nabaz-e-punjab.com

ਮੁਹਾਲੀ ਵਿੱਚ ਵੱਡੀ ਗਿਣਤੀ ਵਿੱਚ ਪ੍ਰਵਾਸੀ ਮਜ਼ਦੂਰਾਂ ਵੱਲੋਂ ਤੰਬਾਕੂ ਦਾ ਸੇਵਨ ਨਾ ਕਰਨ ਦਾ ਪ੍ਰਣ

‘ਜ਼ਿੰਦਗੀ ਮੇਂ ਅਬ ਕਭੀ ਵੀ ਤੰਬਾਕੂ ਕੋ ਹਾਥ ਨਹੀਂ ਲਗਾਉਂਗਾ’: ਮਨੋਜ ਕੁਮਾਰ
ਸਿਹਤ ਵਿਭਾਗ ਦੀ ਟੀਮ ਦਾ ਭਾਸ਼ਨ ਸੁਣ ਕੇ ਪ੍ਰਵਾਸੀ ਮਜ਼ਦੂਰਾਂ ਨੇ ਤੰਬਾਕੂ ਛੱਡਣ ਦਾ ਕੀਤਾ ਤਹੱਈਆ

ਨਬਜ਼-ਏ-ਪੰਜਾਬ ਬਿਊਰੋ, ਮੁਹਾਲੀ, 18 ਜੁਲਾਈ:
‘ਮੁਝੇ ਨਹੀਂ ਥਾ ਪਤਾ ਕਿ ਜ਼ਰਦੇ ਅੌਰ ਪਾਨ ਮਸਾਲੇ ਸੇ ਮੂੰਹ ਅੌਰ ਸਰੀਰ ਕਾ ਇਤਨਾਂ ਜ਼ਿਆਦਾ ਨੁਕਸਾਨ ਹੋਤਾ ਹੈ। ਮੈਂ ਕਸਮ ਖਾਤਾ ਹੂੰ ਕਿ ਆਗੇ ਸੇ ਕਭੀ ਵੀ ਤੰਬਾਕੂ ਕੋ ਹਾਥ ਨਹੀਂ ਲਗਾਊਂਗਾ।’ ਇਹ ਅਹਿਦ ਸ਼ਹਿਰ ਦੇ ਵਾਈਪੀਐਸ ਚੌਕ ਲਾਗੇ ਖੜੇ ਪ੍ਰਵਾਸੀ ਮਜ਼ੂਦਰ ਮਨੋਜ ਕੁਮਾਰ ਨੇ ਉਦੋਂ ਲਿਆ। ਜਦੋਂ ਉਸ ਨੂੰ ਤੰਬਾਕੂ ਦੇ ਨੁਕਸਾਨਾਂ ਬਾਰੇ ਲੰਮਾ ਭਾਸ਼ਨ ਦਿੱਤਾ ਗਿਆ। ਮਨੋਜ ਵਾਂਗ ਹੀ ਰਵੀ ਅਤੇ ਸੁਮੇਸ਼ ਨੇ ਵੀ ਤਹੱਈਆ ਕੀਤਾ ਕਿ ਉਹ ਜ਼ਿੰਦਗੀ ਵਿੱਚ ਕਦੇ ਵੀ ਤੰਬਾਕੂ ਦਾ ਮੁੜ ਸੇਵਨ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਤੰਬਾਕੂ ਨਾਲ ਮੂੰਹ, ਗਲੇ ਅਤੇ ਫੇਫੜਿਆਂ ਦਾ ਕੈਂਸਰ ਤੇ ਦਿਲ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਉਹ ਤਾਂ ਅਪਣੇ ਦੋਸਤਾਂ-ਮਿੱਤਰਾਂ ਦੀ ਵੇਖਾ-ਵੇਖੀ ਸ਼ੌਕ ਵਜੋਂ ਹੀ ਜ਼ਰਦਾ ਖਾਣ ਲੱਗ ਪਏ ਜਿਹੜੀ ਉਨ੍ਹਾਂ ਦੀ ਆਦਤ ਬਣ ਗਈ।
ਬਿਹਾਰ ਦੇ ਸੀਤਾਮੜੀ ਜ਼ਿਲ੍ਹੇ ਦੇ ਚਾਲੀ ਕੁ ਸਾਲਾ ਮਨੋਜ ਨੇ ਦੱਸਿਆ ਕਿ ਉਹ ਪੰਜ ਸਾਲਾਂ ਤੋਂ ਮੁਹਾਲੀ ਵਿੱਚ ਮਜ਼ਦੂਰੀ ਕਰ ਰਿਹਾ ਹੈ ਅਤੇ ਲਗਭਗ ਤਿੰਨ ਸਾਲ ਤੋਂ ਜ਼ਰਦੇ ਅਤੇ ਪਾਨ ਮਸਾਲੇ ਦਾ ਸੇਵਨ ਕਰ ਰਿਹਾ ਹੈ ਪਰ ਹੁਣ ਉਹ ਇਸ ਮਾੜੀ ਆਦਤ ਨੂੰ ਜ਼ਿੰਦਗੀ ਭਰ ਲਈ ਛੱਡ ਦੇਵੇਗਾ। ਫੇਜ਼-11 ਦੇ ਲੇਬਰ ਚੌਕ ਵਿਖੇ ਯੂਪੀ ਦੇ ਬੁਲੰਦ ਸ਼ਹਿਰ ਦੇ 6 ਸਾਲਾ ਰਵੀ ਨੇ ਕਿਹਾ ਕਿ ਉਹ ਛੇ ਸਾਲਾਂ ਤੋਂ ਜ਼ਰਦੇ ਅਤੇ ਬੀੜੀ ਦਾ ਸੇਵਨ ਕਰ ਰਿਹਾ ਹੈ। ਮੌਕੇ ’ਤੇ ਹੀ ਮੂੰਹ ਵਿਚ ਜ਼ਰਦਾ ਕੱਢ ਕੇ ਪਰਾਂ ਸੁੱਟਦਿਆਂ ਰਵੀ ਨੇ ਕਿਹਾ ਕਿ ਇਸ ਮਾੜੀ ਆਦਤ ਕਾਰਨ ਉਸ ਦੇ ਘਰ ਵਾਲੇ ਵੀ ਉਸ ਦੀ ਝਾੜ-ਝੰਭ ਕਰਦੇ ਰਹਿੰਦੇ ਹਨ ਪਰ ਉਹ ਚਾਹ ਕੇ ਵੀ ਇਹ ਆਦਤ ਨਹੀਂ ਛੱਡ ਰਿਹਾ ਸੀ। ਉਸ ਨੇ ਕਿਹਾ ਕਿ ਅੱਜ ਦਾ ਭਾਸ਼ਨ ਸੁਣ ਕੇ ਉਸ ਨੂੰ ਮਹਿਸੂਸ ਹੋਇਆ ਕਿ ਤੰਬਾਕੂ ਛਡਣਾ ਕੋਈ ਅੌਖੀ ਗੱਲ ਨਹੀਂ ਹੈ। ਜੇ ਮਨ ਪੱਕਾ ਹੈ ਤਾਂ ਆਪੇ ਸਹੇੜੀ ਇਸ ਬੀਮਾਰੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਪ੍ਰਵਾਸੀ ਮਜ਼ਦੂਰ ਮੁਕੇਸ਼ ਸਮੇਤ ਕੁਲ ਚਾਰ ਮਜ਼ਦੂਰਾਂ ਨੇ ਸਾਰਿਆਂ ਸਾਹਮਣੇ ਸਹੁੰ ਖਾਧੀ ਕਿ ਉਹ ਜ਼ਿੰਦਗੀ ਵਿਚ ਮੁੜ ਕੇ ਇਸ ਜ਼ਹਿਰ ਨੂੰ ਨਹੀਂ ਖਾਣਗੇ।
ਸਿਵਲ ਸਰਜਨ ਡਾ. ਰੀਟਾ ਭਾਰਦਵਾਜ ਨੇ ਦਸਿਆ ਕਿ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਅੱਜ ਸ਼ਹਿਰ ਦੇ ਲੇਬਰ ਚੌਕਾਂ ’ਤੇ ਪ੍ਰਵਾਸੀ ਮਜ਼ਦੂਰਾਂ ਨੂੰ ਤੰਬਾਕੂ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿਤੀ ਗਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਲਾਹਕਾਰ (ਤੰਬਾਕੂ) ਡਾ. ਰੁਪਿੰਦਰ ਕੌਰ ਦੀ ਅਗਵਾਈ ਵਿਚ ਤੰਬਾਕੂ ਵਿਰੋਧੀ ਟੀਮ ਬਣਾਈ ਗਈ ਜਿਸ ਨੇ ਵੱਖ ਵੱਖ ਚੌਕਾਂ ’ਤੇ ਜਾ ਕੇ ਤੰਬਾਕੂ ਦੇ ਨੁਕਸਾਨਾਂ ਬਾਰੇ ਜਾਣਕਾਰੀ ਦਿੱਤੀ। ਡਾ. ਰੁਪਿੰਦਰ ਕੌਰ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦਾ ਵੱਡਾ ਤਬਕਾ ਤੰਬਾਕੂ ਪਦਾਰਥਾਂ ਦਾ ਸੇਵਨ ਕਰਦਾ ਹੈ, ਇਸ ਲਈ ਉਨ੍ਹਾਂ ਲੇਬਰ ਚੌਕਾਂ ’ਤੇ ਸਵੇਰ ਸਮੇਂ ਦਿਹਾੜੀ ਦੀ ਭਾਲ ਵਿਚ ਖੜੇ ਪ੍ਰਵਾਸੀ ਅਤੇ ਪੰਜਾਬੀ ਮਜ਼ਦੂਰਾਂ ਨੂੰ ਦੱਸਿਆ ਕਿ ਤੰਬਾਕੂ ਖਾਣ ਨਾਲ ਉਨ੍ਹਾਂ ਦਾ ਹੀ ਨਹੀਂ, ਉਨ੍ਹਾਂ ਦੇ ਪਰਵਾਰ ਅਤੇ ਸਮਾਜ ਦਾ ਵੀ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅੱਜ ਤੰਬਾਕੂ ਬਾਰੇ ਸਿਰਫ਼ ਜਾਣਕਾਰੀ ਦਿਤੀ ਗਈ ਹੈ, ਕਿਸੇ ਦਾ ਵੀ ਚਲਾਨ ਨਹੀਂ ਕਟਿਆ ਗਿਆ। ਆਉਣ ਵਾਲੇ ਦਿਨਾਂ ਵਿਚ ਚਲਾਨ ਵੀ ਕੀਤੇ ਜਾਣਗੇ।
ਇਸ ਟੀਮ ਨੇ ਫੇਜ਼-4 ਦੇ ਮਦਨਪੁਰ ਚੌਕ, ਵਾਈਪੀਐਸ ਚੌਕ, ਫੇਜ਼-11 ਦੇ ਲੇਬਰ ਚੌਕ, ਇੰਡਸਟਰੀਅਲ ਏਰੀਆ ਆਦਿ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਜਾਣਕਾਰੀ ਦਿੱਤੀ। ਡਾ. ਰੁਪਿੰਦਰ ਨੇ ਦੱਸਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਦਸਿਆ ਗਿਆ ਕਿ ਹਰ ਤਰ੍ਹਾਂ ਦਾ ਨਸ਼ਾ ਮਨੁੱਖੀ ਸਿਹਤ ’ਤੇ ਮਾੜਾ ਅਸਰ ਪਾਉਂਦਾ ਹੈ ਪਰ ਤੰਬਾਕੂ ਦੀ ਵਰਤੋਂ ਮਨੁੱਖੀ ਸਿਹਤ ਲਈ ਜ਼ਿਆਦਾ ਮਾਰੂ ਸਾਬਤ ਹੋ ਰਹੀ ਹੈ। ਤੰਬਾਕੂ ਹਰ ਸਾਲ ਭਾਰੀ ਗਿਣਤੀ ਵਿਚ ਲੋਕਾਂ ਦੀ ਜਾਨ ਲੈਂਦਾ ਹੈ। ਸਿਹਤ ਵਿਗਿਆਨ ਕਹਿੰਦਾ ਹੈ ਕਿ ਤੰਬਾਕੂ ਸਭ ਤੋਂ ਖ਼ਤਰਨਾਕ ਨਸ਼ਾ ਅਤੇ ਸਮੇਂ ਤੋਂ ਪਹਿਲਾਂ ਮੌਤ ਦੇਣ ਵਾਲਾ ਧੀਮੀ ਗਤੀ ਦਾ ਜ਼ਹਿਰ ਹੈ। ਟੀਮ ਵਿੱਚ ਸਹਾਇਕ ਨੋਡਲ ਅਫ਼ਸਰ ਭੁਪਿੰਦਰ ਸਿੰਘ ਵੀ ਸਨ।

Load More Related Articles
Load More By Nabaz-e-Punjab
Load More In General News

Check Also

Excise and Taxation Department, Punjab Initiates Comprehensive GST Registration Drive for Dealers

Excise and Taxation Department, Punjab Initiates Comprehensive GST Registration Drive for …