋਂ ਸਿੱਖਣ ਦਾ ਮੌਕਾ ਮਿਲੇਗਾ। ਜਿਲ੍ਹਾ ਐਸ.ਏ.ਐਸ. ਨਗਰ (ਮੁਹਾਲੀ) ਦੇ ਕਰੋਨਾ ਮੁਕਤ ਹੋਣ ਉੱਤੇ ਸਿਹਤ ਵਿਭਾਗ ਦੇ ਅਮਲੇ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਲਏ ਫੌਰੀ ਫੈਸਲਿਆਂ ਨਾਲ ਇਸ ਬਿਮਾਰੀ ਨੂੰ ਪੰਜਾਬ ਵਿੱਚ ਕਾਬੂ ਹੇਠ ਰੱਖਣ ਵਿੱਚ ਮਦਦ ਮਿਲੀ। ਰਾਜ ਸਰਕਾਰ ਵੱਲੋਂ ਚੁੱਕੇ ਕ੍ਰਾਂਤੀਕਾਰੀ ਕਦਮਾਂ ਦੀ ਕੇਂਦਰ ਸਰਕਾਰ ਨੇ ਵੀ ਨਕਲ ਕੀਤੀ ਤਾਂ ਕਿ ਕਰੋਨਾ ਵਰਗੀ ਬਿਮਾਰੀ ਦੇ ਵਾਧੇ ਨੂੰ ਰੋਕਿਆ ਜਾ ਸਕੇ।
ਇਸ ਦੌਰੇ ਦੌਰਾਨ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਤੇ ਖਰੜ ਮਾਰਕੀਟ ਕਮੇਟੀ ਦੇ ਚੇਅਰਮੈਨ ਹਰਕੇਸ਼ ਚੰਦ ਸ਼ਰਮਾ, ਕੁਲਜੀਤ ਸਿੰਘ ਬੇਦੀ, ਪਿੰਡ ਲਾਂਡਰਾਂ ਦੇ ਸਰਪੰਚ ਹਰਚਰਨ ਸਿੰਘ ਗਿੱਲ, ਦਿਲਬਾਗ ਸਿੰਘ ਨੰਬਰਦਾਰ, ਜਗਦੀਸ ਸਿੰਘ, ਸਤਵੰਤ ਕੌਰ ਲਾਂਡਰਾਂ ਮੈਂਬਰ ਬਲਾਕ ਸਮਿਤੀ ਖਰੜ ਅਤੇ ਗੁਰਜੰਟ ਸਿੰਘ ਹਾਜ਼ਰ ਸਨ।

Load More Related Articles

Check Also

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’

ਆਮ ਨਾਗਰਿਕਾਂ ਨੂੰ ਸਰੀਰਕ ਅਤੇ ਮਾਨਸਿਕ ਸੰਤੁਸ਼ਟੀ ਦੇ ਰਹੀ ਹੈ ‘ਸੀਐਮ ਦੀ ਯੋਗਸ਼ਾਲਾ’ ਸੀਐਮ ਦੀ ਯੋਗਸ਼ਾਲਾ ਦਾ ਲੋ…