nabaz-e-punjab.com

ਵਿਸ਼ਾਲ ਮੈਗਾਮਾਰਟ ਅਗਨੀ ਕਾਂਡ: ਚੌਥੇ ਦਿਨ ਖੁੱਲ੍ਹਿਆ ਕਲਿਆਣ ਜਿਊਲਰ ਤੇ ਦਾਅਵਤ ਹੋਟਲ

ਐਸਡੀਐਮ ਤੇ ਫਾਇਰ ਅਫ਼ਸਰ ਨੇ ਸਾਰਾ ਦਿਨ ਰੱਖੀ ਘਟਨਾ ਵਾਲੀ ਥਾਂ ’ਤੇ ਨਜ਼ਰ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 3 ਮਾਰਚ:
ਇੱਥੋਂ ਦੇ ਫੇਜ਼-5 ਵਿੱਚ ਸਥਿਤ ਵਿਸ਼ਾਲ ਮੈਗਾਮਾਰਟ (ਸੁਪਰ ਮਾਰਕੀਟ) ਵਿੱਚ ਭਿਆਨਕ ਅੱਗ ਲੱਗਣ ਦੇ ਚੌਥੇ ਦਿਨ ਅੱਜ ਮੁਹਾਲੀ ਪ੍ਰਸ਼ਾਸਨ ਨੇ ਕੁੱਝ ਹੱਦ ਤੱਕ ਸੁੱਖ ਦਾ ਸਾਹ ਲਿਆ। ਹਾਲਾਂਕਿ ਐਤਵਾਰ ਨੂੰ ਸਵੇਰੇ 9 ਵਜੇ (25 ਘੰਟੇ ਬਾਅਦ) ਅੱਗ ’ਤੇ ਕਾਬੂ ਪਾ ਲਿਆ ਗਿਆ ਸੀ ਪ੍ਰੰਤੂ ਅੱਜ ਵੀ ਧੂੰਆਂ ਉੱਠਦਾ ਨਜ਼ਰ ਆਇਆ। ਸੰਭਾਵੀ ਖ਼ਤਰੇ ਨਾਲ ਨਜਿੱਠਣ ਲਈ ਪ੍ਰਸ਼ਾਸਨ ਵੱਲੋਂ ਘਟਨਾ ਵਾਲੀ ਥਾਂ ’ਤੇ ਅਗਲੇ ਹੁਕਮਾਂ ਤੱਕ ਇਕ ਫਾਇਰ ਟੈਂਡਰ ਪੱਕਾ ਹੀ ਖੜਾ ਕਰ ਦਿੱਤਾ ਹੈ ਅਤੇ ਫਾਇਰ ਬ੍ਰਿਗੇਡ ਦਫ਼ਤਰ ਦੀ ਟੀਮ ਅਤੇ ਪੁਲੀਸ ਜਵਾਨ ਵੀ ਪਿਛਲੇ 4 ਦਿਨਾਂ ਤੋਂ 24 ਘੰਟੇ ਤਾਇਨਾਤ ਹਨ। ਐਸਡੀਐਮ ਜਗਦੀਪ ਸਹਿਗਲ ਅਤੇ ਫਾਇਰ ਅਫ਼ਸਰ ਮੋਹਨ ਲਾਲ ਵਰਮਾ ਵੀ ਸ਼ਾਮ ਤੱਕ ਮੌਕੇ ’ਤੇ ਤਾਇਨਾਤ ਰਹੇ।
ਉਧਰ, ਮੰਗਲਵਾਰ ਨੂੰ ਸੁਪਰ ਮਾਰਕੀਟ ਦੇ ਬਿਲਕੁਲ ਨਾਲ ਲਗਦੇ ਸ਼ੋਅਰੂਮਾਂ ਵਿੱਚ ਸਥਿਤ ਮਸ਼ਹੂਰ ਕਲਿਆਣ ਜਿਊਲਰ ਅਤੇ ਦਾਅਵਤ ਹੋਟਲ ਨੇ ਆਪੋ ਆਪਣੇ ਅਦਾਰੇ ਖੋਲ੍ਹ ਲਏ ਹਨ। ਪ੍ਰੰਤੂ ਪੁਲੀਸ ਕਰਮਚਾਰੀ ਹਾਲੇ ਵੀ ਵਿਸ਼ਾਲ ਮੈਗਾਮਾਰਟ ਨੇੜੇ ਕਿਸੇ ਨੂੰ ਜਾਣ ਨਹੀਂ ਦੇ ਰਹੇ ਹਨ। ਅੱਜ ਪੁਲੀਸ ਦੀ ਨਿਗਰਾਨੀ ਹੇਠ ਹਾਦਸਾਗ੍ਰਸਤ ਇਮਾਰਤ ’ਚੋਂ ਬੂਰੀ ਤਰ੍ਹਾਂ ਸੜ ਚੁੱਕਾ ਕਾਫੀ ਸਮਾਨ ਬਹਾਰ ਕੱਢਿਆ ਗਿਆ। ਬੇਸਮੈਂਟ ’ਚੋਂ ਮਲਬਾ ਚੁੱਕਣ ਦਾ ਕੰਮ ਵੀ ਜਾਰੀ ਹੈ। ਪੁਲੀਸ ਨੇ ਮਾਰਕੀਟ ਦੀ ਪਾਰਕਿੰਗ ਦੇ ਅੱਧੇ ਹਿੱਸੇ ਵਿੱਚ ਆਵਾਜਾਈ ਬਿਲਕੁਲ ਰੋਕੀ ਹੋਈ ਹੈ ਅਤੇ ਪਲਾਸਟਿਕ ਰੱਸੀ ਨਾਲ ਡੀ ਬਣਾ ਕੇ ਇਸ ਖੇਤਰ ਵਿੱਚ ਕਿਸੇ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾ ਰਿਹਾ ਹੈ।
ਉਧਰ, ਮੁਹਾਲੀ ਦੀ ਕਾਰਜਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਦੇ ਹੁਕਮਾਂ ’ਤੇ ਐਸਡੀਐਮ ਜਗਦੀਪ ਸਹਿਗਲ ਨੇ ਵੱਖ-ਵੱਖ ਪਹਿਲੂਆਂ ’ਤੇ ਬਰੀਕੀ ਨਾਲ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਐਸਡੀਐਮ ਨੂੰ ਸੱਤ ਦਿਨਾਂ ਦੇ ਅੰਦਰ ਅੰਦਰ ਜਾਂਚ ਰਿਪੋਰਟ ਦੇਣ ਲਈ ਆਖਿਆ ਗਿਆ ਹੈ। ਐਸਡੀਐਮ ਨੂੰ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਸਮੇਤ ਹੁਣ ਤੱਕ ਕੀ ਕੀ ਊਣਤਾਈਆਂ ਸਾਹਮਣੇ ਆਈਆਂ ਹਨ। ਸਬੰਧਤ ਵਿਭਾਗ ਨੇ ਪ੍ਰਬੰਧਕਾਂ ਖ਼ਿਲਾਫ਼ ਕੀ ਕਾਰਵਾਈ ਕੀਤੀ ਹੈ। ਨਿਯਮਾਂ ਦੀ ਉਲੰਘਣਾ ਦੇ ਦੋਸ਼ ਵਿੱਚ ਕੀ ਕਾਰਵਾਈ ਹੋ ਸਕਦੀ ਹੈ। ਇਸ ਤੋਂ ਇਲਾਵਾ ਗਮਾਡਾ ਨੂੰ ਹਾਦਸਾਗ੍ਰਸਤ ਇਮਾਰਤ ਦੀ ਫਿਜੀਕਲ ਸਥਿਤੀ ਦਾ ਪਤਾ ਲਗਾਉਣ ਲਈ ਤਕਨੀਕੀ ਜਾਂਚ ਦੇ ਹੁਕਮ ਨੂੰ ਦਿੱਤੇ ਗਏ ਹਨ।

Load More Related Articles
Load More By Nabaz-e-Punjab
Load More In General News

Check Also

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ

ਪੰਜਾਬ ਦੀਆਂ ਮੰਡੀ ਬੋਰਡ ਦੀ ਆਮਦਨ ਵਧਾਉਣ ਤੇ ਹੋਰ ਕਾਰਜਾਂ ਦੀ ਸਮੀਖਿਆ, ਜ਼ਰੂਰੀ ਹਦਾਇਤਾਂ ਜਾਰੀ ਮੀਟਿੰਗ ਵਿੱਚ…