Share on Facebook Share on Twitter Share on Google+ Share on Pinterest Share on Linkedin ਵਿਸ਼ਾਲ ਮੈਗਾਮਾਰਟ ਅਗਨੀ ਕਾਂਡ: ਐਸਡੀਐਮ ਨੇ ਡੀਸੀ ਨੂੰ ਸੌਂਪੀ ਮੁਕੰਮਲ ਜਾਂਚ ਰਿਪੋਰਟ ਫਾਇਰ ਬ੍ਰਿਗੇਡ ਦਫ਼ਤਰ ਦੀ ਰਿਪੋਰਟ ਅਨੁਸਾਰ ਸੁਪਰ ਮਾਰਕੀਟ ਵਿੱਚ ਨਹੀਂ ਸਨ ਅੱਗ ਬੁਝਾਉਣ ਦੇ ਪੁਖ਼ਤਾ ਪ੍ਰਬੰਧ ਘਟਨਾ ਲਈ ਵਿਸ਼ਾਲ ਮੈਗਾਮਾਰਟ ਦੇ ਪ੍ਰਬੰਧਕਾਂ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 17 ਮਾਰਚ: ਇੱਥੋਂ ਦੇ ਫੇਜ਼-5 ਵਿੱਚ ਸਥਿਤ ਵਿਸ਼ਾਲ ਮੈਗਾਮਾਰਟ (ਸੁਪਰ ਮਾਰਕੀਟ) ਵਿੱਚ ਬੀਤੀ 29 ਫਰਵਰੀ ਨੂੰ ਲੱਗੀ ਅਚਾਨਕ ਭਿਆਨਕ ਅੱਗ ਦੇ ਮਾਮਲੇ ਵਿੱਚ ਐਸਡੀਐਮ ਜਗਦੀਪ ਸਹਿਗਲ ਨੇ ਸਮੁੱਚੇ ਘਟਨਾਕ੍ਰਮ ਦੀਆਂ ਹੋਈਆਂ ਵੱਖ-ਵੱਖ ਪੜਤਾਲਾਂ ਦਾ ਨਿਚੋੜ ਕੱਢ ਕੇ ਮੁਕੰਮਲ ਜਾਂਚ ਰਿਪੋਰਟ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤੀ ਸੀ। ਸੁਪਰ ਮਾਰਕੀਟ ਵਿੱਚ ਲੱਗੀ ਭਿਆਨਕ ਅੱਗ ਲਈ ਪ੍ਰਸ਼ਾਸਨ ਨੇ ਪ੍ਰਬੰਧਕਾਂ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਹੈ। ਮੁਹਾਲੀ ਦੀ ਕਾਰਜਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਅਗਨੀਕਾਂਡ ਸਬੰਧੀ ਨਿਆਇਕ ਜਾਂਚ, ਗਮਾਡਾ ਅਤੇ ਫਾਇਰ ਵਿਭਾਗ ਦੀਆਂ ਜਾਂਚ ਰਿਪੋਰਟਾਂ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪ੍ਰਬੰਧਕਾਂ ਖ਼ਿਲਾਫ਼ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਫੈਕਟਰੀ, ਮਾਲ, ਸਟੋਰ, ਦੁਕਾਨਦਾਰਾਂ ਅਤੇ ਛੋਟੇ ਵਪਾਰੀਆਂ ਨੂੰ ਅੱਗ ਬੁਝਾਉਣ ਦੇ ਪੁਖ਼ਤਾ ਇੰਤਜ਼ਾਮ ਯਕੀਨੀ ਬਣਾਉਣ ਦੇ ਆਦੇਸ਼ ਜਾਰੀ ਕੀਤੇ ਜਾਣਗੇ ਤਾਂ ਜੋ ਭਵਿੱਖ ਵਿੱਚ ਦੁਬਾਰਾ ਅਜਿਹੀ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ। ਨਿਆਇਕ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਸੂਚਨਾ ਮਿਲਣ ’ਤੇ ਉਹ ਤੁਰੰਤ ਮੌਕੇ ’ਤੇ ਪਹੁੰਚੇ ਅਤੇ ਟੀਮ ਵਰਕ ਨਾਲ ਅੱਗ ’ਤੇ ਕਾਬੂ ਪਾਉਣ ਦਾ ਯਤਨ ਕੀਤਾ। ਰਿਪੋਰਟ ਅਨੁਸਾਰ ਅੱਗ ਮਾਲ ਦੀ ਬੇਸਮੈਂਟ ਵਿੱਚ ਲੱਗੀ ਹੋਈ ਸੀ ਅਤੇ ਅੱਗ ਬੁਝਾਉਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਗਮਾਡਾ ਦੇ ਐਸਡੀਓ (ਬਿਲਡਿੰਗ) ਦੀ ਰਿਪੋਰਟ ਅਨੁਸਾਰ ਹਾਦਸਾਗ੍ਰਸਤ ਇਮਾਰਤ ਪ੍ਰਵਾਨਿਤ ਨਕਸ਼ੇ ਅਨੁਸਾਰ ਬਣੀ ਹੋਈ ਹੈ ਪ੍ਰੰਤੂ ਦੇਖਣ ’ਚ ਆਇਆ ਹੈ ਕਿ ਪ੍ਰਬੰਧਕਾਂ ਨੇ ਇਮਾਰਤ ਦੀ ਬਣਤਰ ਨਾਲ ਛੇੜਛਾੜ ਕੀਤੀ ਗਈ ਸੀ। ਪਿਛਲੇ ਪਾਸੇ ਗਰਾਊਂਡ ਫਲੋਰ ’ਤੇ ਸਟਰ ਦੇ ਅੰਦਰ ਕੰਧ ਬਣੀ ਹੋਈ ਹੈ। ਬਿਲਡਿੰਗ ਬਾਇਲਾਜ ਦੀ ਉਲੰਘਣਾ ਕਰਕੇ ਬੇਸਮੈਂਟ ਦੇ ਵੈਂਟੀਲੇਸ਼ਨ ਨੂੰ ਬੰਦ ਕੀਤਾ ਹੋਇਆ ਹੈ। ਸ਼ੋਅਰੂਮ ਦੇ ਪਿਛਲੇ ਪਾਸੇ ਨਿਕਾਸੀ ਨੂੰ ਇੱਟਾਂ ਲਗਾ ਕੇ ਬੰਦ ਕੀਤਾ ਹੋਇਆ ਸੀ। ਬੇਸਮੈਂਟ ਦੀਆਂ ਪੌੜੀਆਂ ਵਿੱਚ ਬੇਹਿਸਾਬ ਸਮਾਨ ਰੱਖਿਆ ਹੋਣ ਅਤੇ ਪੋੜੀ ਦਰਵਾਜਾ ਅੰਦਰੋਂ ਬੰਦ ਹੋਣ ਕਾਰਨ ਅੱਗ ਬੁਝਾਉਣ ਲਈ ਕਾਫੀ ਮੁਸ਼ਕਲਾਂ ਪੇਸ਼ ਆਈਆਂ। ਫਾਇਰ ਅਫ਼ਸਰ ਦੀ ਰਿਪੋਰਟ ਅਨੁਸਾਰ ਮੈਗਾਮਾਰਟ ਵਿੱਚ ਅੱਗ ਬੁਝਾਉਣ ਦੇ ਪੁਖ਼ਤਾ ਪ੍ਰਬੰਧ ਨਹੀਂ ਸਨ। ਬੇਸਮੈਂਟ ਵਿੱਚ ਡਾਊਨ ਕਮਰ ਹੋਜਰੀਲ ਸਿਸਟਮ, ਆਟੋਮੈਟਿਕ ਸਪਰਿਕਲਰ ਸਿਸਟਮ, ਆਟੋਮੈਟਿਕ ਸਮੋਕ ਡਿਟੇਕਸ਼ਨ ਸਿਸਟਮ, ਮੈਨੂਅਲ ਅਪਰੇਸ਼ਨ ਇਲੈਕਟ੍ਰਾਨਿਕ ਫਾਇਰ ਅਲਾਰਮ ਸਿਸਟਮ, ਪਰਟੇਬਲ ਫਾਇਰ ਐਕਸਟਿੰਗਯੁਸਰਜ ਆਦਿ ਨਾ ਚੱਲਣ ਕਾਰਨ ਪ੍ਰਬੰਧਕਾਂ ਨੂੰ 20 ਅਤੇ 26 ਸਤੰਬਰ 2019 ਨੂੰ ਨੋਟਿਸ ਜਾਰੀ ਕੀਤੇ ਗਏ ਸਨ। ਫਾਇਰ ਅਫ਼ਸਰ ਅਨੁਸਾਰ ਮਾਲ ਵਿੱਚ ਏਸੀ ਵਿੱਚ ਸ਼ਾਰਟ ਸਰਕਟ ਹੋਣ ਕਾਰਨ ਅੱਗ ਲੱਗੀ ਜਾਪਦੀ ਹੈ। ਬੇਸਮੈਂਟ ਦੀਆਂ ਪੋੜੀਆਂ ਵਿੱਚ ਕਾਫੀ ਜ਼ਿਆਦਾ ਸਮਾਨ ਰੱਖਿਆ ਹੋਣ ਕਾਰਨ ਫਾਇਰ ਵਿਭਾਗ ਦੀ ਟੀਮ ਵੱਲੋਂ ਜੇਸੀਬੀ ਨਾਲ ਸ਼ੋਅਰੂਮ ਦੇ ਪਿਛਲੇ ਪਾਸਿਓਂ ਅੰਦਰ ਜਾਣ ਲਈ ਕੰਧ ਤੋੜ ਕੇ ਰਸਤਾ ਬਣਾਉਣਾ ਪਿਆ ਸੀ ਅਤੇ ਉਨ੍ਹਾਂ ਨੂੰ ਅੱਗ ’ਤੇ ਕਾਬੂ ਪਾਉਣ ਲਈ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਰਿਪੋਰਟ ਅਨੁਸਾਰ ਮਾਲ ਵਿੱਚ ਅੱਗ ਲੱਗਣ ਦੀ ਸੂਚਨਾ 29 ਫਰਵਰੀ ਨੂੰ ਸਵੇਰੇ 8:29 ਵਜੇ ਮਿਲੀ ਸੀ ਪ੍ਰੰਤੂ ਮੌਕੇ ’ਤੇ ਜਾਪਦਾ ਸੀ ਕਿ ਅੱਗ ਦੋ ਘੰਟੇ ਪਹਿਲਾਂ ਲੱਗੀ ਹੋਈ ਸੀ। ਜੇਕਰ ਸਮੇਂ ਸਿਰ ਸੂਚਨਾ ਮਿਲ ਜਾਂਦੀ ਅਤੇ ਮਾਲ ਵਿੱਚ ਅੱਗ ਬੁਝਾਉਣ ਦੇ ਪੁਖ਼ਤਾ ਪ੍ਰਬੰਧ ਹੁੰਦੇ ਤਾਂ ਸਮੇਂ ਰਹਿੰਦੇ ਅੱਗ ’ਤੇ ਕਾਬੂ ਪਾਇਆ ਜਾ ਸਕਦਾ ਸੀ। (ਬਾਕਸ ਆਈਟਮ) ਵਿਸ਼ਾਲ ਮੈਗਾਮਾਰਟ ਵੱਲੋਂ ਇਕ ਸਟੋਰ ਨੂੰ ਵੇਅਰ ਹਾਊਸ ਵਾਂਗ ਵਰਤਿਆ ਜਾ ਰਿਹਾ ਸੀ ਪਰ ਬਿਨਾਂ ਕਿਸੇ ਫਾਇਰ ਸੇਫ਼ਟੀ ਦਾ ਧਿਆਨ ਰੱਖਦੇ ਹੋਏ ਸ਼ੋਅਰੂਮ ਵਿੱਚ ਵੱਡੀ ਮਾਤਰਾ ਵਿੱਚ ਜਲਨਸ਼ੀਲ ਪਦਾਰਥ ਰੱਖੇ ਗਏ ਸਨ। ਜਿਨ੍ਹਾਂ ਵਿੱਚ ਡੀਓਡਰੈਂਟ, ਰੂਮ ਫਰੈਸਨਰ, ਘੀ, ਦਾਲਾਂ ਸ਼ਾਮਲ ਹਨ। ਪ੍ਰੰਤੂ ਪ੍ਰਬੰਧਕਾਂ ਵੱਲੋਂ ਸੇਫ਼ਟੀ ਮਿਆਰਾਂ ਦਾ ਬਿਲਕੁਲ ਵੀ ਧਿਆਨ ਨਹੀਂ ਰੱਖਿਆ ਗਿਆ ਸੀ। ਜਿਸ ਦੀ ਪੁਸ਼ਟੀ ਫਾਇਰ ਵਿਭਾਗ ਵੱਲੋਂ ਦਿੱਤੀ ਰਿਪੋਰਟ ਤੋਂ ਹੁੰਦੀ ਹੈ। ਜੇਕਰ ਪ੍ਰਬੰਧਕਾਂ ਨੇ ਨੋਟਿਸ ਜਾਰੀ ਹੋਣ ਤੋਂ ਬਾਅਦ ਅੱਗ ਬੁਝਾਉਣ ਦੇ ਪੁਖ਼ਤਾ ਪ੍ਰਬੰਧ ਕੀਤੇ ਹੁੰਦੇ ਤਾਂ ਏਨਾ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਅ ਹੋ ਸਕਦਾ ਸੀ। ਉਕਤ ਸਾਰੇ ਪਹਿਲੂ ਦੀ ਜ਼ਿੰਮੇਵਾਰੀ ਸਿੱਧੇ ਤੌਰ ’ਤੇ ਪ੍ਰਬੰਧਕਾਂ ਦੀ ਬਣਦੀ ਹੈ। ਲਿਹਾਜ਼ਾ ਪ੍ਰਬੰਧਕਾਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕਰਨੀ ਬਣਦੀ ਹੈ। ਇਸ ਤੋਂ ਇਲਾਵਾ ਅੱਗ ਬੁਝਾਉਣ ਤੇ ਹੋਰ ਸਾਰੇ ਖ਼ਰਚੇ ਪ੍ਰਬੰਧਕਾਂ ਤੋਂ ਵਸੂਲੇ ਜਾਣੇ ਬਣਦੇ ਹਨ। (ਬਾਕਸ ਆਈਟਮ) ਮਾਲ ਦੇ ਏਰੀਆ ਮੈਨੇਜਰ ਨੇ ਫਾਇਰ ਬ੍ਰਿਗੇਡ ਦਫ਼ਤਰ ਨੂੰ ਲਿਖਤੀ ਰੂਪ ਵਿੱਚ ਦੱਸਿਆ ਕਿ 29 ਫਰਵਰੀ ਨੂੰ ਸਵੇਰੇ 8:14 ਵਜੇ ਮੈਨੇਜਰ ਨੇ ਮਾਲ ਦਾ ਸਟਰ ਚੁੱਕਿਆ ਤਾਂ ਅੰਦਰੋਂ ਧੂੰਆਂ ਨਿਕਲ ਰਿਹਾ ਸੀ। ਜਿਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ 8:20 ਵਜੇ ਦਿੱਤੀ ਗਈ। ਇਸ ਤੋਂ ਪਹਿਲਾਂ ਸਟਾਫ਼ ਵੱਲੋਂ ਅੱਗ ਬੁਝਾਉਣ ਲਈ ਆਪਣੇ ਪੱਧਰ ’ਤੇ ਉਪਰਾਲੇ ਕੀਤੇ ਗਏ। ਮੈਨੇਜਰ ਅਨੁਸਾਰ ਮਾਲ ਵਿੱਚ ਅੱਗ ਬੁਝਾਉਣ ਦੇ ਉਪਕਰਨ ਮੌਜੂਦ ਸਨ।
ਮੰਤਰੀ ਮੰਡਲ ਨੇ ਲਖੀਮਪੁਰ ਖੀਰੀ ਘਟਨਾ ਵਿਚ ਜਾਨਾਂ ਗੁਆ ਚੁੱਕੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਦੋ ਮਿੰਟ ਦਾ ਮੌਨ ਰੱਖਿਆ
ਬੀਤੇ ਪੰਜ ਮਹੀਨਿਆਂ ਵਿਚ ਵਾਪਰੀਆਂ ਸਿਆਸੀ ਘਟਨਾਵਾਂ ਨਾਲ ਦੁੱਖ ਪਹੁੰਚਿਆ-ਕੈਪਟਨ ਅਮਰਿੰਦਰ ਸਿੰਘ ਨੇ ਅਸਤੀਫਾ ਦੇਣ ਤੋਂ ਪਹਿਲਾਂ ਸੋਨੀਆ ਗਾਂਧੀ ਨੂੰ ਲਿਖਿਆ ਪੱਤਰ