ਰਿਹਾਇਸ਼ੀ ਖੇਤਰ ਫੇਜ਼-5 ਵਿੱਚ ਘਰਾਂ ਨੇੜਲੀ ਜ਼ਮੀਨ ਧਸੀ, ਮਕਾਨ ਡਿੱਗਣ ਦਾ ਖ਼ਦਸ਼ਾ

ਨਗਰ ਨਿਗਮ ਦੇ ਕਮਿਸ਼ਨਰ ਤੇ ਨਾਇਬ ਤਹਿਸੀਲਦਾਰ ਨੇ ਲਿਆ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 8 ਜੁਲਾਈ:
ਮੌਨਸੂਨ ਨੇ ਦੁਬਾਰਾ ਦਸਤਕ ਦੇਣ ਨਾਲ ਭਾਵੇਂ ਮੌਸਮ ਖ਼ੁਸ਼ਗਵਾਰ ਹੋ ਗਿਆ ਅਤੇ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ ਪ੍ਰੰਤੂ ਮੀਂਹ ਦੇ ਪਾਣੀ ਨੇ ਮੁਹਾਲੀ ਪ੍ਰਸ਼ਾਸਨ ਅਤੇ ਨਗਰ ਨਿਗਮ ਦੇ ਜਲ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇੱਥੋਂ ਦੇ ਫੇਜ਼-5 ਵਿੱਚ ਬਰਸਾਤੀ ਪਾਣੀ ਜਮ੍ਹਾ ਹੋਣ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਫੇਜ਼-5 ਵਿੱਚ ਘਰਾਂ ਨੇੜਲੀ ਜ਼ਮੀਨ ਧਸਣ ਕਾਰਨ ਮਕਾਨ ਡਿੱਗਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ ਅਤੇ ਲੋਕਾਂ ਵਿੱਚ ਭਾਰੀ ਦਹਿਸ਼ਤ ਹੈ। ਸਥਾਨਕ ਲੋਕ ਪਿਛਲੇ ਕਾਫੀ ਸਮੇਂ ਤੋਂ ਇਸ ਸਮੱਸਿਆ ਨਾਲ ਜੂਝ ਰਹੇ ਹਨ। ਹਰੇਕ ਸਾਲ ਬਰਸਾਤੀ ਪਾਣੀ ਕਾਰਨ ਸ਼ਹਿਰ ਵਾਸੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਉਧਰ, ਸੂਚਨਾ ਮਿਲਦੇ ਹੀ ਮੁਹਾਲੀ ਨਗਰ ਨਿਗਮ ਦੇ ਕਮਿਸ਼ਨਰ ਕਮਲ ਗਰਗ, ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਅਤੇ ਐਕਸੀਅਨ ਹਰਪ੍ਰੀਤ ਸਿੰਘ ਨੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ। ਕਮਿਸ਼ਨਰ ਨੇ ਜਲਦੀ ਸਮੱਸਿਆ ਹੱਲ ਕਰਨ ਦਾ ਭਰੋਸਾ ਦਿੱਤਾ। ਉਧਰ, ਜ਼ਿਲ੍ਹਾ ਕਾਂਗਰਸ ਦੀ ਮੀਤ ਪ੍ਰਧਾਨ ਬੀਬੀ ਬਲਜੀਤ ਕੌਰ, ਬੀਐਸਐਨਐਲ ਦੇ ਸੇਵਾਮੁਕਤ ਅਧਿਕਾਰੀ ਬਲਬੀਰ ਸਿੰਘ ਅਤੇ ਹੋਰਨਾਂ ਲੋਕਾਂ ਨੇ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਸਥਾਨਕ ਲੋਕ ਸ਼ੁਰੂ ਤੋਂ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਹੇ ਹਨ। ਉਨ੍ਹਾਂ ਦੱਸਿਆ ਕਿ ਲੰਘੀ ਦੇਰ ਰਾਤ ਤੇਜ਼ ਬਾਰਸ ਹੋਣ ਕਾਰਨ ਰਿਹਾਇਸ਼ੀ ਇਲਾਕੇ ਵਿੱਚ ਪਾਣੀ ਜਮ੍ਹਾ ਹੋ ਗਿਆ ਅਤੇ ਸਾਢੇ 10 ਵਜੇ ਪੁਲੀਸ ਅਤੇ ਫਾਇਰ ਬ੍ਰਿਗੇਡ ਨੂੰ ਇਤਲਾਹ ਦਿੱਤੀ ਗਈ। ਦੇਰ ਰਾਤ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਮੌਕੇ ’ਤੇ ਪਹੁੰਚੇ ਕੇ ਜਾਇਜ਼ਾ ਲਿਆ ਅਤੇ ਸਵੇਰੇ ਹੀ ਕਮਿਸ਼ਨਰ ਮੌਕੇ ’ਤੇ ਪਹੁੰਚ ਗਏ। ਇਸ ਮੌਕੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਕਵਰਬੀਰ ਸਿੰਘ ਸਿੱਧੂ ਉਰਫ਼ ਰੂਬੀ ਸਿੱਧੂ ਵੀ ਮੌਜੂਦ ਸਨ। ਉਨ੍ਹਾਂ ਨੇ ਵੀ ਅਧਿਕਾਰੀਆਂ ਨੂੰ ਜਲ ਨਿਕਾਸੀ ਦੇ ਖੁਪਤਾ ਪ੍ਰਬੰਧ ਯਕੀਨੀ ਬਣਾਉਣ ਲਈ ਆਖਿਆ।

Check Also

ਪਾਵਰਕੌਮ ਮੁਲਾਜ਼ਮਾਂ, ਪੈਨਸ਼ਨਰਾਂ ਤੇ ਠੇਕਾ ਮੁਲਾਜ਼ਮਾਂ ਨੇ ਨਿੱਜੀਕਰਨ ਵਿਰੁੱਧ ਸੰਘਰਸ਼ ਦਾ ਵਿਗਲ ਵਜਾਇਆ

ਪਾਵਰਕੌਮ ਮੁਲਾਜ਼ਮਾਂ, ਪੈਨਸ਼ਨਰਾਂ ਤੇ ਠੇਕਾ ਮੁਲਾਜ਼ਮਾਂ ਨੇ ਨਿੱਜੀਕਰਨ ਵਿਰੁੱਧ ਸੰਘਰਸ਼ ਦਾ ਵਿਗਲ ਵਜਾਇਆ ਮੁਹਾਲੀ …