ਆਜ਼ਾਦ ਉਮੀਦਵਾਰ ਦਿਲਪ੍ਰੀਤ ਕੌਰ ਵਾਲੀਆਂ ਦੀ ਰੈਲੀ ਵਿੱਚ ਉਮੜੀ ਲੋਕਾਂ ਦੀ ਵੱਡੀ ਭੀੜ
ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 11 ਫਰਵਰੀ:
ਮੁਹਾਲੀ ਨਗਰ ਨਿਗਮ ਦੀ 14 ਫਰਵਰੀ ਨੂੰ ਹੋਣ ਵਾਲੀ ਚੋਣ ਦਾ ਦਿਨ ਜਿਵੇਂ ਜਿਵੇਂ ਨੇੜੇ ਆ ਰਿਹਾ ਹੈ, ਚੋਣ ਲੜਣ ਵਾਲੇ ਉਮੀਦਵਾਰਾਂ ਵੱਲੋਂ ਚੋਣ ਪ੍ਰਚਾਰ ਦੌਰਾਨ ਆਪਣੀ ਪੂਰੀ ਤਾਕਤ ਲਗਾ ਦਿੱਤੀ ਗਈ ਹੈ। ਇਸ ਦੌਰਾਨ ਵਾਰਡ ਨੰਬਰ-23 ਤੋਂ ਚੋਣ ਲੜ ਰਹੀ ਆਜਾਦ ਗਰੁੱਪ ਦੀ ਉਮੀਦਵਾਰ ਬੀਬੀ ਦਿਲਪ੍ਰੀਤ ਕੌਰ ਵਾਲੀਆ ਦੇ ਹੱਕ ਵਿੱਚ ਸੈਕਟਰ-66 ਦੇ ਮੰਡੀ ਬੋਰਡ ਕੁਆਟਰਾਂ ਵਿੱਚ ਕੀਤੀ ਗਈ ਚੋਣ ਮੀਟਿੰਗ ਇੱਕ ਵੱਡੀ ਰੈਲੀ ਦਾ ਰੂਪ ਧਾਰਨ ਕਰ ਗਈ ਅਤੇ ਇਸ ਮੌਕੇ ਇੱਕਠੇ ਹੋਏ ਵਸਨੀਕਾਂ ਵੱਲੋਂ ਬੀਬੀ ਦਿਲਪ੍ਰੀਤ ਕੌਰ ਵਾਲੀਆ ਨੂੰ ਖੁੱਲਾ ਸਮਰਥਨ ਦਿੱਤਾ ਗਿਆ।
ਇਸ ਮੌਕੇ ਸੰਬੋਧਨ ਕਰਦਿਆਂ ਬੀਬੀ ਦਿਲਪ੍ਰੀਤ ਕੌਰ ਵਾਲੀਆ ਦੇ ਪਤੀ ਅਤੇ ਸਾਬਕਾ ਕੌਂਸਲਰ ਗੁਰਮੀਤ ਸਿੰਘ ਵਾਲੀਆ ਨੇ ਕਿਹਾ ਕਿ ਇਸ ਵਾਰਡ ਦੇ ਵਸਨੀਕਾਂ ਵੱਲੋਂ ਪਿਛਲੀ ਵਾਰ ਵੀ ਉਨ੍ਹਾਂ ਨੂੰ ਅਸ਼ੀਰਵਾਦ ਦੇ ਕੇ ਸੇਵਾ ਦਾ ਮੌਕਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਵਸਨੀਕਾਂ ਦੀ ਸਲਾਹ ਅਤੇ ਲੋੜ ਅਨੁਸਾਰ ਵਿਕਾਸ ਕਾਰਜ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਸ ਵਾਰ ਇਹ ਵਾਰਡ ਇਸਤਰੀ ਉਮੀਦਵਾਰ ਲਈ ਰਾਖਵਾਂ ਕਰ ਦਿੱਤਾ ਗਿਆ ਹੈ ਜਿਸਤੇ ਉਨ੍ਹਾਂ ਵੱਲੋਂ ਆਪਣੀ ਪਤਨੀ ਨੂੰ ਉਮੀਦਵਾਰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਵਾਰਡ ਦੇ ਸਰਬਪੱਖੀ ਵਿਕਾਸ ਦਾ ਕੰਮ ਜਾਰੀ ਰਹੇਗਾ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਵੋਟਰ ਉਨ੍ਹਾਂ ਨੂੰ ਇੱਕ ਹੋਰ ਮੌਕਾ ਜ਼ਰੂਰ ਦੇਣਗੇ।
ਇਸ ਮੌਕੇ ਬੋਲਦਿਆਂ ਆਜ਼ਾਦ ਗਰੁੱਪ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਮੇਅਰ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਪੂਰੇ ਸ਼ਹਿਰ ਦਾ ਸਰਬਪੱਖੀ ਵਿਕਾਸ ਕੀਤਾ ਗਿਆ ਹੈ ਅਤੇ ਸ਼ਹਿਰ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਕੇ ਲੋਕਾਂ ਦੀਆਂ ਮੁਸ਼ਕਲਾਂ ਹਲ ਕੀਤੀਆਂ ਗਈਆਂ ਹਨ।
ਵਾਰਡ ਨੰਬਰ-23 ਦੀ ਉਮੀਦਵਾਰ ਬੀਬੀ ਦਿਲਪ੍ਰੀਤ ਕੌਰ ਨੇ ਕਿਹਾ ਕਿ ਉਹ ਸਿਰਫ਼ ਵਿਕਾਸ ਦੇ ਮੁੱਦੇ ਤੇ ਵੋਟਾਂ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਉਨ੍ਹਾਂ ਦੇ ਪਤੀ ਵੱਲੋਂ ਵਾਰਡ ਵਾਸੀਆਂ ਦੀ ਸੇਵਾ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਇਸ ਵਾਰ ਵੀ ਵੋਟਰ ਉਨ੍ਹਾਂ ਨੂੰ ਮੌਕਾ ਜ਼ਰੂਰ ਦੇਣਗੇ। ਇਸ ਮੌਕੇ ਗੁਰਮੀਤ ਸਿੰਘ ਟੌਹੜਾ, ਹਰਚਰਨ ਸਿੰਘ ਪੰਮਾਂ ਅਤੇ ਮੰਡੀ ਬੋਰਡ ਕਲੋਨੀ ਦੇ ਵੱਡੀ ਗਿਣਤੀ ਵਸਨੀਕ ਹਾਜ਼ਰ ਸਨ।