
ਲਾਲਾਂ ਵਾਲਾ ਪੀਰ ਤਾਰਾਪੁਰ ਦੇ ਸਲਾਨਾ ਮੇਲੇ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਕੀਤੀ ਸ਼ਿਰਕਤ
ਰਜਨੀਕਾਂਤ ਗਰੋਵਰ
ਨਬਜ਼-ਏ-ਪੰਜਾਬ ਬਿਊਰੋ, ਕੁਰਾਲੀ, 3 ਜੂਨ
ਇੱਥੋਂ ਦੇ ਨੇੜਲੇ ਪਿੰਡ ਤਾਰਾਪੁਰ ਵਿਖੇ ਲਾਲਾਂ ਵਾਲਾ ਪੀਰ ਦੇ ਦਰਬਾਰ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਸਾਲਾਨਾ ਮੇਲਾ ਭਰਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬ, ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਇਲਾਕੇ ਤੋਂ ਆਏ ਸ਼ਰਧਾਲੂਆਂ ਨੇ ਪੀਰ ਨੂੰ ਸਿਜਦਾ ਕੀਤਾ। ਦਰਬਾਰ ਦੇ ਮੁੱਖ ਪ੍ਰਬੰਧਕ ਬਾਬਾ ਰਹਿਮਤੁਲਾ ਟੱਪੀ ਨੰਬਰਦਾਰ ਪੱਤੀ ਨਿਗਾਹਾ ਦੀ ਨਿਗਰਾਨੀ ਹੇਠ ਭਰੇ ਇਸ ਮੇਲੇ ਵਿੱਚ ਗਰਾਮ ਪੰਚਾਇਤ ਤਾਰਾਪੁਰ-ਮਾਜਰੀ ਦੀਆਂ ਪੰਚਾਇਤਾਂ ਅਤੇ ਸੰਗਤਾਂ ਦਾ ਵਿਸ਼ੇਸ਼ ਸਹਿਯੋਗ ਰਿਹਾ। ਚਾਦਰ ਚੜਾਉਣ ਦੀ ਰਸਮ ਮਗਰੋਂ ਦਰਬਾਰੀ ਕੱਵਾਲ ਚੰਨੀ ਐਂਡ ਪਾਰਟੀ ਵੱਲੋਂ ਸੂਫੀ ਕੱਵਾਲੀਆਂ ਅਤੇ ਹੋਰਨਾਂ ਭਜਨ ਗਾਇਕਾਂ ਵੱਲੋਂ ਧਾਰਮਿਕ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਇਸ ਮੌਕੇ ਛਾਂਗਾ ਰਾਮ ਸਰਪੰਚ ਤਾਰਾਪੁਰ, ਪ੍ਰੀਤੂ ਸਰਪੰਚ ਮਾਜਰੀ ਸਮੇਤ ਗੁਰਮੇਲ ਸਿੰਘ ਸਰਪੰਚ ਮਾਜਰਾ, ਸਲੀਮ ਖਾਨ ਰਾਜੂ ਤੇ ਇਕਬਾਲ ਖਾਨ ਤਾਰਾਪੁਰ ਵੱਲੋਂ ਬਾਹਰੋਂ ਆਏ ਪਤਵੰਤੇ ਸੱਜਣਾਂ ਸਮੇਤ ਸਿਆਸੀ ਖੇਤਰ ਵਿੱਚੋਂ ਅਕਾਲੀ ਆਗੂ ਰਣਜੀਤ ਸਿੰਘ ਗਿੱਲ ਅਤੇ ਕਾਂਗਰਸ ਪਾਰਟੀ ਵੱਲੋਂ ਜੈਲਦਾਰ ਸਤਵਿੰਦਰ ਸਿੰਘ ਚੈੜੀਆਂ ਦਾ ਮੇਲੇ ਵਿੱਚ ਪਹੁੰਚਣ ਉਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।